ਆਸਟਰੇਲੀਆ ’ਚ ਪੁਲੀਸ ਕਾਰਵਾਈ ਮਗਰੋਂ ਭਾਰਤੀ ਮੂਲ ਦਾ ਵਿਅਕਤੀ ਵੈਂਟੀਲੇਟਰ ’ਤੇ
ਮੈਲਬਰਨ: ਆਸਟਰੇਲੀਆ ਵਿੱਚ ਇੱਕ ਵਿਅਕਤੀ ਦੇ ਘਰੇਲੂ ਹਿੰਸਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਅੰਦਾਜ਼ੇ ਕਾਰਨ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੌਰਾਨ ਉਸ ਦੇ ਦਿਮਾਗ ’ਚ ਸੱਟ ਲੱਗ ਗਈ ਜੋ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਘਟਨਾ ਪਿਛਲੇ ਹਫ਼ਤੇ ਐਡੀਲੇਡ ਦੇ ਰਾਇਸਟਨ ਪਾਰਕ ਇਲਾਕੇ ’ਚ ਸਥਿਤ ਪੇਨੇਹਾਮ ਰੋਡ ’ਤੇ ਵਾਪਰੀ। ‘ਆਸਟਰੇਲੀਆਟੂਡੇ.ਕਾਮ ਨਿਊਜ਼ ਪੋਰਟਲ’ ਦੀ ਖ਼ਬਰ ਮੁਤਾਬਕ ਦੋ ਬੱਚਿਆਂ ਦੇ ਪਿਤਾ ਗੌਰਵ ਕੁੰਡੀ ਗ੍ਰਿਫ਼ਤਾਰੀ ਮਗਰੋਂ ਦਿਮਾਗ ’ਚ ਸੱਟ ਲੱਗਣ ਕਾਰਨ ਵੈਂਟੀਲੇਟਰ ’ਤੇ ਹੈ। ਪੋਰਟਲ ਕੋਲ ਘਟਨਾ ਸਬੰਧੀ ਉਪਲਬਧ ਵੀਡੀਓ ਫੁਟੇਜ ’ਚ ਕੁੰਡੀ ਨਾਲ ਧੱਕਾਮੁਕੀ ਹੁੰਦੀ ਨਜ਼ਰ ਆਉਂਦੀ ਹੈ ਜਦਕਿ ਉਹ ਤੇ ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਉਸ ਦੀ ਗ਼ਲਤੀ ਨਾ ਹੋਣ ਬਾਰੇ ਚੀਕਦੇ ਦਿਖਾਈ ਦਿੰਦੇ ਹਨ। ਕੁੰਡੀ ਚੀਕ ਕੇ ਆਖਦਾ ਹੈ,‘ਮੈਂ ਕੁਝ ਵੀ ਗਲਤ ਨਹੀਂ ਕੀਤਾ’ ਜਦਕਿ ਉਸਦੀ ਪਤਨੀ ਵੀਡੀਓ ਬਣਾਉਂਦਿਆਂ ਆਖਦੀ ਦਿਖਾਈ ਦਿੰਦੀ ਹੈ ਕਿ ਪੁਲੀਸ ਠੀਕ ਨਹੀਂ ਕਰ ਰਹੀ।
ਇਸ ਦੌਰਾਨ ਜ਼ਮੀਨ ’ਤੇ ਡਿੱਗਣ ਮਗਰੋਂ ਗੌਰਵ ਕੁੰਡੀ ਬੇਹੋਸ਼ ਹੋ ਜਾਂਦਾ ਹੈ ਜੋ ਇਸ ਸਮੇਂ ਰੌਇਲ ਐਡੀਲੇਡ ਹਸਪਤਾਲ ’ਚ ਵੈਂਟੀਲੇਟਰ ’ਤੇ ਹੈ। ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਇੱਕ ਅਧਿਕਾਰੀ ਨੇ ਕਥਿਤ ਤੌਰ ’ਤੇ ਉਸਦੇ ਪਤੀ ਦੀ ਧੌਣ ’ਤੇ ਗੋਡਾ ਰੱਖ ਦਿੱਤਾ ਜਿਸ ਕਾਰਨ ਉਹ ਡਰ ਗਈ ਤੇ ਵੀਡੀਓ ਬਣਾਉਣੀ ਬੰਦ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਦੌਰਾਨ ਪੁਲੀਸ ਨੇ ਉਸਦਾ ਸਿਰ ਪੁਲੀਸ ਦੀ ਗੱਡੀ ਤੇ ਸੜਕ ’ਤੇ ਜ਼ੋਰ ਕੇ ਮਾਰਿਆ। ਕੁੰਡੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਹੈ ਕਿ ਉਸਦੇ ਦਿਮਾਗ ਤੇ ਗਰਦਨ ਦੀਆਂ ਨਸਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਹਾਲਾਂਕਿ, ਅੰਮ੍ਰਿਤਪਾਲ ਕੌਰ ਨੇ ਕਿਹਾ ਹੈ ਕਿ ਉਸਦੇ ਪਤੀ ਨੇ ਸਿਰਫ਼ ਸ਼ਰਾਬ ਪੀਤੀ ਸੀ ਤੇ ਉੱਚੀ ਆਵਾਜ਼ ’ਚ ਗੱਲ ਕਰ ਰਿਹਾ ਸੀ ਜਦਕਿ ਉਹ ਹਿੰਸਕ ਨਹੀਂ ਸੀ। -ਪੀਟੀਆਈ
ਪੁਲੀਸ ਨੇ ਗਲਤੀ ਨਾਲ ਘਰੇਲੂ ਹਿੰਸਾ ਦਾ ਮਾਮਲਾ ਸਮਝਿਆ
ਪੁਲੀਸ ਦਾ ਕਹਿਣਾ ਹੈ ਕਿ ਗੌਰਵ ਕੁੰਡੀ ਨੇ ਆਪਣੇ ਘਰੋਂ ਨਸ਼ੇ ਦੀ ਹਾਲਤ ’ਚ ਨਿਕਲਦਿਆਂ ਆਪਣੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਇਹ ਜੋੜਾ ਕਥਿਤ ਤੌਰ ’ਤੇ ਬਹਿਸ ਕਰ ਰਿਹਾ ਸੀ ਅਤੇ ਨੇੜਿਓਂ ਲੰਘ ਰਹੀ ਪੈਟਰੋਲਿੰਗ ਪਾਰਟੀ ਨੇ ਇਸ ਨੂੰ ਗਲਤੀ ਨਾਲ ਘਰੇਲੂ ਹਿੰਸਾ ਦਾ ਕੇਸ ਸਮਝ ਲਿਆ। ਇਸ ਦੌਰਾਨ, ਸਾਊਥ ਆਸਟਰੇਲੀਅਨ ਪੁਲੀਸ ਕਮਿਸ਼ਨਰ ਗਰਾਂਟ ਸਟੀਵਨਜ਼ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਧਿਕਾਰੀਆਂ ਨੇ ਆਪਣੀ ਟਰੇਨਿੰਗ ਮੁਤਾਬਕ ਕਾਰਵਾਈ ਕੀਤੀ ਹੈ।