ਬਰਨਾਲਾ: ਭੁੱਕੀ ਸਮੇਤ ਚਾਰ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 5 ਅਪੈਰਲ
ਪੁਲੀਸ ਨੇ ਬਾਹਰੋਂ ਭੁੱਕੀ ਲਿਆ ਕੇ ਵੇਚਣ ਦੇ ਦੋਸ਼ ਹੇਠ ਪੰਜ ਮੁਲਜ਼ਮਾਂ ਨੂੰ 15 ਕੁਇੰਟਲ ਭੁੱਕੀ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇੱਕ ਮੁਲਜ਼ਮ ਹਾਲੇ ਫ਼ਰਾਰ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਐੱਸਪੀ ਸੰਦੀਪ ਸਿੰਘ ਮੰਡ, ਡੀਐੱਸਪੀ ਸਤਵੀਰ ਸਿੰਘ ਬੈਂਸ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ’ਚ ਬਣਾਈ ਟੀਮ ਵੱਲੋਂ ਬਰਨਾਲਾ-ਬਠਿੰਡਾ ਰਾਸ਼ਟਰੀ ਹਾਈਵੇਅ ’ਤੇ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ ਘੋੜਾ ਟਰਾਲਾ ਨੰਬਰ ਪੀਬੀ 03ਏਪੀ 9054 ਅਤੇ ਛੋਟਾ ਹਾਥੀ ਟੈਂਪੂ ਨੰਬਰ ਐਚਆਰ 55ਟੀ 6498 ਨੂੰ ਰੋਕਣ ’ਤੇ ਤਲਾਸ਼ੀ ਦੌਰਾਨ 75 ਬੋਰੀਆਂ ਭੁੱਕੀ ਚੂਰਾ ਪੋਸਤ ਡੋਡੇ (15 ਕੁਇੰਟਲ) ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਨਿਰਮਲ ਸਿੰਘ ਉਰਫ਼ ਨਿੰਮਾ ਵਾਸੀ ਬਰਨਾਲਾ, ਬੇਅੰਤ ਸਿੰਘ ਉਰਫ਼ ਬੰਟੀ ਵਾਸੀ ਬਰਨਾਲਾ, ਇੰਦਰਜੀਤ ਸਿੰਘ ਵਾਸੀ ਮਹਿਲ ਖੁਰਦ, ਹਰਜਿੰਦਰ ਸਿੰਘ ਉਰਫ਼ ਕਰਮਾ ਵਾਸੀ ਕਲਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਗਸੀਰ ਸਿੰਘ ਉਰਫ਼ ਸੀਰਾ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਬੇਅੰਤ ਸਿੰਘ ’ਤੇ ਪਹਿਲਾਂ 8 ਕੇਸ ਦਰਜ ਹਨ ਅਤੇ ਨਿਰਮਲ ਸਿੰਘ ’ਤੇ ਵੀ 2 ਕੇਸ ਦਰਜ ਹਨ। ਮੁਲਜ਼ਮਾਂ ਕੋਲੋਂ ਇੱਕ ਬਰੇਜਾ ਕਾਰ ਵੀ ਬਰਾਮਦ ਕੀਤੀ ਗਈ ਹੈ ਤੇ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਚਾਰ ਮੁਲਜ਼ਮ ਹੈਰੋਇਨ ਅਤੇ ਪਿਸਤੌਲ ਸਣੇ ਕਾਬੂ
ਫ਼ਿਰੋਜ਼ਪੁਰ: ਇੱਥੇ ਥਾਣਾ ਕੁਲਗੜੀ ਪੁਲੀਸ ਨੇ ਇੱਕ ਦਿੱਲੀ ਨੰਬਰ ਦੀ ਫਾਰਚੂਨਰ ਗੱਡੀ ਵਿੱਚ ਸਵਾਰ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਗੱਡੀ ਵਿੱਚੋਂ 1.57 ਕਿਲੋਗ੍ਰਾਮ ਹੈਰੋਇਨ, ਇੱਕ ਪਿਸਤੌਲ .32 ਬੋਰ, 9 ਰੌਂਦ .32 ਬੋਰ, 8 ਰੌਂਦ 9 ਐਮਐਮ, ਦੋ ਖਾਲੀ ਮੈਗਜ਼ੀਨ, ਦੋ ਕੰਪਿਊਟਰ ਕੰਡੇ, ਚਾਰ ਟੱਚ ਸਕਰੀਨ ਮੋਬਾਈਲ ਅਤੇ ਇੱਕ ਕੀ-ਪੈਡ ਵਾਲਾ ਮੋਬਾਈਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਭੀਕਾਸ਼ (19) ਵਾਸੀ ਮਹਿਲ ਸਿੰਘ ਵਾਲਾ ਥਾਣਾ ਮਮਦੋਟ,ਰਾਜਨ ਸਾਗਰ ਉਰਫ਼ ਸੱਗੀ (21), ਅਜੈ (29) ਵਾਸੀਆਨ ਪਿੰਡ ਲੇਲੀ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਅਤੇ ਗੁਰਮੇਲ ਸਿੰਘ ਉਰਫ਼ ਸਨਮ (26) ਵਾਸੀ ਸ਼ੇਰ ਸਿੰਘ ਵਾਲਾ ਥਾਣਾ ਕੁਲਗੜੀ ਵਜੋਂ ਹੋਈ ਹੈ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। - ਨਿੱਜੀ ਪੱਤਰ ਪੇ੍ਰਕAdvertisement