ਰਾਹੁਲ ਅਮਰੀਕਾ ਦੇ ਬੋਸਟਨ ਪੁੱਜੇ; ਬਰਾਊਨ ’ਵਰਸਿਟੀ ਦਾ ਕਰਨਗੇ ਦੌਰਾ
ਬੋਸਟਨ, 20 ਅਪਰੈਲ
ਸੀਨੀਅਰ ਕਾਂਗਰਸ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬੀਤੇ ਦਿਨ ਅਮਰੀਕਾ ਦੇ ਬੋਸਟਨ ਪਹੁੰਚੇ ਹਨ। ਆਪਣੀ ਯਾਤਰਾ ਦੌਰਾਨ ਰਾਹੁਲ ਗਾਂਧੀ ਰੋਡ ਆਈਲੈਂਡ ਸਥਿਤ ਬਰਾਊਨ ਯੂਨੀਵਰਸਿਟੀ ਦਾ ਦੌਰਾ ਕਰਨਗੇ ਅਤੇ ਇੱਥੇ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਰਾਹੁਲ ਗਾਂਧੀ ਪਰਵਾਸੀ ਭਾਰਤੀ ਭਾਈਚਾਰੇ, ਪਾਰਟੀ ਦੇ ਅਹੁਦੇਦਾਰਾਂ ਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਕਾਂਗਰਸ ਆਗੂ ਪਵਨ ਖੇੜਾ ਨੇ ਐੱਕਸ ’ਤੇ ਰਾਹੁਲ ਗਾਂਧੀ ਦੀ ਅਮਰੀਕਾ ਯਾਤਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 21 ਤੇ 22 ਅਪਰੈਲ ਨੂੰ ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਜਾਣਗੇ। ਉਹ ਇੱਥੇ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਦੇ ਰੂਬਰੂ ਹੋਣਗੇ।’ ਇਸ ਤੋਂ ਪਹਿਲਾਂ ਸਤੰਬਰ 2024 ਵਿੱਚ ਰਾਹੁਲ ਗਾਂਧੀ ਅਮਰੀਕਾ ਦੇ ਤਿੰਨ ਰੋਜ਼ਾ ਦੌਰੇ ’ਤੇ ਗਏ ਸਨ। ਵਿਰੋਧੀ ਧਿਰ ਦਾ ਨੇਤਾ ਬਣਨ ਮਗਰੋਂ ਰਾਹੁਲ ਗਾਂਧੀ ਦੀ ਇਹ ਪਹਿਲੀ ਯਾਤਰਾ ਹੈ। -ਏਐੱਨਆਈ
ਰਾਹੁਲ ਗਾਂਧੀ ਨੌਜਵਾਨਾਂ, ਲੋਕਤੰਤਰ ਤੇ ਭਵਿੱਖ ਦੀ ਆਵਾਜ਼: ਪਿਤਰੋਦਾ
ਬੋਸਟਨ: ਕਾਂਗਰਸ ਓਵਰਸੀਜ਼ ਦੇ ਮੁਖੀ ਸੈਮ ਪਿਤਰੋਦਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਅਮਰੀਕਾ ਆਉਣ ’ਤੇ ਸਵਾਗਤ ਕੀਤਾ ਅਤੇ ਕਿਹਾ ਕਿ ਰਾਹੁਲ ਗਾਂਧੀ ‘ਨੌਜਵਾਨਾਂ, ਲੋਕਤੰਤਰ ਤੇ ਬਿਹਤਰ ਭਵਿੱਖ ਦੀ ਆਵਾਜ਼’ ਹਨ। ਉਨ੍ਹਾਂ ਐਕਸ ’ਤੇ ਕਿਹਾ, ‘ਰਾਹੁਲ ਗਾਂਧੀ ਤੁਹਾਡਾ ਅਮਰੀਕਾ ’ਚ ਸਵਾਗਤ ਹੈ। ਨੌਜਵਾਨਾਂ, ਲੋਕਤੰਤਰ ਤੇ ਬਿਹਤਰ ਭਵਿੱਖ ਦੀ ਆਵਾਜ਼। ਆਓ ਸੁਣੀਏ, ਸਿੱਖੀਏ ਤੇ ਮਿਲ ਕੇ ਨਿਰਮਾਣ ਕਰੀਏ।’ -ਏਐੱਨਆਈ