ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲਾ ਦਿਮਾਗੀ ਤੌਰ ’ਤੇ ਬਿਮਾਰ ਨਿਕਲਿਆ
ਕਾਬਿਲੇਗੌਰ ਹੈ ਕਿ ਮੁੰਬਈ ਟਰੈਫਿਕ ਪੁਲੀਸ ਦੀ ਵਟਸਐਪ ਹੈਲਪਲਾਈਨ ’ਤੇ ਐਤਵਾਰ ਨੂੰ ਇੱਕ ਸੁਨੇਹਾ ਆਇਆ ਸੀ। ਸੁਨੇਹਾ ਭੇਜਣ ਵਾਲੇ ਨੇ ਸਲਮਾਨ ਖਾਨ ਦੀ ਕਾਰ ਨੂੰ ਬੰਬ ਨਾਲ ਉਡਾਉਣ ਅਤੇ ਅਦਾਕਾਰ, ਜਿਸ ਨੂੰ ਵਾਈ ਪਲੱਸ ਸੁਰੱਖਿਆ ਹਾਸਲ ਹੈ, ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਮੁੰਬਈ ਦੀ ਵਰਲੀ ਪੁਲੀਸ ਨੇ ਭਾਰਤੀ ਨਿਆਂਏ ਸੰਹਿਤਾ ਦੀ ਧਾਰਾ 351(2)(3) (ਅਪਰਾਧਿਕ ਧਮਕੀ) ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਦਿਆਂ ਬਾਂਦਰਾ ਖੇਤਰ ਵਿੱਚ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ।
ਜ਼ਿਲ੍ਹੇ ਦੇ ਐੈੱਸਪੀ ਰੋਹਨ ਆਨੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਦੌਰਾਨ ਮੁੰਬਈ ਪੁਲੀਸ ਨੂੰ ਪਤਾ ਲੱਗਾ ਕਿ ਇਹ ਧਮਕੀ ਵਡੋਦਰਾ ਦੇ ਵਾਘੋਡੀਆ ਤਾਲੁਕਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਿੱਤੀ ਗਈ ਸੀ। ਆਨੰਦ ਨੇ ਕਿਹਾ, ‘‘ਮੁੰਬਈ ਪੁਲੀਸ ਦੀ ਟੀਮ, ਵਾਘੋਡੀਆ ਪੁਲੀਸ ਨੂੰ ਨਾਲ ਲੈ ਕੇ ਸੋਮਵਾਰ ਨੂੰ ਮਸ਼ਕੂਕ ਦੇ ਘਰ ਪਹੁੰਚੀ। ਇਸ ਦੌਰਾਨ ਪਤਾ ਲੱਗਾ ਕਿ 26 ਸਾਲਾ ਵਿਅਕਤੀ, ਜਿਸ ਨੇ ਸੁਨੇਹਾ ਭੇਜਿਆ ਸੀ, ਮਾਨਸਿਕ ਤੌਰ ’ਤੇ ਅਸਥਿਰ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।’’
ਚੇਤੇ ਰਹੇ ਕਿ ਪਿਛਲੇ ਸਾਲ ਅਪਰੈਲ ਵਿੱਚ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਗਲੈਕਸੀ ਅਪਾਰਟਮੈਂਟਸ ਵਿੱਚ ਖਾਨ ਦੇ ਘਰ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ ਸਨ। ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖ਼ਾਨ ਨੂੰ ਕਾਲੇ ਹਿਰਨ ਦੇ ਕਥਿਤ ਸ਼ਿਕਾਰ ਮਾਮਲੇ ਵਿਚ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਨਾ ਮੰਗਣ 'ਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ। ਇਨ੍ਹਾਂ ਧਮਕੀਆਂ ਮਗਰੋਂ ਮੁੰਬਈ ਪੁਲੀਸ ਨੇ ਅਦਾਕਾਰ ਨੂੰ Y-ਪਲੱਸ ਸੁਰੱਖਿਆ ਦਿੱਤੀ ਸੀ। -ਪੀਟੀਆਈ