ਟਰੱਕ ਯੂਨੀਅਨ ਭਗਤਾ ਭਾਈ ਦੀ ਪ੍ਰਬੰਧਕੀ ਕਮੇਟੀ ਭੰਗ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 1 ਮਈ
ਡਿਪਟੀ ਕਮਿਸ਼ਨਰ ਬਠਿੰਡਾ ਨੇ ਸੰਤ ਮਹੇਸ਼ ਮੁਨੀ ਟਰੱਕ ਯੂਨੀਅਨ ਭਗਤਾ ਭਾਈ ਦੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਾਇਬ ਤਹਸੀਲਦਾਰ ਭਗਤਾ ਰਾਜੀਵ ਕੁਮਾਰ ਨੂੰ ਪ੍ਰਬੰਧਕ ਨਿਯੁਕਤ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਥੋਂ ਦੀ ਟਰੱਕ ਯੂਨੀਅਨ ਦੇ ਆਪਰੇਟਰ ਵਾਜਬ ਰੇਟ ਨਾ ਮਿਲਣ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਹੋਏ ਸਨ ਜਿਸ ਕਾਰਨ ਇਲਾਕੇ 'ਚ ਕਣਕ ਦੀ ਲਿਫਟਿੰਗ ਦਾ ਕੰਮ ਰੁਕ ਗਿਆ ਸੀ। ਨਵੇਂ ਪ੍ਰਬੰਧਕ ਰਾਜੀਵ ਕੁਮਾਰ ਨੇ ਯਕੀਨ ਦਿਵਾਇਆ ਕਿ ਟਰੱਕ ਯੂਨੀਅਨ ਦੇ ਹਰ ਆਪਰੇਟਰ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕੰਮ ਕਾਜ 'ਚ ਪੂਰੀ ਪਾਰਦਰਸ਼ਤਾ ਬਣਾ ਕੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੰਮ 'ਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਹਾਇਕ ਖੁਰਾਕ ਤੇ ਸਪਲਾਈ ਅਫਸਰ ਤਰਲੋਕ ਰਾਏ ਨੇ ਕਿਹਾ ਕਿ ਇਲਾਕੇ ਦੀਆਂ ਮੰਡੀਆਂ 'ਚ ਪਈ ਕਣਕ ਦੀ ਲਿਫਟਿੰਗ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਮੁਕੰਮਲ ਕਰ ਲਈ ਜਾਵੇਗੀ। ਇਸ ਸਮੇਂ ਪ੍ਰਬੰਧਕ ਰਾਜੀਵ ਕੁਮਾਰ ਵੱਲੋਂ ਅਧਿਕਾਰਿਕ ਤੌਰ 'ਤੇ ਪੁਕਾਰ ਕਰਵਾਈ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਹਰਸ਼ਵੰਤ ਸਿੰਘ ਕੋਠਾ ਗੁਰੂ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪੱਪੂ, ਪਰਮਜੀਤ ਸਿੰਘ ਬਰਾੜ, ਸੰਦੀਪ ਬੰਟੀ ਤੇ ਰਾਹੁਲ ਗਰਗ ਹਾਜ਼ਰ ਸਨ।