ਮੁੱਖ ਮੰਤਰੀ ਨੇ ‘ਅਪਰੇਸ਼ਨ ਸਿੰਧੂਰ’ ਦੀ ਸਫ਼ਲਤਾ ’ਤੇ ਕੇਂਦਰ ਸਰਕਾਰ ਘੇਰੀ
ਆਤਿਸ਼ ਗੁਪਤਾ
ਚੰਡੀਗੜ੍ਹ, 4 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਵੱਲੋਂ ‘ਅਪਰੇਸ਼ਨ ਸਿੰਧੂਰ’ ਦੀ ਸਫ਼ਲਤਾ ਬਾਰੇ ਕੀਤੇ ਜਾ ਰਹੇ ਪ੍ਰਚਾਰ ’ਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਮਾਨ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਕੋਈ ਸਰਕਾਰ ਜੰਗ ਜਿੱਤਣ ਮਗਰੋਂ ਸਰਬ-ਪਾਰਟੀ ਵਫ਼ਦ ਪੂਰੀ ਦੁਨੀਆ ’ਚ ਭੇਜ ਕੇ ਜਿੱਤ ਬਾਰੇ ਗੁਣਗਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਜੰਗ ਜਿੱਤਣ ਦਾ ਪਤਾ ਸਾਰਿਆਂ ਨੂੂੰ ਖ਼ੁਦ-ਬ-ਖ਼ੁਦ ਹੀ ਲੱਗ ਜਾਂਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ’ਚ ਹਾਲਾਤ ਬਹੁਤ ਅਫਸੋਸਨਾਕ ਬਣੇ ਹੋਏ ਹਨ, ਕਿਸੇ ਵੀ ਪਾਰਟੀ ਵੱਲੋਂ ਭਾਜਪਾ ਵਿਰੁੱਧ ਕੋਈ ਪ੍ਰਚਾਰ ਕਰਨ ਜਾਂ ਵਿਚਾਰ ਪੇਸ਼ ਕਰਨ ਨਾਲ ਉਸ ਨੂੰ ਰਾਸ਼ਟਰ ਵਿਰੋਧੀ ਐਲਾਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ’ਤੇ ਪਾਕਿਸਤਾਨ ਦੀ ਬੋਲੀ ਬੋਲਣ ਸਬੰਧੀ ਲਾਏ ਦੋਸ਼ਾਂ ਦੇ ਜਵਾਬ ’ਚ ਕਿਹਾ ਕਿ ਬਿੱਟੂ ਦਿੱਲੀ ਵਿੱਚ ਬੈਠੇ ਆਪਣੇ ਆਕਾਵਾਂ ਨੂੰ ਪੁੱਛਣ ਕਿ ਉਨ੍ਹਾਂ ਦੀ ਪਾਰਟੀ ਹਰ ਘਰ ‘ਸਿੰਧੂਰ’ ਭੇਜਣ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਕਿਉਂ ਹਟੀ ਹੈ। ਮੁੱਖ ਮੰਤਰੀ ਨੇ ਕਿਹਾ, ‘‘ਭਾਜਪਾ ਆਗੂ ਜੈਸ਼ੰਕਰ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਦੋ ਦਿਨ ਪਹਿਲਾਂ ਹੀ ਪਾਕਿਸਤਾਨ ਨੂੰ ਦੱਸ ਦਿੱਤਾ ਸੀ ਕਿ ਉਹ ਅਤਿਵਾਦੀ ਟਿਕਾਣਿਆਂ ’ਤੇ ਹਮਲਾ ਕਰਨ ਵਾਲੇ ਹਨ। ਇਸ ਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਹਮਲੇ ਬਾਰੇ ਪਹਿਲਾਂ ਹੀ ਸੂਚਨਾ ਸੀ, ਹੋ ਸਕਦਾ ਹੈ ਕਿ ਉਨ੍ਹਾਂ ਨੇ ਅਤਿਵਾਦੀ ਪਹਿਲਾਂ ਹੀ ਬਾਹਰ ਕੱਢ ਲਏ ਹੋਣ ਅਤੇ ਭਾਰਤ ਨੇ ਖਾਲੀ ਇਮਾਰਤਾਂ ’ਤੇ ਹੀ ਹਮਲੇ ਕੀਤੇ ਹੋਣ।’’ ਉਨ੍ਹਾਂ ਕਿਹਾ ਕਿ ਸਿੰਗਾਪੁਰ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਮੰਨ ਰਹੇ ਹਨ ਕਿ ਭਾਰਤ ਦੇ ਜਹਾਜ਼ ਵੀ ਡਿੱਗੇ ਹਨ।
-ਡੱਬੀ—-‘‘ਦੇਸ਼ ਵਿਰੁੱਧ ਅਪਰਾਧ ’ਚ ਸ਼ਾਮਲ ਕੋਈ ਵਿਅਕਤੀ ਬਖ਼ਸ਼ਿਆ ਨਹੀਂ ਜਾਵੇਗਾ’’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਕ ਯੂਟਿਊਬਰ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਕਿ ਦੇਸ਼ ਵਿੱਚ ਸੋਸ਼ਲ ਮੀਡੀਆ ਚੈਨਲਾਂ ਨੂੰ ਕੇਂਦਰ ਸਰਕਾਰ ਰੈਗੂਲੇਟ ਕਰਦੀ ਹੈ। ਹਾਲਾਂਕਿ ਸੂਬੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਧਿਆਨ ਵਿੱਚ ਕੋਈ ਵੀ ਦੇਸ਼ਿਵਰੋਧੀ ਸਰਗਰਮੀ ਆਉਂਦੀ ਹੈ ਤਾਂ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਂਦੀ ਹੈ। ਮਾਨ ਨੇ ਕਿਹਾ ਕਿ ਦੇਸ਼ ਵਿਰੁੱਧ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।