ਸੁਸਾਇਟੀ ਗ਼ਬਨ: ਐਕਸ਼ਨ ਕਮੇਟੀ ਵੱਲੋਂ ਸਹਿਕਾਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 2 ਅਪਰੈਲ
ਪਿੰਡ ਪੱਖੋਕੇ ਦੀ ਸਹਿਕਾਰੀ ਸਭਾ ਵਿੱਚ ਹੋਏ ਗ਼ਬਨ ਮਾਮਲੇ ਨੂੰ ਲੈ ਕੇ ਕਿਸਾਨਾਂ ਦੀ ਹੋਰ ਰਹੀ ਖੱਜਲ ਖੁਆਰੀ ਦੇ ਰੋਸ ਵਜੋਂ ਅੱਜ ਪੀੜਤ ਕਿਸਾਨਾਂ ਅਤੇ ਐਕਸ਼ਨ ਕਮੇਟੀ ਵੱਲੋਂ ਸਹਿਕਾਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਐਕਸ਼ਨ ਕਮੇਟੀ ਦੇ ਆਗੂ ਗੁਰਚਰਨ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਭੋਲਾ ਸਿੰਘ, ਚਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਝੰਡਾ ਨੇ ਦੱਸਿਆ ਕਿ ਪਿੰਡ ਦੀ ਸੁਸਾਇਟੀ ਵਿੱਚ ਸੈਕਟਰੀ ਵੱਲੋਂ ਗਬਨ ਕੀਤਾ ਗਿਆ ਸੀ, ਜਿਸ ਦੀ ਜਾਂਚ ਤਿੰਨ ਸਾਲ ਬਾਅਦ ਵੀ ਕਿਸੇ ਤਣ-ਪੱਤਣ ਨਹੀਂ ਲੱਗ ਸਕੀ।
ਕਿਸਾਨਾਂ ਦੇ ਸਾਲਸੀ ਕੇਸਾਂ ਦੇ ਫ਼ੈਸਲੇ ਨਹੀਂ ਹੋ ਸਕੇ, ਜਿਸ ਕਾਰਨ ਸਭਾ ਨਾਲ ਲੈਣ-ਦੇਣ ਕਰਨ ਵਾਲੇ ਮੈਂਬਰਾਂ ਨੂੰ ਵਿਆਜ ਦੀ ਵਾਧੂ ਮਾਰ ਵੀ ਝੱਲਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੈਂਬਰਾਂ ਦੇ ਸਾਲਸੀ ਕੇਸਾਂ ਦੇ ਫ਼ੈਸਲੇ ਹੋ ਗਏ ਹਨ, ਉਨ੍ਹਾਂ ਵੱਲੋਂ ਆਪਣੀ ਬਣਦੀ ਰਕਮ ਬੈਂਕ ਵਿੱਚ ਭਰ ਦਿੱਤੀ ਗਈ ਹੈ ਪਰ ਉਹ ਕੋਆਪਰੇਟਿਵ ਬੈਂਕ ਦੀ ਮੇਨ ਬਰਾਂਚ ਸੰਗਰੂਰ ਵੱਲੋਂ ਕਿਸਾਨਾਂ ਤੋਂ ਸਵੈ ਘੋਸ਼ਣਾ ਪੱਤਰ ਲੈਣ ਦੀ ਸ਼ਰਤ ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਦ ਕਰਜ਼ੇ ਦੀਆਂ ਨਵੀਆਂ ਲਿਮਟਾਂ ਵੀ ਬਣ ਚੁੱਕੀਆਂ ਹਨ ਪਰ ਸਵੈ ਘੋਸ਼ਣਾ ਦੀ ਸ਼ਰਤ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲਾਂ ਦੀ ਜਾਂਚ ਦੌਰਾਨ ਵਿਭਾਗ ਨੇ ਅਜੇ ਤੱਕ ਗਬਨ ਦੀ ਆਡਿਟ ਰਿਪੋਰਟ ਵੀ ਜਨਤਕ ਨਹੀਂ ਕੀਤੀ ਅਤੇ ਇੱਥੇ ਹੋਏ ਗਬਨ ਦੀ ਕੁੱਲ ਰਕਮ ਦਾ ਵੀ ਪਤਾ ਨਹੀਂ ਲੱਗ ਸਕਿਆ। ਬਹੁ ਗਿਣਤੀ ਕਿਸਾਨਾਂ ਦੇ ਅਜੇ ਵੀ ਸਾਲਸੀ ਕੇਸਾਂ ਦਾ ਨਿਪਟਾਰਾ ਬਾਕੀ ਹੈ, ਜਿਸ ਨੂੰ ਲੈ ਕੇ ਅੱਜ ਬੀਕੇਯੂ ਉਗਰਾਹਾਂ, ਬੀਕੇਯੂ ਕਾਦੀਆਂ ਅਤੇ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਵਿਭਾਗ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।