ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਮੁੱਦਾ ਵਿਧਾਨ ਸਭਾ ’ਚ ਗੂੰਜਿਆ
ਕੁਲਦੀਪ ਸੂਦ
ਹੰਢਿਆਇਆ, 30 ਮਾਰਚ
ਕਸਬਾ ਹੰਢਿਆਇਆ ਵਿੱਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਪੁੱਜ ਗਿਆ ਹੈ। ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬ ਦੇ ਸਿਹਤ ਮੰਤਰੀ ਤੋਂ ਸਵਾਲ ਪੁੱਛਿਆ ਹੈ ਕਿ ਕਸਬਾ ਹੰਢਿਆਇਆ ਵਿੱਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਦਾ ਕੀ ਸਟੇਟਸ ਹੈ। ਇਹ ਕਦੋਂ ਤੱਕ ਤਿਆਰ ਹੋ ਜਾਵੇਗੀ ਅਤੇ ਜੇ ਨਹੀਂ ਹੋਵੇਗੀ ਤਾਂ ਇਸ ਦੇ ਨਾ ਹੋਣ ਦੇ ਕੀ ਕਾਰਨ ਹਨ? ਵਿਧਾਇਕ ਢਿੱਲੋਂ ਦੇ ਇਸ ਸਵਾਲ ਨੇ ਸਰਕਾਰ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ ਕਿਉਂਕਿ ਸਿਹਤ ਵਿਭਾਗ ਨੇ ਵਿਧਾਇਕ ਢਿੱਲੋਂ ਦੇ ਸਵਾਲ ਦਾ ਜਵਾਬ ਦੇਣ ਲਈ ਸਪੀਕਰ ਤੋਂ ਹੋਰ ਸਮੇਂ ਦੀ ਮੰਗ ਕੀਤੀ ਹੈ। ਭਾਵੇਂ ਵਿਧਾਇਕ ਢਿੱਲੋਂ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਜਵਾਬ ਦੇਣ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ ਪ੍ਰੰਤੂ ਸਰਕਾਰ ਨੂੰ ਇਹ ਦੱਸਣਾ ਪਵੇਗਾ ਕਿ ਹੰਢਿਆਇਆ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਦਾ ਪ੍ਰਾਜੈਕਟ ਮੌਜੂਦਾ ‘ਆਪ’ ਸਰਕਾਰ ਵੱਲੋਂ ਰੱਦ ਕਿਉਂ ਕੀਤਾ ਗਿਆ ਹੈ। ਸਰਕਾਰ ਇਸ ਮਾਮਲੇ ’ਚ ਕਸੂਤੀ ਇਸ ਕਰਕੇ ਵੀ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰਾਜੈਕਟ ਰੱਦ ਕਰਨ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਲਾਨ ਕੀਤਾ ਸੀ ਕਿ ਹਸਪਤਾਲ ਵਾਲੀ ਥਾਂ ’ਤੇ ਵੱਡਾ ਖੇਡ ਸਟੇਡੀਅਮ ਬਣਾਇਆ ਜਾਵੇਗਾ ਪਰੰਤੂ ਪ੍ਰਾਜੈਕਟ ਰੱਦ ਹੋਣ ਤੋਂ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਖੇਡ ਸਟੇਡੀਅਮ ਬਣਾਉਣ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ।