ਕੈਨੇਡਾ: ਪੰਜਾਬੀ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ’ਚ ਦੋ ਮੁਲਜ਼ਮ ਕਾਬੂ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਪੀਲ ਪੁਲੀਸ ਨੇ ਬਰੈਂਪਟਨ ਵਿੱਚ 14 ਮਈ ਨੂੰ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਹੱਤਿਆ ਕਰਨ ਵਾਲੇ ਕਥਿਤ ਮੁਲਜ਼ਮਾਂ ’ਚੋਂ ਦੋ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਤੋਂ ਉੱਥੋਂ ਦੀ ਪੁਲੀਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਦੀ ਪਛਾਣ ਅਮਨ ਅਤੇ ਦਿਗਵਿਜੈ (ਦੋਵੇਂ 21 ਸਾਲ) ਵਜੋਂ ਹੋਈ ਹੈ। ਸਥਾਨਕ ਅਦਾਲਤ ਤੋਂ ਪ੍ਰਵਾਨਗੀ ਲੈਣ ਮਗਰੋਂ ਬਰੈਂਪਟਨ ਵਿਚ ਜੱਜ ਅੱਗੇ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੀਲ ਪੁਲੀਸ ਦੇ ਡਿਪਟੀ ਚੀਫ ਨਿਸ਼ਾਨ ਦੁਰਾਹਲਪਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਢੱਡਾ ਨੂੰ ਮਾਰਨ ਤੋਂ ਪਹਿਲਾਂ ਉਸ ਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ, ਫਿਰ ਇੱਕ ਵਾਹਨ ਚੋਰੀ ਕੀਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਵਾਹਨ ਥੋੜ੍ਹੀ ਦੂਰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਸ਼ੱਕ ਮੁਲਜ਼ਮ ਭੱਜ ਕੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਏ, ਪਰ ਪੀਲ ਪੁਲੀਸ ਨੇ ਪਿੱਛਾ ਕਰਦਿਆਂ ਆਖਰਕਾਰ ਡੈਲਟਾ, ਸਰੀ ਤੇ ਐਬਟਸਫੋਰਡ ਦੀਆਂ ਪੁਲੀਸ ਟੀਮਾਂ ਦੇ ਸਹਿਯੋਗ ਨਾਲ ਦੋਵਾਂ ਨੂੰ ਡੈਲਟਾ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।