ਕੋਵਿਡ: ਸਿਹਤ ਮੰਤਰਾਲੇ ਵੱਲੋਂ ਸੂਬਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਨਵੀਂ ਦਿੱਲੀ, 4 ਜੂਨ
ਸਿਹਤ ਮੰਤਰਾਲੇ ਨੇ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਰੇ ਸੂਬਿਆਂ ਨੂੰ ਆਕਸੀਜਨ, ਆਇਸੋਲੇਸ਼ਨ ਵਾਰਡਾਂ ਵਿੱਚ ਬਿਸਤਰਿਆਂ, ਵੈਂਟੀਲੇਟਰ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਡਾਇਰੈਕਟਰ ਜਨਰਲ, ਸਿਹਤ ਸੇਵਾਵਾਂ (ਡੀਜੀਐੱਚਐੱਸ) ਡਾ. ਸੁਨੀਤਾ ਸ਼ਰਮਾ ਦੀ ਪ੍ਰਧਾਨਗੀ ਹੇਠ 2 ਤੇ 3 ਜੂਨ ਨੂੰ ਤਕਨੀਕੀ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਆਫ਼ਤ ਪ੍ਰਬੰਧਨ ਸੈੱਲ, ਐਮਰਜੈਂਸੀ ਪ੍ਰਬੰਧਨ ਰਿਸਪੌਂਸ (ਈਐੱਮਆਰ) ਸੈੱਲ, ਕੌਮੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ), ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ), ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਅਤੇ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਪ੍ਰਤੀਨਿਧਾਂ ਅਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਹ ਮੀਟਿੰਗ ਕੋਵਿਡ ਦੀ ਮੌਜੂਦਾ ਸਥਿਤੀ ਅਤੇ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਕੀਤੀ ਗਈ ਸੀ। ਸੂਤਰਾਂ ਮੁਤਾਬਕ, ਆਈਡੀਐੱਸਪੀ ਅਧੀਨ ਸੂਬੇ ਤੇ ਜ਼ਿਲ੍ਹਾ ਨਿਗਰਾਨੀ ਇਕਾਈਆਂ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ (ਆਈਐੱਲਆਈ) ਅਤੇ ਸਾਹ ਦੀਆਂ ਗੰਭੀਰ ਬਿਮਾਰੀਆਂ (ਐੱਸਏਆਰਆਈ) ’ਤੇ ਡੂੰਘਾਈ ਨਾਲ ਨਜ਼ਰ ਰੱਖ ਰਹੀਆਂ ਹਨ। ਇਕ ਅਧਿਕਾਰਤ ਸੂਤਰ ਨੇ ਕਿਹਾ, ‘‘ਦਿਸ਼ਾ-ਨਿਰਦੇਸ਼ਾਂ ਮੁਤਾਬਕ, ਐੱਸਏਆਰਆਈ ਮਾਮਲਿਆਂ ਲਈ ਪਰੀਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਪਾਜ਼ੇਟਿਵ ਐੱਸਏਆਰਆਈ ਨਮੂਨਿਆਂ ਨੂੰ ਸੰਪੂਰਨ ਜੀਨੋਮ ਕ੍ਰਮ ਲਈ ਭੇਜਿਆ ਜਾਂਦਾ ਹੈ। ਅੱਜ 4 ਜੂਨ ਤੱਕ ਦੇਸ਼ ਵਿੱਚ ਕੋਵਿਡ ਦੇ 4302 ਮਾਮਲੇ ਸਾਹਮਣੇ ਆਏ, ਜਦਕਿ ਪਿਛਲੇ 24 ਘੰਟਿਆਂ ਵਿੱਚ 864 ਕੇਸ ਦਰਜ ਕੀਤੇ ਗਏ ਹਨ। -ਪੀਟੀਆਈ