ਵਿਧਾਇਕਾਂ ਵੱਲੋਂ ਸਰਕਾਰੀ ਸਕੂਲਾਂ ’ਚ ਕਰੋੜਾਂ ਦੇ ਪ੍ਰਾਜੈਕਟਾਂ ਦਾ ਉਦਘਾਟਨ
ਸ਼ਗਨ ਕਟਾਰੀਆ
ਬਠਿੰਡਾ, 9 ਅਪਰੈਲ
ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਇੱਥੇ ਮਾਲ ਰੋਡ ’ਤੇ ਸਥਿਤ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਸਿੱਖਿਆ ਕ੍ਰਾਂਤੀ ਦੇ ਮੱਦੇਨਜ਼ਰ ਕਰਵਾਏ ਸਮਾਗਮ ’ਚ ਸ਼ਾਮਲ ਹੋਏ ਅਤੇ ਸਰਕਾਰੀ ਐਲਮੈਂਟਰੀ ਸਕੂਲ (ਲੜਕੀਆਂ) ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਦੋ ਕਮਰਿਆਂ ਲਈ 19.10 ਲੱਖ, 120 ਮੀਟਰ ਚਾਰਦੀਵਾਰੀ ਲਈ 6 ਲੱਖ ਰੁਪਏ, ਐੱਮਐੱਲਏ ਫੰਡ ਵਿੱਚੋਂ 4.40 ਲੱਖ, ਬਾਕਸਿੰਗ ਲਈ 3.10 ਲੱਖ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜ਼ਨਾ ਕਮੇਟੀ ਵੱਲੋਂ ਸਕੂਲ ਦੇ ਬਾਸਕਟਬਾਲ ਗਰਾਊਂਡ ਲਈ 6 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਉਕਤ ਸ਼ਖ਼ਸੀਅਤਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਮਾਲ ਰੋਡ ’ਤੇ 24.57 ਲੱਖ ਰੁਪਏ ਨਾਲ ਤਿਆਰ ਕਰਵਾਏ ਗਏ ਤਿੰਨ ਕਮਰਿਆਂ ਦਾ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਟੀਮਾਂ ਵੱਲੋਂ ਅਸਮਿਤਾ ਹਾਕੀ ਲੀਗ ਦੌਰਾਨ ਜੂਨੀਅਰ ਅਤੇ ਸਬ ਜੂਨੀਅਰ ਟੀਮਾਂ ਵੱਲੋਂ ਜਿੱਤੇ ਤਰਤੀਬਵਾਰ 2 ਲੱਖ ਅਤੇ 1.60 ਲੱਖ ਰੁਪਏ ਦੇ ਇਨਾਮਾਂ ਬਦਲੇ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਧਰਮਕੋਟ (ਹਰਦੀਪ ਸਿੰਘ): ਹਲਕੇ ਦੇ ਸਰਕਾਰੀ ਸਕੂਲਾਂ ਚੀਮਾ, ਗਲੋਟੀ ਅਤੇ ਜਲਾਲਾਬਾਦ ਪੂਰਬੀ ਵਿੱਚ ਨਵੇਂ ਬਣੇ ਬਲਾਕਾਂ, ਕਲਾਸਰੂਮਾਂ ਸਮੇਤ ਅਤੇ ਹੋਰਨਾਂ ਕਾਰਜਾਂ ਦੀਆਂ ਉਦਘਾਟਨੀ ਰਸਮਾਂ ਵਿੱਚ ਸ਼ਾਮਲ ਹੁੰਦਿਆਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਧਰਮਕੋਟ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਪਛੜਿਆ ਹੋਇਆ ਸੀ, ਪਰ ‘ਆਪ’ ਸਰਕਾਰ ਵੱਲੋਂ ਇੱਥੋਂ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਪਿਛਲੇ ਦੋ ਸਾਲਾਂ ਵਿੱਚ 20 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਸਕੂਲਾਂ ਦੇ ਢਾਂਚੇ ਨੂੰ ਨਵੀਂ ਦਿੱਖ ਦੇਣ ਲਈ ਸਰਕਾਰ ਵੱਲੋਂ ਲਗਭਗ 70 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਨੂੰ ਸਿੱਖਿਆ ਪੱਖੋਂ ਮੋਹਰੀ ਬਣਾਉਣ ਲਈ ਇਨ੍ਹਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਜਲਾਲਾਬਾਦ ਦੇ ਸਰਪੰਚ ਸਤਵੀਰ ਸਿੰਘ ਸੱਤੀ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ, ਸਰਪੰਚ ਇਕਬਾਲ ਸਿੰਘ ਢੋਲੇਵਾਲਾ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਅਬੋਹਰ (ਪੰਕਜ ਕੁਮਾਰ): ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕੇ ਦੇ ਚਾਰ ਸਕੂਲਾਂ ਵਿੱਚ ਲਗਭਗ 1 ਕਰੋੜ ਰੁਪਏ ਨਾਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਪਿੰਡ ਅਮਰਪੁਰਾ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ 66 ਲੱਖ ਰੁਪਏ ਦੇ ਵਿਕਾਸ ਕਾਰਜਾਂ ਅਤੇ ਪਿੰਡ ਭਾਗੂ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ 33 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਪਿੰਡ ਭਾਗੂ ਦੇ ਸਕੂਲ ਲਈ 37 ਲੱਖ ਰੁਪਏ ਦੀ ਵਾਧੂ ਗ੍ਰਾਂਟ ਦਾ ਵੀ ਐਲਾਨ ਕੀਤਾ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ‘ਪੰਜਾਬ ਸਿੱਖਿਆ ਕ੍ਰਾਂਤੀ ਅਭਿਆਨ’ ਸ਼ੁਰੂ ਕੀਤਾ ਹੈ, ਜਿਸ ਤਹਿਤ ਸਕੂਲਾਂ ਵਿੱਚ ਹਰ ਸਹੂਲਤ ਦਿੱਤੀ ਜਾ ਰਹੀ ਹੈ। ਇਸ ਮੌਕੇ ਸਿੱਖਿਆ ਕੋਆਰਡੀਨੇਟਰ ਸਿਮਰਜੀਤ ਸਿੰਘ, ਸਰਪੰਚ ਰਾਜੇਸ਼ ਭਾਟੀ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਬਰਾੜ, ਬਲਜੀਤ ਸਿੰਘ, ਸਰਪੰਚ ਜੱਜ ਸਿੰਘ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ, ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਇਲਾਕੇ ਦੇ ਪ੍ਰਮੁੱਖ ਲੋਕ ਮੌਜੂਦ ਸਨ।
ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ: ਬਣਾਂਵਾਲੀ
ਸਰਦੂਲਗੜ੍ਹ/ਮਾਨਸਾ (ਬਲਜੀਤ ਸਿੰਘ/ਜੋਗਿੰਦਰ ਸਿੰਘ ਮਾਨ): ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਸਰਦੂਲਗੜ੍ਹ ਵਿੱਚ ਵੱਖ-ਵੱਖ ਸਕੂਲਾਂ ’ਚ 96 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਕੰਮਾਂ ਦਾ ਉਦਘਾਟਨ ਕੀਤਾ। ਵਿਧਾਇਕ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਸਬ-ਡਿਵੀਜ਼ਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੂਸਾ ਵਿੱਚ 6 ਲੱਖ 65 ਹਜ਼ਾਰ ਦੀ ਲਾਗਤ ਨਾਲ 133 ਮੀਟਰ ਨਵੀਂ ਚਾਰਦੀਵਾਰੀ ਅਤੇ 2 ਲੱਖ 70 ਹਜ਼ਾਰ ਰੁਪਏ ਦੀ ਲਾਗਤ ਨਾਲ 135 ਮੀਟਰ ਲੰਮੀ ਚਾਰਦੀਵਾਰੀ ਦੀ ਮੁਰੰਮਤ, ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਵਿੱਚ 9 ਲੱਖ ਰੁਪਏ ਦੀ ਲਾਗਤ ਨਾਲ 180 ਫੁੱਟ ਚਾਰਦੀਵਾਰੀ ਅਤੇ 1 ਲੱਖ 13 ਹਜ਼ਾਰ ਰੁਪਏ ਨਾਲ ਬਣੇ ਪਖਾਨੇ, ਸਰਕਾਰੀ ਸੈਕੰਡਰੀ ਸਕੂਲ ਖੈਰਾ ਖੁਰਦ ਵਿੱਚ 1 ਲੱਖ 20 ਹਜ਼ਾਰ ਰੁਪਏ ਨਾਲ ਪਖਾਨੇ ਅਤੇ 15 ਲੱਖ ਰੁਪਏ ਨਾਲ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੁਰਦ ਵਿੱਚ 9 ਲੱਖ ਰੁਪਏ ਨਾਲ ਨਵੀਂ ਚਾਰਦੀਵਾਰੀ, 7.51 ਲੱਖ ਰੁਪਏ ਨਾਲ ਐਡੀਸ਼ਨਲ ਰੂਮ ਅਤੇ 2 ਲੱਖ ਰੁਪਏ ਨਾਲ ਪਖਾਨੇ, ਸਰਕਾਰੀ ਹਾਈ ਸਕੂਲ ਖੈਰਾ ਕਲਾਂ ਵਿੱਚ 3 ਲੱਖ 80 ਹਜ਼ਾਰ ਰੁਪਏ ਨਾਲ ਚਾਰਦੀਵਾਰੀ ਦੀ ਰਿਪੇਅਰ, ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਕਲਾਂ ਵਿੱਚ 1 ਲੱਖ 40 ਹਜ਼ਾਰ ਰੁਪਏ ਨਾਲ ਪਖਾਨੇ ਅਤੇ 7 ਲੱਖ ਰੁਪਏ ਨਾਲ ਚਾਰਦੀਵਾਰੀ ਦੀ ਬਣਵਾਈ ਗਈ। ਇਸ ਤੋਂ ਇਲਾਵਾ ਸਰਕਾਰੀ ਸੈਕੰਡਰੀ ਸਕੂਲ ਆਹਲੂਪੁਰ ਵਿੱਚ 38 ਲੱਖ 85 ਹਜ਼ਾਰ ਰੁਪਏ ਨਾਲ ਬਣੀ 777 ਮੀਟਰ ਲੰਮੀ ਨਵੀਂ ਚਾਰਦੀਵਾਰੀ ਦੇ ਉਦਘਾਟਨ ਕੀਤੇ ਗਏ।Advertisementਸਪੀਕਰ ਵੱਲੋਂ ਛੇ ਸਕੂਲਾਂ ਵਿੱਚ ਪ੍ਰਾਜੈਕਟਾਂ ਦਾ ਉਦਘਾਟਨ
ਕੋਟਕਪੂਰਾ (ਬਲਵਿੰਦਰ ਸਿੰਘ ਹਾਲੀ): ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਬਦਲਦਾ ਪੰਜਾਬ ਮੁਹਿੰਮ ਦੇ ਦੂਜੇ ਗੇੜ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕੇ ਦੇ ਪਿੰਡ ਦੇਵੀਵਾਲਾ, ਸਿਰਸੜੀ ਅਤੇ ਕੋਟਸੁਖੀਆ ਦੇ ਸਕੂਲਾਂ ਵਿੱਚ 1 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਵੱਖ-ਵੱਖ ਸਕੂਲਾਂ ਦੀਆਂ ਮਾਪੇ ਅਧਿਆਪਕ ਸੰਸਥਾਵਾਂ ਵੱਲੋਂ ਸਪੀਕਰ ਸੰਧਵਾਂ ਦਾ ਸਨਮਾਨ ਕੀਤਾ ਗਿਆ। ਸਕੂਲਾਂ ਵਿੱਚ ਕਰਵਾਏ ਸਮਾਗਮਾਂ ਮੌਕੇ ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਮਕਸਦ ਹਰੇਕ ਬੱਚੇ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਦੇਣਾ ਹੈ ਤੇ ਇਸੇ ਤਹਿਤ ਹੀ ਸਕੂਲਾਂ ਵਿੱਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦੇਣ ਲੱਗੇ ਹਨ। ਉਨ੍ਹਾਂ ਮਾਪਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਪੰਜਾਬ ਸਰਕਾਰ ’ਤੇ ਭਰੋਸਾ ਪ੍ਰਗਟਾਇਆ ਹੈ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭਰਤੀ ਕਰਵਾਇਆ। ਸਪੀਕਰ ਸ੍ਰੀ ਸੰਧਵਾਂ ਦੱਸਿਆ ਕਿ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਦੇਵੀਵਾਲਾ ਆਧੁਨਿਕ ਕਲਾਸ ਰੂਮ, ਵਿਗਿਆਨ ਪ੍ਰਯੋਗਸ਼ਾਲਾ, ਲਾਇਬ੍ਰੇਰੀ ਅਤੇ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਇਸੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਿਰਸੜੀ, ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਕੋਟਸੁਖੀਆ ਵਿੱਚ ਬੱਚਿਆਂ ਲਈ ਦੇ ਖਾਣੇ ਲਈ ਸ਼ੈੱਡ, ਸਾਇੰਸ ਲੈਬ, ਪਖਾਨੇ, ਚਾਰਦੀਵਾਰੀ ਅਤੇ ਰਸੋਈ ਦੇ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ।