ਆਰਬੀਆਈ ਵੱਲੋਂ ਵਿਆਜ ਦਰਾਂ ਵਧਾਉਣ ਬਾਰੇ ਫ਼ੈਸਲਾ ਭਲਕੇ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਤਿੰਨ ਦਿਨਾਂ ਮੀਟਿੰਗ ਅੱਜ ਤੋਂ ਇਥੇ ਸ਼ੁਰੂ ਹੋ ਗਈ ਹੈ। ਆਰਬੀਆਈ ਦੇ ਗਵਰਨਰ ਸੰਜੈ ਮਲਹੋਤਰਾ ਦੀ ਅਗਵਾਈ ਹੇਠ ਹੋ ਰਹੀ ਮੀਟਿੰਗ ’ਚ ਆਲਮੀ ਬੇਯਕੀਨੀ ਦੇ ਮਾਹੌਲ ਦਰਮਿਆਨ ਆਰਥਿਕ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਨੀਤੀਗਤ ਵਿਆਜ ਦਰ ’ਚ ਇਕ ਹੋਰ ਕਟੌਤੀ ਕਰਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਐੱਮਪੀਸੀ ਦੀ ਮੀਟਿੰਗ ’ਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਜਾਵੇਗੀ। ਮਾਹਿਰਾਂ ਮੁਤਾਬਕ ਕਮੇਟੀ ਵੱਲੋਂ ਰੈਪੋ ਦਰ ’ਚ 0.25 ਫ਼ੀਸਦ ਦੀ ਕਟੌਤੀ ਕੀਤੀ ਜਾ ਸਕਦੀ ਹੈ। ਉਂਝ ਐੱਸਬੀਆਈ ਰਿਸਰਚ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਕੇਂਦਰੀ ਬੈਂਕ ਵੱਲੋਂ ਰੈਪੋ ਦਰ ’ਚ 0.50 ਫ਼ੀਸਦ ਦੀ ਕਟੌਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਰਬੀਆਈ ਨੇ ਫਰਵਰੀ ਅਤੇ ਅਪਰੈਲ ’ਚ ਹੋਈਆਂ ਪਿਛਲੀਆਂ ਦੋ ਮੀਟਿੰਗਾਂ ’ਚ ਰੈਪੋ ਦਰ ’ਚ ਕੁੱਲ 0.50 ਫ਼ੀਸਦ ਦੀ ਕਟੌਤੀ ਕੀਤੀ ਹੈ। ਇਸ ਸਮੇਂ ਰੈਪੋ ਦਰ 6 ਫ਼ੀਸਦ ਹੈ। ਐੱਮਪੀਸੀ ’ਚ ਆਰਬੀਆਈ ਦੇ ਤਿੰਨ ਮੈਂਬਰ ਅਤੇ ਸਰਕਾਰ ਵੱਲੋਂ ਨਿਯੁਕਤ ਤਿੰਨ ਬਾਹਰੀ ਮੈਂਬਰ ਸ਼ਾਮਲ ਹਨ। ਆਰਬੀਆਈ ਦੇ ਮੈਂਬਰਾਂ ’ਚ ਗਵਰਨਰ ਸੰਜੇ ਮਲਹੋਤਰਾ, ਡਿਪਟੀ ਗਵਰਨਰ ਐੱਮ ਰਾਜੇਸ਼ਵਰ ਰਾਓ ਅਤੇ ਕਾਰਜਕਾਰੀ ਡਾਇਰੈਕਟਰ ਰਾਜੀਵ ਰੰਜਨ ਹਨ ਜਦਕਿ ਬਾਹਰੀ ਮੈਂਬਰਾਂ ’ਚ ਨਾਗੇਸ਼ ਕੁਮਾਰ, ਸੌਗਾਤਾ ਭੱਟਾਚਾਰਿਆ ਅਤੇ ਪ੍ਰੋਫ਼ੈਸਰ ਰਾਮ ਸਿੰਘ ਸ਼ਾਮਲ ਹਨ। -ਪੀਟੀਆਈ