ਨੀਟ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੇ 106 ਟੈਲੀਗ੍ਰਾਮ ਅਤੇ 16 ਇੰਸਟਾਗ੍ਰਾਮ ਚੈਨਲਾਂ ਦੀ ਪਛਾਣ
ਨਵੀਂ ਦਿੱਲੀ, 1 ਮਈ
ਮੈਡੀਕਲ ’ਚ ਦਾਖ਼ਲੇ ਲਈ ਨੀਟ-ਯੂਜੀ ਪ੍ਰੀਖਿਆ ਬਾਰੇ ਫਰਜ਼ੀ ਦਾਅਵਿਆਂ ’ਤੇ ਕਾਰਵਾਈ ਕਰਦਿਆਂ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਗਲਤ ਸੂਚਨਾ ਫੈਲਾਉਣ ’ਚ ਸ਼ਾਮਲ 106 ਟੈਲੀਗ੍ਰਾਮ ਅਤੇ 16 ਇੰਸਟਾਗ੍ਰਾਮ ਚੈਨਲਾਂ ਦੀ ਪਛਾਣ ਕੀਤੀ ਹੈ। ਐੱਨਟੀਏ ਵੱਲੋਂ ਸ਼ੁਰੂ ਕੀਤੇ ਗਏ ਪੋਰਟਲ ’ਤੇ ਕਥਿਤ ਪੇਪਰ ਲੀਕ ਦੇ 1,500 ਤੋਂ ਵੱਧ ਦਾਅਵੇ ਸਾਹਮਣੇ ਆਏ ਹਨ। ਨੀਟ (ਯੂਜੀ) 2025 ਪ੍ਰਕਿਰਿਆ ’ਚ ਕਿਸੇ ਵੀ ਗੜਬੜੀ ਨੂੰ ਰੋਕਣ ਲਈ ਫ਼ੈਸਲਾਕੁਨ ਕਦਮ ਤਹਿਤ ਏਜੰਸੀ ਨੇ ਧੋਖਾਧੜੀ ਨਾਲ ਜੁੜੇ ਕੁਝ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਚੈਨਲਾਂ ’ਤੇ ਕਾਰਵਾਈ ਸ਼ੁਰੂ ਕੀਤੀ ਹੈ ਜੋ ਪ੍ਰਸ਼ਨ ਪੱਤਰ ਤੱਕ ਪਹੁੰਚ ਹੋਣ ਦਾ ਦਾਅਵਾ ਕਰਦੇ ਹਨ। ਸੂਤਰ ਨੇ ਕਿਹਾ ਕਿ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਚੈਨਲਾਂ ਦੀ ਪਛਾਣ ਮਗਰੋਂ ਅੱਗੇ ਦੀ ਕਾਨੂੰਨੀ ਤੇ ਜਾਂਚ ਸਬੰਧੀ ਕਾਰਵਾਈ ਲਈ ਗ੍ਰਹਿ ਮੰਤਰਾਲੇ ਤਹਿਤ ਆਉਂਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੂੰ ਆਖ ਦਿੱਤਾ ਗਿਆ ਹੈ। ਐੱਨਟੀਏ ਨੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਅਪੀਲ ਕੀਤੀ ਹੈ ਕਿ ਉਹ ਉਮੀਦਵਾਰਾਂ ’ਚ ਝੂਠ ਅਤੇ ਬੇਲੋੜੀ ਦਹਿਸ਼ਤ ਫੈਲਣ ਤੋਂ ਰੋਕਣ ਲਈ ਇਨ੍ਹਾਂ ਚੈਨਲਾਂ ਨੂੰ ਤੁਰੰਤ ਬੰਦ ਕਰ ਦੇਣ। ਮੈਡੀਕਲ ਦਾਖ਼ਲਾ ਪ੍ਰੀਖਿਆ 4 ਮਈ ਨੂੰ ਹੋਣੀ ਹੈ। ਸਿੱਖਿਆ ਮੰਤਰਾਲੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਤੇ ਪੁਲੀਸ ਸੁਪਰਡੈਂਟਾਂ ਨਾਲ ਮੀਟਿੰਗਾਂ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨੀਟ-ਯੂਜੀ ਪ੍ਰੀਖਿਆ ’ਚ ਕੋਈ ਕੋਤਾਹੀ ਨਾ ਹੋਵੇ। -ਪੀਟੀਆਈ