ਤਿੰਨ ਮਹੀਨਿਆਂ ’ਚ 25 ਵੱਡੇ ਨਸ਼ਾ ਤਸਕਰ ਗ੍ਰਿਫ਼ਤਾਰ: ਐੱਸਐੱਸਪੀ
ਪੱਤਰ ਪ੍ਰੇਰਕ
ਕੋਟਕਪੂਰਾ, 9 ਅਪਰੈਲ
ਫ਼ਰੀਦਕੋਟ ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ ਅਤੇ ਇਸ ਕੰਮ ਵਿੱਚ ਲੱਗੇ 25 ਮਗਰਮੱਛਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਕੋਟਕਪੂਰਾ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਸਥਾਨਾਂ ’ਤੇ ਮੁਸਾਫ਼ਰਾਂ ਦੀ ਲਈ ਜਾ ਰਹੀ ਤਲਾਸ਼ੀ ਦੀ ਅਗਵਾਈ ਕਰਦਿਆਂ ਸਾਂਝੀ ਕੀਤੀ। ਇਸ ਸਮੇਂ ਡੀਐੱਸਪੀ ਜਤਿੰਦਰ ਸਿੰਘ ਤੇ ਐੱਸਐੱਚਓ ਮਨੋਜ ਕੁਮਾਰ ਵੀ ਮੌਜੂਦ ਸਨ। ਐੱਸਐੱਸਪੀ ਨੇ ਦੱਸਿਆ ਕਿ ਜਨਵਰੀ ਤੋਂ ਮਾਰਚ ਤੱਕ ਪੁਲੀਸ ਨੇ 121 ਕੇਸ ਦਰਜ ਕੀਤੇ ਹਨ ਅਤੇ 310 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਹਨ। ਉਨ੍ਹਾਂ ਦੱਸਿਆ ਕਿ 25 ਨਸ਼ਾ ਤਸਕਰਾਂ ਤੋਂ ਕਮਰਸ਼ੀਅਲ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਹੁਣ ਤਲਾਸ਼ੀਆਂ ਲੈਣ ਲਈ ਪੁਲੀਸ ਵਿਸ਼ੇਸ਼ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਵੀ ਮਦਦ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਕਾਰਨ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਸਮੇਤ ਲਾਗਲੇ ਕਈ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਲੋਕ ਘਰਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਚੁੱਕੇ ਹਨ।