ਕੇਂਦਰੀ ਹਸਪਤਾਲਾਂ ’ਚ ਐੱਮਆਰ ਦੇ ਦਾਖਲ ਹੋਣ ’ਤੇ ਪਾਬੰਦੀ
ਨਵੀਂ ਦਿੱਲੀ (ਟਨਸ): ਕੇਂਦਰੀ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਮਿਲਣ ਲਈ ਆਉਣ ਵਾਲੇ ਡਾਕਟਰੀ ਪ੍ਰਤੀਨਿਧੀਆਂ (ਐੱਮਆਰ) ’ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿਉਂਕਿ ਐੱਮਆਰ ਦੇ ਡਾਕਟਰਾਂ ਕੋਲ ਆਉਣ ਨਾਲ ਮਰੀਜ਼ਾਂ ਦੀ ਜਾਂਚ ਵਿਚ ਵਿਘਨ ਪੈਂਦਾ ਸੀ। ਇਹ ਨਿਰਦੇਸ਼ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਚਐੱਸ) ਵੱਲੋਂ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਵਿਚ ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਹਾਤੇ ਵਿੱਚ ਐੱਮਆਰ ਦੇ ਦਾਖਲੇ ਨੂੰ ਸਖ਼ਤੀ ਨਾਲ ਰੋਕਣ। ਇਸ ਸਬੰਧੀ ਡਾਕਟਰ ਐੱਮਆਰ ਨੂੰ ਈਮੇਲ ਜਾਂ ਹੋਰ ਡਿਜੀਟਲ ਮੀਡੀਆ ਰਾਹੀਂ ਇਲਾਜ ਜਾਂ ਜਾਂਚ ਸਬੰਧੀ ਹਾਲੀਆ ਤਰੱਕੀਆਂ ਸਾਂਝੀਆਂ ਕਰਨ ਲਈ ਕਹਿ ਸਕਦੇ ਹਨ।
ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਸੁਨੀਤਾ ਸ਼ਰਮਾ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ, ‘ਹਸਪਤਾਲ ਦੇ ਅਹਾਤੇ ਵਿੱਚ ਡਾਕਟਰੀ ਪ੍ਰਤੀਨਿਧੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਸ ਸਬੰਧੀ ਸੰਸਥਾਵਾਂ ਦੇ ਮੁਖੀ ਅਧਿਕਾਰੀਆਂ ਨੂੰ ਸਖ਼ਤੀ ਨਾਲ ਨਿਯਮਾਂ ਦਾ ਪਾਲਣ ਕਰਨ ਲਈ ਕਹਿਣਗੇ ਕਿਉਂਕਿ ਐੱਮਆਰ ਦੇ ਆਉਣ ਨਾਲ ਮਰੀਜ਼ ਪ੍ਰਭਾਵਿਤ ਹੁੰਦੇ ਹਨ ਤੇ ਉਨ੍ਹਾਂ ਦੀ ਡਾਕਟਰੀ ਜਾਂਚ ਵਿਚ ਵਿਘਨ ਪੈਂਦਾ ਹੈ।’ ਡੀਜੀਐਚਐਸ ਨੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਇਸ ਸਬੰਧੀ ਕੀਤੀਆਂ ਕਾਰਵਾਈਆਂ ਬਾਰੇ ਰਿਪੋਰਟ ਪੇਸ਼ ਕਰਨ।