ਰਾਜਸਥਾਨ ’ਚ ਦਲਿਤ ਨੌਜਵਾਨ ਦਾ ਜਿਨਸੀ ਸ਼ੋਸ਼ਣ
ਜੈਪੁਰ, 20 ਅਪਰੈਲ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ 19 ਸਾਲਾ ਦਲਿਤ ਨੌਜਵਾਨ ਨੇ ਦੋ ਵਿਅਕਤੀਆਂ ’ਤੇ ਉਸ ਦੀ ਕੁੱਟਮਾਰ, ਜਿਨਸੀ ਸ਼ੋਸ਼ਣ ਅਤੇ ਉਸ ਉੱਤੇ ਪਿਸ਼ਾਬ ਕਰਨ ਦਾ ਦੋਸ਼ ਲਾਇਆ ਹੈ। ਉਸ ਨੂੰ ਜਾਤੀ ਸੂਚਕ ਸ਼ਬਦ ਬੋਲਦਿਆਂ ਧਮਕੀ ਵੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 8 ਅਪਰੈਲ ਨੂੰ ਸੀਕਰ ਦੇ ਫਤਹਿਪੁਰ ਇਲਾਕੇ ਵਿੱਚ ਵਾਪਰੀ ਪਰ ਨੌਜਵਾਨ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਮਗਰੋਂ 16 ਅਪਰੈਲ ਨੂੰ ਇਸ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਗਈ ਹੈ।
ਡੀਐੱਸਪੀ ਅਰਵਿੰਦ ਕੁਮਾਰ ਨੇ ਕਿਹਾ, ‘ਅਸੀਂ ਇਸ ਮਾਮਲੇ ’ਚ ਐੱਫਆਈਆਰ ਦਰਜ ਕਰ ਲਈ ਹੈ। ਪੀੜਤ ਦੀ ਡਾਕਟਰੀ ਜਾਂਚ ਕਰਕੇ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’ ਸ਼ਿਕਾਇਤ ਮੁਤਾਬਕ ਨੌਜਵਾਨ ਆਪਣੇ ਪਿੰਡ ਵਿੱਚ ਕਿਸੇ ਦੀ ਬਾਰਾਤ ਦੇਖਣ ਲਈ ਬਾਹਰ ਨਿਕਲਿਆ ਸੀ। ਇਸ ਦੌਰਾਨ ਦੋ ਵਿਅਕਤੀਆਂ ਨੇ ਉਸ ਨੂੰ ਕਿਸੇ ਕੰਮ ਬਹਾਨੇ ਬੱਸ ਸਟੈਂਡ ’ਤੇ ਬੁਲਾਇਆ। ਦੋਵੇਂ ਮੁਲਜ਼ਮ ਉਸ ਨੂੰ ਕਿਸੇ ਸੁਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕਰਕੇ ਜਿਨਸੀ ਸ਼ੋਸ਼ਣ ਕੀਤਾ ਗਿਆ। ਪੀੜਤ ਨੇ ਆਪਣੇ ਬਿਆਨ ਵਿੱਚ ਕਿਹਾ, ‘ਉਹ ਸ਼ਰਾਬ ਦੇ ਨਸ਼ੇ ਵਿੱਚ ਸਨ। ਉਨ੍ਹਾਂ ਨੇ ਮੈਨੂੰ ਬੋਤਲ ਨਾਲ ਮਾਰਿਆ, ਮੇਰੇ ’ਤੇ ਪਿਸ਼ਾਬ ਕੀਤਾ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ।’ ਉਨ੍ਹਾਂ ਘਟਨਾ ਦੀ ਵੀਡੀਓ ਵੀ ਬਣਾਈ ਅਤੇ ਇਹ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਦੀ ਧਮਕੀ ਦਿੱਤੀ। ਨੌਜਵਾਨ ਅਨੁਸਾਰ ਉਨ੍ਹਾਂ ਦਾ ਇਰਾਦਾ ਉਸ ਦੇ ਪਿਤਾ ਨੂੰ ਨੁਕਸਾਨ ਪਹੁੰਚਾਉਣਾ ਸੀ, ਜੋ ਇਸ ਸਮੇਂ ਵਿਦੇਸ਼ ਵਿੱਚ ਹੈ। -ਪੀਟੀਆਈ
ਗਹਿਲੋਤ ਨੇ ਭਾਜਪਾ ਸਰਕਾਰ ਨੂੰ ਘੇਰਿਆ
ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਵਿਰੋਧੀ ਧਿਰ ਦੇ ਨੇਤਾ ਟੀਕਾਰਾਮ ਜੂਲੀ ਨੇ ਇਸ ਘਟਨਾ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਗਹਿਲੋਤ ਨੇ ‘ਐਕਸ’ ’ਤੇ ਕਿਹਾ, ‘ਇਸ ਦਲਿਤ ਨੌਜਵਾਨ ’ਤੇ ਇੰਨਾ ਜ਼ੁਲਮ ਕੀਤਾ ਗਿਆ ਕਿ ਉਹ ਡਰ ਗਿਆ ਅਤੇ 8 ਦਿਨਾਂ ਤੱਕ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕਿਆ।’ ਜੂਲੀ ਨੇ ਕਿਹਾ, ‘ਇਹ ਅੱਜ ਦੇ ਰਾਜਸਥਾਨ ਦੀ ਹਕੀਕਤ ਹੈ। ਦਲਿਤ ਨੌਜਵਾਨ ਨੂੰ ਅਗਵਾ ਕਰਕੇ ਕੁੱਟਿਆ ਗਿਆ ਅਤੇ ਜਿਨਸ਼ੀ ਸੋਸ਼ਣ ਕੀਤਾ ਗਿਆ। ਉਸ ’ਤੇ ਪਿਸ਼ਾਬ ਕਰਕੇ ਧਮਕੀਆਂ ਵੀ ਦਿੱਤੀਆਂ ਗਈਆਂ। ਇਹ ਕੋਈ ਫਿਲਮੀ ਦ੍ਰਿਸ਼ ਨਹੀਂ ਹੈ, ਇਹ ਸ਼ਰਮਨਾਕ ਹਕੀਕਤ ਹੈ।’ -ਪੀਟੀਆਈ