ਖਾਲਸੇ ਦੀ ਚੜ੍ਹਦੀ ਕਲਾ ਦਾ ਤਿਉਹਾਰ
ਤਿਉਹਾਰਾਂ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨਾ ਮਨੁੱਖੀ ਸੱਭਿਅਤਾ ਦਾ। ਮਨੁੱਖ ਦੇ ਸਮਾਜਿਕ ਹੋਣ ਤੋਂ ਲੈ ਕੇ ਸਮਕਾਲ ਤੀਕ ਤਿੱਥ-ਤਿਉਹਾਰ, ਰਹੁ-ਰੀਤਾਂ ਅਤੇ ਉਤਸਵ ਮਨੁੱਖ ਦੇ ਨਾਲ-ਨਾਲ ਚੱਲਦੇ ਆ ਰਹੇ ਹਨ। ਦੂਜੀ ਅਹਿਮ ਗੱਲ ਇਹ ਹੈ ਕਿ ਆਦਿ ਕਾਲ ਤੋਂ ਲੈ ਕੇ ਸਮਕਾਲ ਤੀਕ ਤਿੱਥਾਂ- ਤਿਉਹਾਰਾਂ, ਰਹੁ-ਰੀਤਾਂ ਅਤੇ ਉਤਸਵਾਂ ਦੇ ਸਰੂਪ, ਸਿਧਾਂਤ ਅਤੇ ਸੰਕਲਪ ਬਦਲਦੇ ਰਹੇ ਹਨ। ਕਿਸੇ ਖ਼ਾਸ ਉਦੇਸ਼ ਜਾਂ ਮਨੌਤ ਕਰਕੇ ਆਰੰਭ ਹੋਇਆ ਕੋਈ ਤਿੱਥ-ਤਿਉਹਾਰ ਅਜੋਕੇ ਸੰਦਰਭ ’ਚ ਕਿਸੇ ਹੋਰ ਉਦੇਸ਼ ਦੀ ਪੂਰਤੀ ਹਿੱਤ ਮਨਾਇਆ ਜਾ ਰਿਹਾ ਹੈ। ਇਹ ਬਦਲਾਅ ਲਾਜ਼ਮੀ ਅਤੇ ਕੁਦਰਤੀ ਹਨ।
ਸਮਾਜਿਕ ਪ੍ਰਣਾਲੀ ਦੀ ਸ਼ੁਰੂਆਤ ਤੋਂ ਹੀ ਮਨੁੱਖ ਆਪਣੇ ਨਿੱਤ ਦੇ ਕਾਰ-ਵਿਹਾਰ ’ਚ ਉਪਜੇ ਅਕੇਵੇਂ ਨੂੰ ਦੂਰ ਕਰਨ ਜਾਂ ਖ਼ਾਸ ਧਾਰਮਿਕ ਮਨੌਤਾਂ, ਪਰੰਪਰਾਵਾਂ ਅਧੀਨ ਤਿੱਥ-ਤਿਉਹਾਰ ਮਨਾਉਂਦਾ ਆ ਰਿਹਾ ਹੈ। ਇਹ ਤਿਉਹਾਰ ਕਦੇ ਰੁੱਤਾਂ ਬਦਲਣ ਮੌਕੇ ਮਨਾਏ ਜਾਂਦੇ ਹਨ, ਕਦੇ ਇਤਿਹਾਸਕ ਪਰਿਪੇਖ ਕਾਰਨ ਅਤੇ ਕਦੇ ਸਮਾਜਿਕ ਸੰਦਰਭ ਵਿੱਚ ਮਨਾਏ ਜਾਂਦੇ ਹਨ। ਇਨ੍ਹਾਂ ਦਾ ਮੂਲ ਉਦੇਸ਼ ਮਨੁੱਖੀ ਜੀਵਨ ਅੰਦਰ ਖੜੋਤ ਨੂੰ ਤੋੜਨਾ ਅਤੇ ਨਵ- ਚੇਤਨਾ ਦਾ ਸੰਚਾਰ ਕਰਨਾ ਹੁੰਦਾ ਹੈ।
ਮਨੁੱਖ ਅਤੇ ਤਿਉਹਾਰ ਦਾ ਸਬੰਧ: ਮਨੁੱਖਤਾ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਸ੍ਰਿਸ਼ਟੀ ਦੀ ਰਚਨਾ ਸਮੇਂ ਤੋਂ ਲੈ ਕੇ ਹੁਣ ਤੱਕ ਮਨੁੱਖੀ ਜੀਵਨ ਵਿੱਚ ਬਦਲਾਅ ਹੁੰਦੇ ਆ ਰਹੇ ਹਨ। ਇਹ ਬਦਲਾਅ ਲਾਜ਼ਮੀ ਵੀ ਹਨ ਕਿਉਂਕਿ ਖੜੋਤ ਹਮੇਸ਼ਾ ਗਿਰਾਵਟ ਅਤੇ ਵਿਨਾਸ਼ ਦੀ ਨਿਸ਼ਾਨੀ ਹੁੰਦੀ ਹੈ। ਆਦਿਕਾਲ ਤੋਂ ਮਨੁੱਖੀ ਸੱਭਿਅਤਾ ਵਿੱਚ ਬਦਲਾਅ ਹੁੰਦੇ ਆਏ ਹਨ ਅਤੇ ਮਨੁੱਖਤਾ ਇਸ ਨੂੰ ਸਹਿਜਤਾ ਨਾਲ ਸਵੀਕਾਰ ਵੀ ਕਰਦੀ ਆਈ ਹੈ। ਸਮਾਜਿਕ ਬਣਤਰ ਨੂੰ ਦਰੁਸਤ ਢੰਗ ਨਾਲ ਚਲਾਉਣ ਵਾਸਤੇ ਧਰਮ ਉਪਜਿਆ। ਧਰਮ ਨੇ ਮਨੁੱਖ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ।
ਫਿਰ ਮਨੁੱਖ ਇਨ੍ਹਾਂ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਏਨਾ ਦੱਬ ਗਿਆ ਕਿ ਉਹ ਆਪਣੇ ਜੀਵਨ ’ਚ ਤਬਦੀਲੀਆਂ ਚਾਹੁਣ ਲੱਗਾ। ਇਸੇ ਤਬਦੀਲੀ ਦੀ ਚਾਹਤ, ਇੱਛਾ ਕਰਕੇ ਤਿੱਥਾਂ-ਤਿਉਹਾਰਾਂ ਨੇ ਜਨਮ ਲਿਆ। ਅਸਲ ਵਿੱਚ ਮਨੁੱਖ ਆਪਣੇ ਨਿੱਤ ਦੇ ਕਾਰ-ਵਿਹਾਰ ਤੋਂ ਕੁਝ ਸਮੇਂ ਲਈ ਨਿਜਾਤ ਚਾਹੁੰਦਾ ਸੀ। ਇਸ ਲਈ ਉਸ ਨੇ ਮਨੋਰੰਜਨ (ਕੁਝ ਹੱਦ ਤੱਕ ਸ਼ਰਧਾ ਕਰਕੇ) ਲਈ ਕਈ ਤਰ੍ਹਾਂ ਦੇ ਮੇਲੇ-ਤਿਉਹਾਰ ਮਨਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਮੇਲਿਆਂ-ਤਿਉਹਾਰਾਂ ਨੂੰ ਰੁੱਤਾਂ, ਮੌਸਮ ਦੇ ਬਦਲਾਅ ਜਾਂ ਇਤਿਹਾਸ, ਸਮਾਜਿਕ ਪਰਿਪੇਖ ਵਿੱਚ ਮਨਾਇਆ ਜਾਣ ਲੱਗਾ। ਕੁਝ ਤਿਉਹਾਰ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ ਹਿੱਤ ਮਨਾਏ ਜਾਂਦੇ ਸਨ। ਸੰਖੇਪ ’ਚ ਕਿਹਾ ਜਾ ਸਕਦਾ ਹੈ ਕਿ ਲੋਕ ਇਨ੍ਹਾਂ ਤਿਉਹਾਰਾਂ ਨੂੰ ਸ਼ਰਧਾ ਅਤੇ ਮਨੋਰੰਜਨ ਹਿੱਤ ਹੀ ਮਨਾਉਂਦੇ ਸਨ।
ਖ਼ਾਲਸੇ ਦੀ ਆਮਦ ਅਤੇ ਤਿਉਹਾਰਾਂ ਦਾ ਬਦਲਦਾ ਸਰੂਪ: ਦੁਨੀਆ ਦੇ ਨਕਸ਼ੇ ’ਤੇ ਖ਼ਾਲਸਾ ਪੰਥ ਦੀ ਆਮਦ ਨਾਲ ਰਾਜਨੀਤਕ ਤੇ ਸਮਾਜਿਕ ਬਦਲਾਅ ਆਇਆ ਅਤੇ ਮਨੁੱਖੀ ਜੀਵਨ ’ਚ ਸਿਰਫ਼ ਮਨੋਰੰਜਨ ਅਤੇ ਸ਼ਰਧਾ ਹਿੱਤ ਮਨਾਏ ਜਾਂਦੇ ਤਿਉਹਾਰਾਂ ਦੀ ਰੂਪ-ਰੇਖਾ ਵੀ ਬਦਲ ਗਈ। ਇਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਹੈ ਹੋਲਾ ਮਹੱਲਾ। ਹਾਲਾਂਕਿ ਹੋਲੇ ਮਹੱਲੇ ਦਾ ਹੋਲੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਪਰ ਇਹ ਤਿਉਹਾਰ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਅਤੇ ਇਸ ਦਾ ਨਾਮ ਵੀ ਹੋਲਾ ਹੈ ਸੋ ਆਮ ਲੋਕਾਂ ਨੂੰ ਭੁਲੇਖਾ ਪੈਂਦਾ ਹੈ ਕਿ ਇਹ ਤਿਉਹਾਰ ਹੋਲੀ ਦਾ ਸੁਧਰਿਆ ਰੂਪ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ ਜਦੋਂਕਿ ਹੋਲਾ ਮਹੱਲਾ ਸ਼ਸਤਰ ਵਿੱਦਿਆ ਅਤੇ ਚੜ੍ਹਦੀ ਕਲਾ ਦਾ ਤਿਉਹਾਰ ਹੈ। ਇਹ ਖ਼ਾਲਸੇ ਦਾ ਕੌਮੀ ਜੋੜ ਮੇਲਾ ਹੈ।
ਹੋਲਾ ਮਹੱਲਾ ਮਹਿਜ਼ ਤਿਉਹਾਰ ਹੀ ਨਹੀਂ ਸਗੋਂ ਇੱਕ ਜਜ਼ਬਾ ਹੈ ਜਿਹੜਾ ਹਰ ਵਰ੍ਹੇ ਨਵੇਂ ਸੰਕਲਪ ਪੇਸ਼ ਕਰਦਾ ਹੈ। ਇਨ੍ਹਾਂ ਸੰਕਲਪਾਂ ’ਤੇ ਪੂਰਾ ਉਤਰ ਕੇ ਅੱਜ ਦਾ ਮਨੁੱਖ ਆਪਣੇ ਜੀਵਨ ਵਿੱਚ ਖੜੋਤ ਦਾ ਸ਼ਿਕਾਰ ਹੋਣ ਤੋਂ ਬਚ ਕੇ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕਦਾ ਹੈ। ਬਸ਼ਰਤੇ! ਉਹ ਸਹੀ ਅਰਥਾਂ ਵਿੱਚ ਹੋਲੇ ਮਹੱਲੇ ਦੇ ਸੰਕਲਪ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੋਵੇ।
ਇਤਿਹਾਸਕ ਪਰਿਪੇਖ: ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇੱਕ ਸੰਮਤ 1757 ਬਿਕਰਮੀ ਵਾਲੇ ਦਿਨ, ਸ੍ਰੀ ਆਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਅਸਥਾਨ ’ਤੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ। ਕਵੀ ਸੁਮੇਰ ਸਿੰਘ ‘ਗੁਰ ਪਦ ਪ੍ਰੇਮ ਪ੍ਰਕਾਸ਼’ ਵਿੱਚ ਲਿਖਦੇ ਹਨ:
“ਔਰਨ ਕੀ ਹੋਲੀ ਮਮ ਹੋਲਾ
ਕਹਯੋ ਕ੍ਰਿਪਾਨਿਧ ਬਚਨ ਅਮੋਲਾ।”
ਦਸਮ ਪਿਤਾ ਸਿੱਖਾਂ ਅੰਦਰ ਜਿੱਤ, ਜਜ਼ਬੇ ਅਤੇ ਜੰਗ ਦੀ ਭਾਵਨਾ ਨੂੰ ਪ੍ਰਚੰਡ ਕਰਨਾ ਚਾਹੁੰਦੇ ਸਨ। ਅਸਲ ਵਿੱਚ ਇਹ ਸਮੇਂ ਦੀ ਲੋੜ ਸੀ। ਆਮ ਲੋਕਾਂ ਦੇ ਮਨਾਂ ਅੰਦਰ ਹਕੂਮਤ ਦਾ ਡਰ ਇੰਨਾ ਜ਼ਿਆਦਾ ਘਰ ਕਰ ਚੁੱਕਿਆ ਸੀ ਕਿ ਲੋਕ ਡਰ-ਡਰ ਕੇ ਜਿਊਂ ਰਹੇ ਸਨ। ਗੁਰੂ ਸਾਹਿਬ ਆਮ ਲੋਕਾਂ ਦੇ ਮਨਾਂ ’ਚੋਂ ਇਸ ਡਰ ਨੂੰ ਮੂਲੋਂ ਹੀ ਖ਼ਤਮ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਜਿੱਥੇ ਖ਼ਾਲਸਾ ਪੰਥ ਸਾਜਿਆ, ਉੱਥੇ ਹੀ ਸਮਾਜ ’ਚ ਚੱਲ ਰਹੇ ਤਿੱਥਾਂ-ਤਿਉਹਾਰਾਂ ਨੂੰ ਨਵੇਂ ਰੂਪ ’ਚ ਮਨਾਉਣ ਦੀ ਸ਼ੁਰੂਆਤ ਕੀਤੀ। ਗੁਰੂ ਸਾਹਿਬ ਤਿਉਹਾਰਾਂ ਨੂੰ ਸਿਰਫ਼ ਮਨੋਰੰਜਨ ਜਾਂ ਸ਼ਰਧਾ ਹਿੱਤ ਮਨਾਉਣ ਦੇ ਪੱਖ ਵਿੱਚ ਨਹੀਂ ਸਨ ਸਗੋਂ ਉਹ
ਇਨ੍ਹਾਂ ਤਿਉਹਾਰਾਂ ਦੇ ਮਾਧਿਅਮ ਰਾਹੀਂ ਲੋਕ ਮਨਾਂ ’ਚ ਨਵ ਚੇਤਨਾ ਦਾ ਸੰਚਾਰ ਕਰਨਾ ਚਾਹੁੰਦੇ ਸਨ। ਖ਼ਾਲਸਈ ਜਾਲੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਇਸੇ ਉਦੇਸ਼ ਦੀ ਪੂਰਤੀ ਹਿੱਤ ਨਵਾਂ ਰੂਪ ਅਖ਼ਤਿਆਰ ਕਰ ਗਿਆ ਜਿਹੜਾ ਅੱਜ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਸ਼ਬਦੀ ਅਰਥ: ਹੋਲਾ ‘ਅਰਬੀ’ ਭਾਸ਼ਾ ਦੇ ਸ਼ਬਦ ‘ਹੂਲ’ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਲੋਕਾਂ ਦੀ ਭਲਾਈ ਲਈ ਜੂਝਣਾ, ਸੀਸ ਤਲੀ ’ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ’ਤੇ ਚੱਲਣਾ ਭਾਵ ਸਰਬੱਤ ਦੇ ਭਲੇ ਲਈ ਤਤਪਰ ਹੋਣਾ। ਇਹੋ ਖ਼ਾਲਸੇ ਦਾ ਮੂਲ ਉਦੇਸ਼ ਹੈ। ਖ਼ਾਲਸਾ ਸਦਾ ਤੋਂ ਹੀ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਜੂਝਦਾ ਰਿਹਾ ਹੈ ਅਤੇ ਅੱਜ ਵੀ ਜੂਝ ਰਿਹਾ ਹੈ। ‘ਮਹੱਲਾ’ ਸ਼ਬਦ ਦਾ ਅਰਥ ਹੈ ਉਹ ਥਾਂ ਜਿਸ ਨੂੰ ਜਿੱਤ ਕੇ, ਫ਼ਤਹਿ ਕਰਕੇ ਉੱਥੇ ਟਿਕਾਣਾ ਕੀਤਾ ਜਾਵੇ, ਪੜਾਅ ਕੀਤਾ ਜਾਵੇ, ਰੁਕਿਆ ਜਾਵੇ।
ਭਾਈ ਕਾਨ੍ਹ ਸਿੰਘ ਨਾਭਾ ਹੋਲਾ ਦੇ ਅਰਥ ਕਰਦੇ ਹਨ, “ਹਮਲਾ ਕਰਨਾ ਅਤੇ ਜਿੱਥੇ ਹਮਲਾ ਕਰਦੇ ਹਨ।” ਮਹੱਲਾ ਇੱਕ ਤਰ੍ਹਾਂ ਦੀ ਬਣਾਉਟੀ ਲੜਾਈ ਹੈ। ਇਸ ਲੜਾਈ ਦਾ ਮੁੱਖ ਮੰਤਵ ਸ਼ਸਤਰ-ਵਿੱਦਿਆ ਦਾ ਅਭਿਆਸ ਕਰਨਾ ਹੁੰਦਾ ਹੈ। ਇਸ ਵਿੱਚ ਪੈਦਲ ਅਤੇ ਘੋੜਸਵਾਰ ਸ਼ਸਤਰਧਾਰੀ ਸਿੰਘ (ਦੋ) ਦਲ ਬਣਾ ਕੇ ਨਕਲੀ ਲੜਾਈ ਰਾਹੀਂ ਕਈ ਪ੍ਰਕਾਰ ਦੇ ਜੰਗੀ ਕਰਤੱਬਾਂ ਦਾ ਅਭਿਆਸ ਕਰਦੇ ਸਨ। ਅਸਲ ਵਿੱਚ ਹੋਲਾ ਮਹੱਲਾ ਸਿੱਖਾਂ ਅੰਦਰ ਚੜ੍ਹਦੀ ਕਲਾ ਦੇ ਸੰਕਲਪ ਨੂੰ ਰੂਪਮਾਨ ਕਰਦਾ ਹੈ।
ਜਜ਼ਬਾ ਅਤੇ ਜੰਗਜੂ ਬਿਰਤੀ: ਗੁਰੂ ਸਾਹਿਬ ਦਾ ਮੂਲ ਮੰਤਵ ਸਿੱਖਾਂ ਅੰਦਰ ਜੰਗਜੂ ਬਿਰਤੀ ਦੀ ਪਿਰਤ ਪਾਉਣਾ ਸੀ। ਇਹ ਇਕੱਲੇ ਹੋਲੇ ਮਹੱਲੇ ਤੇ ਤਿਉਹਾਰ ਕਰਕੇ ਨਹੀਂ ਪੈ ਸਕਦੀ ਸੀ ਜਾਂ ਇਕੱਲੇ ਤਿੱਥਾਂ-ਤਿਉਹਾਰਾਂ ਦੇ ਨਵੇਂ ਰੂਪਾਂ ਕਰਕੇ ਨਹੀਂ ਪੈ ਸਕਦੀ ਸੀ। ਇਸ ਲਈ ਗੁਰੂ ਸਾਹਿਬ ਨੇ ਜਿੱਥੇ ਦਸਤਾਰ ਬਖ਼ਸ਼ੀ, ਉੱਥੇ ਤਲਵਾਰ (ਕ੍ਰਿਪਾਨ) ਰੱਖਣ ਦੀ ਤਾਕੀਦ ਕੀਤੀ। ਅਸਲ ਵਿਚ ਦਸਤਾਰ ਮਨੁੱਖ ਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਦਸਤਾਰ ਉਹ ਤਾਜ ਹੈ ਜਿਹੜਾ ਰਾਜਿਆਂ-ਮਹਾਰਾਜਿਆਂ ਦੇ ਸਿਰ ’ਤੇ ਸੋਭਦਾ ਹੈ। ਤਲਵਾਰ ਰੱਖਣ ਦਾ ਹੌਸਲਾ ਉਸ ਮਨੁੱਖ ਕੋਲ ਹੁੰਦਾ ਹੈ ਜਿਹੜਾ ਜੰਗਜੂ (ਲੜਾਕੂ) ਬਿਰਤੀ ਦਾ ਮਾਲਕ ਹੋਵੇ ਅਤੇ ਜਿਹੜਾ ਸੂਰਬੀਰ ਦੂਜੇ ਲੋਕਾਂ ਦੀ ਮਦਦ ਹਿੱਤ ਜੂਝਣ (ਲੜਨ) ਦਾ ਹੌਸਲਾ ਰੱਖਦਾ ਹੋਵੇ।
ਅਜੋਕਾ ਸੰਦਰਭ: ਇਹ ਕੁਦਰਤੀ ਨਿਯਮ ਹੈ ਕਿ ਸਮਾਜਿਕ ਰਹੁ-ਰੀਤਾਂ ਵਿੱਚ ਤਬਦੀਲੀ ਅਤੇ ਗਿਰਾਵਟ ਆ ਜਾਂਦੀ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਨੂੰ ਕੁਝ ਵਕਤ ਲਈ ਟਾਲਿਆ ਜ਼ਰੂਰ ਜਾ ਸਕਦਾ ਹੈ ਪਰ ਮੂਲੋਂ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਵਰਤਾਰਾ ਆਦਿ ਕਾਲ ਤੋਂ ਚੱਲਦਾ ਆ ਰਿਹਾ ਹੈ ਅਤੇ ਚੱਲਦਾ ਹੀ ਰਹੇਗਾ। ਚੀਜ਼ਾਂ ਬਣਦੀਆਂ ਹਨ, ਟੁੱਟਦੀਆਂ ਹਨ ਤੇ ਫਿਰ ਬਣਦੀਆਂ ਹਨ। ਇਹ ਪ੍ਰਕਿਰਤੀ ਦਾ ਨਿਯਮ ਹੈ।
ਅੱਜ ਹੋਲੇ ਮਹੱਲੇ ਦੇ ਸੰਦਰਭ ’ਚ ਗੱਲ ਕਰਦਿਆਂ ਬਹੁਤ ਹੈਰਾਨੀ ਅਤੇ ਚਿੰਤਾ ਹੁੰਦੀ ਹੈ ਕਿ ਅਜੋਕਾ ਨੌਜਵਾਨ ਤਬਕਾ ਸ਼ਸਤਰ ਵਿੱਦਿਆ ਨੂੰ ਸਿਰਫ਼ ਨਿਹੰਗ ਸਿੰਘਾਂ ਜਾਂ ਫ਼ੌਜੀ ਦਸਤਿਆਂ ਦਾ ਕੰਮ ਸਮਝਦਾ ਹੈ। ਇਸ ਤਿਉਹਾਰ ’ਤੇ ਕਈ ਸ਼ਰਾਰਤੀ ਅਨਸਰ ਹੁੱਲੜਬਾਜ਼ੀ ਕਰਦੇ ਹਨ ਜੋ ਦਸਮ ਗੁਰੂ ਦੇ ਸਿਧਾਂਤ ਦੇ ਐਨ ਉਲਟ ਹੈ। ਇਹ ਮੰਦਭਾਗੀ ਗੱਲ ਹੈ ਜਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਹ ਤਿਉਹਾਰ ਸਾਡੇ ਮਨਾਂ ’ਚ ਨਵ-ਚੇਤਨਾ ਦਾ ਸੰਚਾਰ ਕਰਦੇ ਹਨ। ਸਾਨੂੰ ਆਪਣੇ ਇਤਿਹਾਸ,
ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੇ ਹਨ।
ਇਨ੍ਹਾਂ ਦੇ ਮੂਲ ਉਦੇਸ਼ਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਅਸੀਂ ਗੁਰੂ ਸਾਹਿਬ ਦੇ ਅਸਲ ਉਦੇਸ਼ ਅਤੇ ਸਿੱਖਿਆ ਨੂੰ ਸਮਝ ਕੇ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕੀਏ।
ਸੰਪਰਕ: 90414-98009