ਵੋਟਰ ਸੂਚੀ ’ਚ ਸੁਧਾਰ ਲਈ ਮੌਤਾਂ ਦੇ ਵੇਰਵੇ ਲਵੇਗਾ ਚੋਣ ਕਮਿਸ਼ਨ
ਨਵੀਂ ਦਿੱਲੀ, 1 ਮਈ
ਮਤਦਾਤਾ ਸੂਚੀਆਂ ਵਿੱਚ ਵੱਧ ਸ਼ੁੱਧਤਾ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਹੁਣ ਰਜਿਸਟਰਾਰ ਜਨਰਲ ਆਫ਼ ਇੰਡੀਆ ਕੋਲ ਦਰਜ ਮੌਤਾਂ ਦੇ ਅੰਕੜੇ ਹਾਸਲ ਕਰੇਗਾ ਤਾਂ ਜੋ ਸੂਚੀਆਂ ਨੂੰ ਤੇਜ਼ੀ ਤੇ ਸਹੀ ਢੰਗ ਨਾਲ ਅਪਡੇਟ ਕੀਤਾ ਜਾ ਸਕੇ। ਇਸ ਨਾਲ ਜਿੱਥੇ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਨੂੰ ਰਜਿਸਟਰਡ ਮੌਤਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਜਾਵੇਗੀ, ਉੱਥੇ ਬੂਥ ਲੈਵਲ ਅਫ਼ਸਰਾਂ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਰਸਮੀ ਤੌਰ ’ਤੇ ਬੇਨਤੀ ਕੀਤੇ ਬਿਨਾਂ, ਫੀਲਡ ਦਾ ਦੌਰਾ ਕਰ ਕੇ ਸੂਚਨਾ ਦੀ ਵੈਰੀਫਿਕੇਸ਼ਨ ਕਰਨ ਦੀ ਆਗਿਆ ਮਿਲ ਜਾਵੇਗੀ। ਚੋਣ ਕਮਿਸ਼ਨ ਕੋਲ ਮਤਦਾਤਾ ਰਜਿਸਟਰੇਸ਼ਨ ਨਿਯਮ, 1960 ਤੇ ਜਨਮ ਤੇ ਮੌਤਾਂ ਦੀ ਰਜਿਸਟਰੇਸ਼ਨ ਬਾਰੇ ਐਕਟ, 1969 ਤਹਿਤ ਜਾਣਕਾਰੀ ਮੰਗਣ ਦਾ ਅਧਿਕਾਰ ਹੈ। ਚੋਣ ਕਮਿਸ਼ਨ ਨੇ ਵੋਟਰ ਪਰਚੀ ਨੂੰ ਵੋਟਿੰਗ ਅਨੁਕੂਲ ਬਣਾਉਣ ਲਈ ਇਸ ਦੇ ਡਿਜ਼ਾਈਨ ਵਿੱਚ ਵੀ ਸੋਧ ਲਿਆਉਣ ਦਾ ਫ਼ੈਸਲਾ ਕੀਤਾ ਹੈ। ਵੋਟਰ ਦਾ ਸੀਰੀਅਲ ਨੰਬਰ ਤੇ ਹੋਰ ਜਾਣਕਾਰੀ ਵੱਧ ਪ੍ਰਮੁੱਖਤਾ ਨਾਲ ਦਿਖਾਈ ਜਾਵੇਗੀ ਤੇ ਅੱਖਰਾਂ ਦਾ ਆਕਾਰ ਵੱਡਾ ਕੀਤਾ ਜਾਵੇਗਾ। -ਪੀਟੀਆਈ
ਸਾਰੇ ਬੀਐੱਲਓਜ਼ ਨੂੰ ਫੋਟੋ ਪਛਾਣ ਪੱਤਰ ਹੋਣਗੇ ਜਾਰੀ
ਕਮਿਸ਼ਨ ਨੇ ਇਹ ਹੁਕਮ ਵੀ ਦਿੱਤਾ ਹੈ ਕਿ ਈਆਰਓਜ਼ ਵੱਲੋਂ ਨਿਯੁਕਤ ਕੀਤੇ ਜਾਣ ਵਾਲੇ ਸਾਰੇ ਬੀਐੱਲਓਜ਼ ਨੂੰ ਫੋਟੋ ਪਛਾਣ ਪੱਤਰ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਕਿ ਨਾਗਰਿਕ ਵੋਟਰ ਵੈਰੀਫਿਕੇਸ਼ਨ ਤੇ ਰਜਿਸਟਰੇਸ਼ਨ ਮੁਹਿੰਮਾਂ ਦੌਰਾਨ ਉਨ੍ਹਾਂ ਦੀ ਪਛਾਣ ਕਰ ਸਕਣ ਤੇ ਪੂਰੇ ਯਕੀਨ ਨਾਲ ਉਨ੍ਹਾਂ ਨਾਲ ਗੱਲਬਾਤ ਕਰ ਸਕਣ।