ਛੱਤੀਸਗੜ੍ਹ: ਸੁਰੱਖਿਆ ਬਲਾਂ ਨੇ ਪਹਾੜੀ ਤੋਂ ਮਾਓਵਾਦੀ ਭਜਾਏ
ਨਵੀਂ ਦਿੱਲੀ, 1 ਮਈ
ਸੁਰੱਖਿਆ ਬਲਾਂ ਨੇ ਛੱਤੀਸਗੜ੍ਹ-ਤਿਲੰਗਾਨਾ ਸਰਹੱਦ ’ਤੇ 5,000 ਫੁੱਟ ਉੱਚੀ ਪਹਾੜੀ ’ਤੇ ਮਾਓਵਾਦੀਆਂ ਨੂੰ ਭਜਾ ਕੇ ਮੁੜ ਆਪਣਾ ਕਬਜ਼ਾ ਕਰ ਲਿਆ ਹੈ। ਨੌਂ ਦਿਨਾਂ ਦੀ ਨਕਸਲ ਵਿਰੋਧੀ ਕਾਰਵਾਈ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਇਹ ਸਫਲਤਾ ਮਿਲੀ ਅਤੇ ਮੁਹਿੰਮ ਹਾਲੇ ਵੀ ਜਾਰੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੰਘਣੇ ਜੰਗਲ ਵਿੱਚ ਸਥਿਤ ਕਰੇਗੁੱਟਾ ਪਹਾੜੀ ਹਿਦਮਾ, ਦੇਵਾ, ਦਾਮੋਦਰ, ਆਜ਼ਾਦ ਅਤੇ ਸੁਜਾਤਾ ਵਰਗੇ ਖ਼ਤਰਨਾਕ ਨਕਸਲੀ ਆਗੂਆਂ ਦਾ ਟਿਕਾਣਾ ਸੀ, ਪਰ ਹੁਣ ਇਸ ਨੂੰ ਸੁਰੱਖਿਆ ਬਲਾਂ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ਹੇਠ ਲੈ ਕੇ ਇਸ ’ਤੇ ਤਿਰੰਗਾ ਲਹਿਰਾ ਦਿੱਤਾ ਹੈ। ਇਹ ਕਾਰਵਾਈ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸ਼ੁਰੂ ਕੀਤੀ ਗਈ ਸਭ ਤੋਂ ਵੱਡੀ ਨਕਸਲ ਵਿਰੋਧੀ ਮੁਹਿੰਮ ’ਚੋਂ ਇੱਕ ਹੈ, ਜਿਸ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), ਬਸਤਰ ਫਾਈਟਰਜ਼, ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ), ਰਾਜ ਪੁਲੀਸ ਦੀਆਂ ਸਾਰੀਆਂ ਇਕਾਈਆਂ ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਤੇ ਇਸ ਦੀ ਕੋਬਰਾ ਫੋਰਸ ਸਮੇਤ ਲਗਪਗ 24,000 ਸੁਰੱਖਿਆ ਜਵਾਨਾਂ ਨੇ ਹਿੱਸਾ ਲਿਆ। ਸੂਤਰਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਇਸ ਕਾਰਵਾਈ ’ਤੇ ਨੇੜਿਓਂ ਨਜ਼ਰ ਰੱਖ ਕੇ ਜ਼ਰੂਰੀ ਨਿਰਦੇਸ਼ ਦੇ ਰਹੇ ਹਨ। ਸੀਆਰਪੀਐਫ ਦੇ ਡਾਇਰੈਕਟਰ ਜਨਰਲ ਜੀਪੀ ਸਿੰਘ ਨੇ ਬੁੱਧਵਾਰ ਨੂੰ ਕਰੇਗੁੱਟਾ ਦਾ ਦੌਰਾ ਕੀਤਾ ਅਤੇ ਚੱਲ ਰਹੀ ਕਾਰਵਾਈ ਦਾ ਜਾਇਜ਼ਾ ਲਿਆ ਸੀ। ਹੈਲੀਕਾਪਟਰਾਂ ਅਤੇ ਡਰੋਨਾਂ ਦੀ ਸਹਾਇਤਾ ਨਾਲ ਇਹ ਕਾਰਵਾਈ 21 ਅਪਰੈਲ ਨੂੰ ਕਰੇਗੁੱਟਾ ਅਤੇ ਦੁਰਗਮਗੁੱਟਾ ਪਹਾੜੀਆਂ ਦੇ ਸੰਘਣੇ ਜੰਗਲਾਂ ’ਚ ਸ਼ੁਰੂ ਕੀਤੀ ਗਈ ਸੀ। -ਪੀਟੀਆਈ