ਹੋਲਾ ਮਹੱਲਾ : ਦੱਖਣੀ ਪ੍ਰਸੰਗ, ਉੱਤਰੀ ਸਰੂਪ
ਤਿੰਨ ਸਾਲ ਪਹਿਲਾਂ ਹੋਲੀ ਵਾਲੇ ਦਿਨ ਮੈਂ ਚੇਨੱਈ ਦੇ ਮੈਰੀਨਾ ਬੀਚ ’ਤੇ ਸਾਂ। ਸਵੇਰ ਦੇ ਦਸ ਵਜੇ ਸਨ। ਧੁੱਪ ਤਿੱਖੀ ਸੀ, ਪਰ ਸਮੁੰਦਰ ਨੂੰ ਛੋਹ ਰਹੀ ਨਮਕੀਨ ਹਵਾ ਵਿੱਚ ਵੀ ਰਾਹਤ ਦੇਣ ਵਾਲੀ ਠੰਢਕ ਮੌਜੂਦ ਸੀ; ਖ਼ਾਸ ਤੌਰ ’ਤੇ ਉੱਥੇ, ਜਿੱਥੇ ਛਾਂ ਦਾ ਇੱਕ ਟੁਕੜਾ ਮਿਲ ਜਾਵੇ। ਲੋਕਾਂ ਦੀ ਆਮਦ ਤੇਜ਼ੀ ਨਾਲ ਵਧ ਰਹੀ ਸੀ। ਮਾਹੌਲ ਮੇਲੇ ਵਰਗਾ ਬਣ ਰਿਹਾ ਸੀ, ਪਰ ਹੋਲੀ ਵਾਲਾ ਉਮਾਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ। ਉੱਤਰ ਭਾਰਤੀ ਤਿਉਹਾਰਾਂ ਪ੍ਰਤੀ ਚੇਤਨਾ ਦੱਖਣੀ ਰਾਜਾਂ ਵਿੱਚ ਹੁਣ ਕਾਫ਼ੀ ਵਧ ਗਈ ਹੈ, ਪਰ ਇਨ੍ਹਾਂ ਨੂੰ ਮਨਾਉਂਦੀ ਅਕਸਰ ਯੁਵਾ ਪੀੜ੍ਹੀ ਹੀ ਹੈ। ਉਹ ਵੀ ਆਮ ਤੌਰ ’ਤੇ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਕੈਂਪਸਜ਼ ਵਿੱਚ। ਧੁੱਪ ਤੋਂ ਬਚਣ ਲਈ ਮੈਂ ਫੂਸ ਦੀ ਛੱਤ ਵਾਲੇ ਇੱਕ ਸ਼ੈਕ ਹੇਠ ਜਾ ਬੈਠਾ। ਮੇਰੇ ਵਾਲੇ ਬੈਂਚ ’ਤੇ ਉਸ ਦਿਨ ਦਾ ‘ਦਿ ਹਿੰਦੂ’ ਅਖ਼ਬਾਰ ਪਿਆ ਸੀ। ਉਸ ਨੂੰ ਫਰੋਲਣਾ ਸ਼ੁਰੂ ਕੀਤਾ ਤਾਂ ਨਜ਼ਰ ਹੋਲਾ ਮਹੱਲਾ ਉਤਸਵ ਵਾਲੇ ਇੱਕ ਇਸ਼ਤਿਹਾਰ ’ਤੇ ਪਈ। ਇਸ ਇਸ਼ਤਿਹਾਰ ਮੁਤਾਬਿਕ ਗੁਰੂ ਨਾਨਕ ਕਾਲਜ ਦੇ ਕੈਂਪਸ ਵਿੱਚ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣਾ ਸੀ। ਉਸ ਦਿਨ ਰਾਮੇਸ਼ਵਰਮ ਜਾਣ ਦਾ ਮੇਰਾ ਇਰਾਦਾ ਸੀ, ਪਰ ਇਹ ਇਰਾਦਾ ਮੈਂ ਤਿਆਗ ਦਿੱਤਾ: ਧੁਰ ਦੱਖਣ ਵਿੱਚ ਹੋਲੇ ਮਹੱਲੇ ਦੇ ਰੰਗ ਦੇਖਣ ਖ਼ਾਤਿਰ। ਇਹ ਫ਼ੈਸਲਾ ਕਈ ਖੁਸ਼ਨੁਮਾ ਯਾਦਾਂ ਦਾ ਆਧਾਰ ਸਾਬਤ ਹੋਇਆ।
ਗੁਰੂ ਨਾਨਕ ਕਾਲਜ, ਚੇਨੱਈ ਦੇ ਵਕਾਰੀ ਵਿਦਿਅਕ ਅਦਾਰਿਆਂ ਵਿੱਚੋਂ ਇੱਕ ਹੈ। ਰਾਜ ਭਵਨ ਤੇ ਆਈਆਈਟੀ, ਮਦਰਾਸ ਦੇ ਦਰਮਿਆਨ ਸਥਿਤ ਹੈ ਇਸ ਦਾ 25 ਏਕੜ ਵਿੱਚ ਫੈਲਿਆ ਕੈਂਪਸ। ਚੇਨੱਈ ਵਿੱਚ ਸਿੱਖ ਵਸੋਂ ਨਾਂ- ਮਾਤਰ ਹੈ। ਪੰਜਾਬੀ ਵਸੋਂ ਵੀ ਕੁਲ ਵਸੋਂ ਦਾ 0.35 ਫ਼ੀਸਦੀ ਬਣਦੀ ਹੈ। ਇਸ ਤੱਥ ਦੇ ਬਾਵਜੂਦ 1969 ਵਿੱਚ ਬਾਬਾ ਨਾਨਕ ਦੇ 500ਵੇਂ ਪ੍ਰਕਾਸ਼ ਪੁਰਬ ਸਮੇਂ ਇਸ ਕਾਲਜ ਦੀ ਨੀਂਹ ਰੱਖੀ ਗਈ ਸੀ। ਉਹ ਉੱਦਮ ਲੈਫਟੀਨੈਂਟ ਕਰਨਲ (ਰਿਟਾ.) ਜੀ.ਐੱਸ. ਗਿੱਲ ਦਾ ਸੀ। ਅਗਲੇ ਵਰ੍ਹੇ ਕਾਲਜ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਗੁਰੂ ਨਾਨਕ ਐਜੂਕੇਸ਼ਨਲ ਸੁਸਾਇਟੀ, ਇਸ ਕਾਲਜ ਦੇ ਨਾਲ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਵੀ ਚਲਾਉਂਦੀ ਹੈ। ਤਾਮਿਲ ਨਾਡੂ ਸਰਕਾਰ ਤੋਂ ਇਸ ਕਾਲਜ ਨੂੰ ਉਦੋਂ ਵੀ ਚੰਗੀ ਇਮਦਾਦ ਮਿਲੀ ਅਤੇ ਹੁਣ ਵੀ ਬਣਦੀ ਮਦਦ ਮਿਲ ਰਹੀ ਹੈ। ਵਿਦਿਅਕ ਪੱਖੋਂ ਇਹ ਖ਼ੁਦਮੁਖਤਾਰ ਸੰਸਥਾ ਹੈ: ਅੰਡਰ-ਗ੍ਰੈਜੂਏਟ ਕੋਰਸਾਂ ਦੇ 34 ਵਿਸ਼ਿਆਂ ਅਤੇ 10 ਪੋਸਟ ਗ੍ਰੈਜੂਏਟ ਵਿਸ਼ਿਆਂ ਦੀ ਪੜ੍ਹਾਈ ਕਰਵਾਉਣ ਵਾਲੀ। ਪੀਐੱਚ.ਡੀ. ਕਰਵਾਉਣ ਦਾ ਵੀ ਪ੍ਰਬੰਧ ਹੈ। ਤਾਮਿਲ ਨਾਡੂ ਵਿੱਚ ਇਹ ਕਾਲਜ ਕ੍ਰਿਕਟ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 1978 ਤੋਂ ਇਸ ਕਾਲਜ ਵਿੱਚ ਰਣਜੀ ਟਰਾਫੀ ਤੇ ਹੋਰ ਪ੍ਰਥਮ ਦਰਜਾ ਕ੍ਰਿਕਟ ਮੈਚ ਕਰਵਾਉਂਦਾ ਆ ਰਿਹਾ ਹੈ। ਤਾਮਿਲ ਨਾਡੂ ਦੀ ਰਣਜੀ ਟਰਾਫ਼ੀ ਟੀਮ ਦੇ ਕਈ ਮੈਂਬਰ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ। ਵਿਜੈ ਸ਼ੰਕਰ ਤਾਂ ਭਾਰਤੀ ਟੀਮ ਦਾ ਮੈਂਬਰ ਵੀ ਰਹਿ ਚੁੱਕਾ ਹੈ। ਉਹ ਅਤੇ ਬਾਬਾ ਇੰਦ੍ਰਜੀਤ ਤੇ ਬਾਬਾ ਅਪਰਾਜਿਤ ਨਾਮੀ ਦੋ ਭਰਾ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਖੇਡਣ ਵਾਲੀਆਂ ਟੀਮਾਂ ਵਿੱਚ ਸ਼ਾਮਿਲ ਹਨ। ਕਾਲਜ ਕੈਂਪਸ ਵਿੱਚ ਗੁਰਦੁਆਰਾ ਵੀ ਹੈ ਅਤੇ ਲੰਗਰ ਹਾਲ ਵੀ। ਹੋਲਾ ਮਹੱਲਾ ਸਮਾਗਮ ਇਸੇ ਗੁਰਦੁਆਰੇ ਵਿੱਚ ਕੀਰਤਨ ਤੇ ਅਰਦਾਸ ਨਾਲ ਆਰੰਭ ਹੋਣਾ ਸੀ।
ਉਂਜ, ਹੋਲਾ ਮਹੱਲਾ ਉਤਸਵ ਵੀ ਚੇਨੱਈ ਵਿੱਚ ਮਨਾਉਣ ਦੀ ਰੀਤ ਇੱਕ ਨਾਮਵਰ ਕ੍ਰਿਕਟਰ ਨਾਲ ਜੁੜੀ ਹੋਈ ਹੈ। 1966 ਵਿੱਚ ਉਸ ਨੇ ਇਹ ਉਤਸਵ ਪੰਜਾਬੀ ਐਸੋਸੀਏਸ਼ਨ ਦੀ ਮਦਦ ਨਾਲ ਸ਼ੁਰੂ ਕਰਵਾਇਆ ਸੀ। ਕੌਣ ਸੀ ਉਹ? ਇਹ ਰਾਜ਼ ਸਾਂਝਾ ਕਰਨ ਤੋਂ ਪਹਿਲਾਂ ਪੇਸ਼ ਹੈ ਇੱਕ ਕਹਾਣੀ।
* * *
ਵੀਹਵੀਂ ਸਦੀ ਦਾ ਸੂਰਜ ਉੱਗਣ ਦੇ ਦਿਨਾਂ ਦੌਰਾਨ ਜਲੰਧਰ ਵਿੱਚ ਖੇਡਾਂ ਦਾ ਸਾਮਾਨ ਤਿਆਰ ਕਰਨ ਵਾਲੀ ਸਨਅਤ ਦਾ ਵੀ ਪਹੁ-ਫੁਟਾਲਾ ਹੋ ਗਿਆ ਸੀ। ਉਸ ਤੋਂ ਪਹਿਲਾਂ ਬਹੁਤਾ ਸਾਮਾਨ ਬ੍ਰਿਟੇਨ ਤੋਂ ਆਇਆ ਕਰਦਾ ਸੀ। ਜਲੰਧਰ ਵਾਂਗ ਮੇਰਠ ਵਿੱਚ ਵੀ ਹਾਕੀ ਸਟਿੱਕਾਂ ਤੇ ਕ੍ਰਿਕਟ ਦੇ ਬੱਲੇ ਬਣਨ ਲੱਗੇ ਸਨ। ਅੰਮ੍ਰਿਤਸਰ ਦੇ ਇੱਕ ਨੌਜਵਾਨ ਵਪਾਰੀ ਗੁਰਮੁਖ ਸਿੰਘ ਨੇ ਇਹ ਸਾਜ਼ੋ-ਸਾਮਾਨ ਮਦਰਾਸ ਪ੍ਰੈਜ਼ੀਡੈਂਸੀ ਦੇ ਹੈੱਡਕੁਆਰਟਰ, ਫੋਰਟ ਸੇਂਟ ਜਾਰਜ ਵਿਖੇ ਸਪਲਾਈ ਕਰਨਾ ਸ਼ੁਰੂ ਕੀਤਾ। ਹਰ ਖੇਪ ਉਸ ਨੂੰ ਖ਼ੁਦ ਉੱਥੇ ਪਹੁੰਚਾਉਣੀ ਪੈਂਦੀ ਸੀ। ਅੰਮ੍ਰਿਤਸਰ ਤੋਂ ਮਦਰਾਸ ਤੱਕ ਦਾ ਰੇਲ ਸਫ਼ਰ ਘੱਟੋ-ਘੱਟ ਚਾਰ ਦਿਨ ਲੈ ਲਿਆ ਕਰਦਾ ਸੀ। ਉਸ ਨੇ ਇਹ ਸਮਾਂ ਤੇ ਖਰਚਾ ਬਚਾਉਣ ਲਈ ਮਦਰਾਸ ਵਿੱਚ ਹੀ ਅੱਡਾ ਕਾਇਮ ਕਰਨ ਦਾ ਜੋਖ਼ਿਮ ਉਠਾਇਆ। ਇਹ ਕਦਮ ਦਰੁਸਤ ਸਾਬਤ ਹੋਇਆ। ਦੱਖਣ ਵਿੱਚ ਹਰ ਕੋਈ ਆਪਣੇ ਅਸਲ ਨਾਮ ਤੋਂ ਪਹਿਲਾਂ ਪਿੰਡ/ਸ਼ਹਿਰ ਤੇ ਪਿਤਾ ਦੇ ਨਾਮ ਦੇ ਪਹਿਲਾ ਅੱਖਰ ਜੋੜਦਾ ਸੀ। ਗੁਰਮੁਖ ਸਿੰਘ ਨੇ ਵੀ ਆਪਣੇ ਨਾਮ ਦਾ ਮੁਕਾਮੀਕਰਨ ਕਰ ਲਿਆ। ਨਾਮ ਤੋਂ ਪਹਿਲਾਂ ‘ਏ’ ਤੇ ‘ਜੀ’ ਜੋੜ ਕੇ। ‘ਏ’ ਤੋਂ ਭਾਵ ਅੰਮ੍ਰਿਤਸਰ ਤੇ ‘ਜੀ’ (ਦਸਮ ਪਿਤਾ ਗੁਰੂ ਗੋਬਿੰਦ ਸਿੰਘ)। ‘ਏ.ਜੀ. ਗੁਰਮੁਖ ਸਿੰਘ ਐਂਡ ਸੰਨਜ਼’ ਦੇ ਨਾਮ ਵਾਲੀ ਇਹ ਦੁਕਾਨ ਅੱਜ ਵੀ ਚੇਨੱਈ ਵਿੱਚ ਖੇਡਾਂ ਦਾ ਸਾਮਾਨ ਵੇਚਦੀ ਹੈ। ਹਾਂ, ਹੁਣ ਮਾਲਕ ਪੰਜਾਬੀ ਖੱਤਰੀ ਨਹੀਂ, ਤਾਮਿਲ ਵਣੀਆਰ (ਬਾਣੀਏ) ਹਨ।
ਗੁਰਮੁਖ ਸਿੰਘ ਦਾ ਪੁੱਤਰ ਰਾਮ ਸਿੰਘ, ਏ.ਜੀ. ਰਾਮ ਸਿੰਘ (1910-1999) ਦੇ ਨਾਮ ਨਾਲ ਬਾਕੀ ਭਾਰਤ ਵਿੱਚ ਬਤੌਰ ਕ੍ਰਿਕਟਰ ਮਸ਼ਹੂਰ ਹੋਇਆ। ਹੁਣ ਵੀ ਉਹ ਤਾਮਿਲ ਨਾਡੂ ਵਿੱਚ ਕ੍ਰਿਕਟ ਨਾਲ ਜੁੜੀਆਂ ਦੰਦ-ਕਥਾਵਾਂ ਦਾ ਪਾਤਰ ਹੈ।
* * *
ਪੰਜ ਪੁੱਤਰ ਸਨ ਏ.ਜੀ. ਰਾਮ ਸਿੰਘ ਦੇ। ਕ੍ਰਿਕਟ ਵਿੱਚ ਸਭ ਤੋਂ ਵੱਧ ਹੋਣਹਾਰ, ਵੱਡਾ ਪੁੱਤਰ ਏ.ਜੀ. ਕ੍ਰਿਪਾਲ ਸਿੰਘ (1933-1987) ਮੰਨਿਆ ਜਾਂਦਾ ਹੈ। ਪਿਤਾ ਵਾਂਗ ਹਰਫ਼ਨਮੌਲਾ ਸੀ ਉਹ। ਉਸ ਨੇ ਭਾਰਤ ਲਈ 14 ਟੈਸਟ ਮੈਚ ਖੇਡੇ। ਛੋਟਾ ਪੁੱਤਰ ਸਤਵਿੰਦਰ ਸਿੰਘ ਟੈਸਟ ਕ੍ਰਿਕਟਰ ਤਾਂ ਨਹੀਂ ਬਣ ਸਕਿਆ, ਪਰ ਰੇਲਵੇ ਵੱਲੋਂ ਰਣਜੀ ਟਰਾਫੀ ਦੋ ਦਹਾਕਿਆਂ ਤੱਕ ਖੇਡਦਾ ਰਿਹਾ।
ਏ.ਜੀ. ਰਾਮ ਸਿੰਘ ਦਾ ਦਰਮਿਆਨਾ ਪੁੱਤਰ ਏ.ਜੀ. ਮਿਲਖਾ ਸਿੰਘ (1941-2017) ਤਾਉਮਰ ਸਾਬਤ ਸੂਰਤ ਰਿਹਾ। ਚਾਰ ਟੈਸਟ ਮੈਚ 1960 ਤੋਂ 1961 ਦਰਮਿਆਨ ਖੇਡਿਆ। ਖੱਬੂ ਬੱਲੇਬਾਜ਼ ਤੇ ਸੱਜੂ ਸਪਿੰਨਰ ਸੀ ਉਹ। 88 ਪ੍ਰਥਮ ਦਰਜਾ ਮੈਚ ਖੇਡੇ। ਦਸਤਾਰ ਬੰਨ੍ਹ ਕੇ ਖੇਡਦਾ ਸੀ ਉਹ। ਮਦਰਾਸ ਵਿੱਚ ਹੋਲਾ ਮਹੱਲਾ ਮਨਾਉਣ ਦੀ ਰੀਤ ਉਸ ਨੇ ਤੋਰੀ: ਪੰਜਾਬੀ ਐਸੋਸੀਏਸ਼ਨ ’ਤੇ ਦਬਾਅ ਪਾ ਕੇ 1966 ਵਿੱਚ। ਪਹਿਲੇ ਤਿੰਨ ਉਤਸਵਾਂ ਵੇਲੇ ਅੰਮ੍ਰਿਤਸਰ ਤੋਂ ਗੱਤਕਾਬਾਜ਼ ਉਸ ਨੇ ਖ਼ੁਦ ਖਰਚ ਕਰ ਕੇ ਮੰਗਵਾਏ। ਘੋੜਸਵਾਰੀ ਦਾ ਉਹ ਸ਼ੌਕੀਨ ਸੀ। ਘੋੜਿਆਂ ਦੇ ਕਰਤੱਬਾਂ ਲਈ ਉਸ ਨੇ ਮਦਰਾਸ ਰੇਸਿੰਗ ਕਲੱਬ ਤੋਂ ਮਦਦ ਹਾਸਿਲ ਕੀਤੀ, ਆਪਣਾ ਰਸੂਖ਼ ਵਰਤ ਕੇ। ਉਸ ਵੱਲੋਂ ਚਲਾਈ ਰੀਤ ਹੁਣ ਵੀ ਬਰਕਰਾਰ ਹੈ ਭਾਵੇਂ ਕਿ ਆਨੰਦਪੁਰ ਸਾਹਿਬ ਵਾਲੇ ਉਤਸਵ ਨਾਲ ਇਸ ਦਾ ਕੋਈ ਮੇਲ ਨਹੀਂ। ਹੋ ਵੀ ਨਹੀਂ ਸਕਦਾ। ਆਨੰਦਪੁਰ ਸਾਹਿਬ ਹੋਲੇ ਮਹੱਲੇ ਦਾ ਉਦਗ਼ਮ ਸਥਾਨ ਹੈ। ਇੱਥੋਂ ਦੀ ਉਤਸਵੀ ਸ਼ਾਨ ਤਾਂ ਬੇਮੇਲ ਹੈ। ਇਸੇ ਲਈ ਇਸ ਹੋਲੇ ਮਹੱਲੇ ਨੂੰ ਰਾਸ਼ਟਰੀ ਉਤਸਵ ਦਾ ਦਰਜਾ ਵੀ ਹਾਸਿਲ ਹੈ ਅਤੇ ਯੂਨੈਸਕੋ ਤੋਂ ਮਾਨਤਾ ਵੀ। ਇਸ ਨੂੰ ਖਾਲਸੇ ਦੇ ਜੰਗਜੂਪੁਣੇ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਤੇ ਖਿਲੰਦੜਪੁਣੇ ਦਾ ਵੀ। ਇਸੇ ਤਰ੍ਹਾਂ, ਕੁਦਰਤ ਦੇ ਬਹੁਰੰਗੇ ਹੁਸਨ ਨਾਲ ਇਕ-ਮਿੱਕ ਹੋਣ ਦਾ ਵਸੀਲਾ ਵੀ ਹੈ ਅਤੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਜਾਣ ਦਾ ਅਵਸਰ ਵੀ। ਉਂਜ, ਜਦੋਂ ਵੀ ਮੈਂ ਇਸ ਬਾਰੇ ਦਸਤਾਵੇਜ਼ੀਆਂ ਦੇਖਦਾ ਹਾਂ ਜਾਂ ਕਥਾ ਬਿਰਤਾਂਤ ਆਦਿ ਪੜ੍ਹਦਾ ਹਾਂ ਤਾਂ ਇਸ ਉਤਸਵ ਦੇ ਇਤਿਹਾਸ ਵਿੱਚ ਇੱਕ ਵੱਡਾ ਖਲਾਅ ਨਜ਼ਰ ਆਉਂਦਾ ਹੈ। ਜਿੰਨਾ ਕੁ ਬਿਰਤਾਂਤ ਵਲ-ਵਲਾਅ ਪਾ ਕੇ ਪੇਸ਼ ਕੀਤਾ ਜਾਂਦਾ ਹੈ, ਉਹ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਦਰਜ ਜਾਣਕਾਰੀ ਦਾ ਦੁਹਰਾਅ ਹੁੰਦਾ ਹੈ। ਮਹਾਨ ਕੋਸ਼ ਵਿੱਚ ਦਰਜ ਇੰਦਰਾਜ ਇਸ ਤਰ੍ਹਾਂ ਹਨ:
‘‘ਹੋਲਾ ਮਹੱਲਾ : ਹੱਲਾ ਤੇ ਹੱਲੇ ਦੀ ਥਾਂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਨੂੰ ਸ਼ਸਤ੍ਰ ਤੇ ਯੁੱਧਵਿਦਯਾ ਵਿੱਚ ਨਿਪੁੰਨ ਕਰਨ ਲਈ ਇਹ ਰੀਤਿ ਚਲਾਈ ਸੀ। ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਇਸ ਮਸਨੂਈ ਜੰਗ ਦਾ ਕਰਤਬ ਆਪ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਯਾ ਦਿੰਦੇ। ਜੋ ਦਲ ਕਾਮਯਾਬ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ।’’
‘‘ਕਿਲਾ ਹੋਲਗੜ੍ਹ : ਆਨੰਦਪੁਰ ਦਾ ਇੱਕ ਕਿਲ੍ਹਾ, ਇਸੇ ਥਾਂ ਦਸਮੇਸ਼ ਪਿਤਾ ਨੇ ਦੀਵਾਨ ਲਗਾ ਕੇ ਸੰਮਤ 1757 ਚੇਤ ਵਦੀ 1 (ਪਹਿਲੀ) ਨੂੰ ਹੋਲਾ ਮਹੱਲਾ ਖੇਡਣ ਦੀ ਰੀਤਿ ਚਲਾਈ।’’
‘ਮਹਾਨ ਕੋਸ਼’ ਵਿੱਚ ਹੀ ਹੋਲੇ ਬਾਰੇ ਇੱਕ ਕਬਿੱਤ ਦਰਜ ਹੈ:
ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੋਨਾ ਟੋਲਾ ਹੈ,
ਸੁਭਟਸੁਚਾਲਾ ਅਰੁ ਲਖਬਾਹਾਂ ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲੇ ਹੋਲਾ ਹੈ।
(ਕਵੀ ਨਿਹਾਲ ਸਿੰਘ)
ਇਹ ਇੰਦਰਾਜ ਹੋਲਾ ਪੁਰਬ ਦੀ ਆਰੰਭਤਾ ਤੇ ਸੁਭਾਅ ਬਾਰੇ ਤਾਂ ਜਾਣਕਾਰੀ ਪ੍ਰਦਾਨ ਕਰਦੇ ਹਨ, ਇਸ ਦੇ ਇਤਿਹਾਸਕ ਪੜਾਵਾਂ ਬਾਰੇ ਗਿਆਨ ਅੱਗੇ ਨਹੀਂ ਵਧਾਉਂਦੇ। ਕਲਗੀਧਰ ਦੀ ਆਨੰਦਪੁਰ ਸਾਹਿਬ ਤੋਂ 1704 ਵਿੱਚ ਰੁਖ਼ਸਤਗੀ ਅਤੇ ਫਿਰ ਸਾਲ ਕੁ ਬਾਅਦ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਖਾਲਸੇ ਦੀ ਆਨ-ਸ਼ਾਨ ਦੀ ਵਾਪਸੀ ਤੋਂ ਬਾਅਦ ਕੀ ਆਨੰਦਪੁਰ ਸਾਹਿਬ ਵਿਖੇ ਵੀ ਹੋਲੇ ਮਹੱਲੇ ਦੀ ਵਾਪਸੀ ਹੋਈ? ਜਾਂ 1745 ਈਸਵੀ ਮਗਰੋਂ ਜਦੋਂ ਦਿੱਲੀ ਦਰਬਾਰ ਦੀ ਅਜ਼ਮਤ ਦਿੱਲੀ ਦੀਆਂ ਹੱਦਾਂ ਤੱਕ ਸੀਮਤ ਹੋ ਗਈ ਤਾਂ ਕੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਨਾਉਣ ਦੀ ਰੀਤ ਮੁੜ ਆਰੰਭ ਹੋਈ? ਜਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਹੋਲਾ ਮਹੱਲਾ ਉਤਸਵ ਆਨੰਦਪੁਰ ਸਾਹਿਬ ਵਿਖੇ ਸੁਰਜੀਤ ਕਰਵਾਉਣ ਲਈ ਕੀ ਕੋਈ ਹੀਲਾ ਕੀਤਾ? ਇਸੇ ਤਰਜ਼ ’ਤੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਲੱਭਿਆ ਜਾਣਾ ਅਜੇ ਬਾਕੀ ਹੈ। ਆਨੰਦਪੁਰ ਸਾਹਿਬ ਦੇ ਆਸ-ਪਾਸ ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆ (ਜੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਪਹਿਲਾਂ ਦਲ ਖ਼ਾਲਸਾ ਦੇ ਮੁਖੀ ਸਨ) ਦੇ ਜਾਂਨਸ਼ੀਨਾਂ ਦੇ ਕਈ ਕਿਲੇ ਹਨ ਜੋ 1763 ਵਿੱਚ ਦੂਜੀ ਵਾਰ ਸਰਹਿੰਦ ਫ਼ਤਹਿ ਮਗਰੋਂ ਇਹ ਇਲਾਕਾ ਸਿੰਘਪੁਰੀਆ ਮਿਸਲ ਦੇ ਕਬਜ਼ੇ ਹੇਠ ਆਉਣ ਦੇ ਪ੍ਰਤੀਕ ਹਨ। ਇਸ ਮਿਸਲ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਈ ਜਲੌਅ ਪਰਤਾਉਣ ਵਿੱਚ ਕਿੰਨੀ ਕੁ ਭੂਮਿਕਾ ਕਦੋਂ ਨਿਭਾਈ? ਅਜਿਹੀ ਅਹਿਮ ਜਾਣਕਾਰੀ ਇਤਿਹਾਸ ਸਾਂਭਣ ਅਤੇ ਇਸ ਨੂੰ ਸਾਧਾਰਨ ਜਗਿਆਸੂਆਂ ਤੱਕ ਪਹੁੰਚਾਉਣ ਪੱਖੋਂ ਕਾਰਗਰ ਸਾਬਤ ਹੋ ਸਕਦੀ ਹੈ। ਪਰ ਫਿਲਹਾਲ ਅਸੀਂ ਖਲਾਅ ਨਾਲ ਹੀ ਜੂਝ ਰਹੇ ਹਾਂ।
* * *
ਇਹ ਕਿਤੇ ਪੜ੍ਹਿਆ ਸੀ ਕਿ ਕਲਗੀਧਰ ਨੇ ਹੋਲੀ ਨਿਵੇਕਲੇ ਢੰਗ ਨਾਲ ਮਨਾਉਣ ਬਾਰੇ ਪਹਿਲੀ ਵਾਰ ਸਾਲ 1680 ਵਿੱਚ ਸੋਚਿਆ ਸੀ। ਉਦੋਂ ਉਨ੍ਹਾਂ ਦੀ ਉਮਰ ਮਹਿਜ਼ 14 ਸਾਲ ਸੀ। ਉਦੋਂ ਦੀ ਸੋਚ ਨੂੰ ਸਾਕਾਰੀ ਰੂਪ 21 ਵਰ੍ਹੇ ਬਾਅਦ 1701 ਵਿੱਚ ਦਿੱਤਾ ਗਿਆ। ਉਦੋਂ ਤੱਕ ਖ਼ਾਲਸਾ ਵਜੂਦ ਵਿੱਚ ਆ ਚੁੱਕਾ ਸੀ। ਹਕੂਮਤੀ ਜਬਰ ਖ਼ਿਲਾਫ਼ ਸ਼ਸਤਰਬੰਦ ਵੀ ਹੋ ਚੁੱਕਾ ਸੀ। ਜੰਗੀ ਅਭਿਆਸ ਉਸ ਦੇ ਨਿੱਤਕ੍ਰਮ ਦਾ ਹਿੱਸਾ ਬਣ ਚੁੱਕੇ ਸਨ। ਕਲਗੀਧਰ ਨੇ ਇਨ੍ਹਾਂ ਅਭਿਆਸਾਂ ਨੂੰ ਪਹਿਲੀ ਵਾਰ ਹੋਲਾ ਮਹੱਲਾ ਦੇ ਰੂਪ ਵਿੱਚ ਯੁੱਧਨੀਤਕ ਮਸ਼ਕਾਂ ਵਜੋਂ ਇਸਤੇਮਾਲ ਕੀਤਾ। ਮੌਜ-ਮਸਤੀ ਵਾਲੇ ਆਲਮ ਦੇ ਬਾਵਜੂਦ ਰਣਨੀਤਕ ਤਿਆਰੀਆਂ ਦੀ ਅਜ਼ਮਾਇਸ਼ ਕਰਨ ਦਾ ਇਹ ਅਨੂਠਾ ਤਜਰਬਾ ਸੀ। ਖਾਲਸਈ ਜੰਗਜੂਆਂ ਨੂੰ ਦੋ ਦਲਾਂ ਵਿੱਚ ਵੰਡਣਾ, ਮਸਨੂਈ ਜੰਗ ਵਿੱਚ ਰੁੱਝੇ ਜੁਝਾਰੂਆਂ ਉੱਤੇ ਗੁਲਾਲ ਸੁੱਟਣਾ, ਉਨ੍ਹਾਂ ਦਾ ਸਵਾਗਤ ਗੁਲਾਬ ਜਲ ਤੇ ਫੁੱਲ ਪੱਤੀਆਂ ਨਾਲ ਕਰਨਾ ਵਰਗੀਆਂ ਰੀਤਾਂ ਅੱਜ ਵੀ ਹੋਲਾ ਮਹੱਲਾ ਉਤਸਵ ਦਾ ਹਿੱਸਾ ਹਨ। 1703 ਤੋਂ ਬਾਅਦ 1757 ਈਸਵੀ ਵਿੱਚ ਇਨ੍ਹਾਂ ਰੀਤਾਂ ਦੀ ਵਾਪਸੀ ਦਾ ਜ਼ਿਕਰ ਇੱਕ ਕਥਾਵਾਚਕ ਦੇ ਮੂੰਹੋਂ ਸੁਣਿਆ ਹੋਇਆ ਹੈ, ਪਰ ਇਸ ਜਾਣਕਾਰੀ ਦੇ ਸਰੋਤ ਬਾਰੇ ਪਤਾ ਨਹੀਂ ਲੱਗ ਸਕਿਆ। ਉਂਝ ਇਹ ਗੱਲ ਸਹੀ ਜਾਪਦੀ ਹੈ ਕਿਉਂਕਿ ਉਦੋਂ ਜੱਸਾ ਸਿੰਘ ਆਹਲੂਵਾਲੀਆ ਦਲ ਖ਼ਾਲਸਾ ਦਾ ਸਰਦਾਰ ਸੀ। ਪਾਣੀਪਤ ਦੀ ਤੀਜੀ ਲੜਾਈ (1761) ਅਤੇ ਕੁੱਪ ਰੋਹੀੜੇ ਵਾਲਾ ਵੱਡਾ ਘੱਲੂਘਾਰਾ ਭਾਵੇਂ ਚਾਰ ਪੰਜ ਵਰ੍ਹੇ ਬਾਅਦ ਵਿੱਚ ਵਾਪਰੇ, ਪਰ ਜਿਹਲਮ ਦੇ ਪੂਰਬੀ ਕੰਢੇ ਤੋਂ ਲੈ ਕੇ ਯਮੁਨਾ ਦੇ ਪੱਛਮੀ ਕੰਢੇ ਤੱਕ ਦੇ ਸਮੁੱਚੇ ਇਲਾਕੇ ਵਿੱਚ ਅਸਲ ਸਰਦਾਰੀ ਸਿੱਖ ਮਿਸਲਦਾਰਾਂ ਦੀ ਹੋ ਚੁੱਕੀ ਸੀ। ਮੁਗ਼ਲ ਸਿਰਫ਼ ਨਾਂਅ ਦੇ ਹਾਕਮ ਸਨ; ਸੂਰਜ ਛਿਪਦਿਆਂ ਹੀ ਉਹ ਦੜ ਵੱਟ ਲੈਂਦੇ ਸਨ। ਇਸੇ ਲਈ ਇਲਾਕਿਆਂ ਦੀ ਮਲਕੀਅਤ ਨੂੰ ਲੈ ਕੇ ਸਿੱਖ ਸਰਦਾਰਾਂ ਦੀ ਆਪਸੀ ਖਹਿਬਾਜ਼ੀ ਨੇ ਵੀ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਇਤਿਹਾਸਕ ਗੁਰ ਅਸਥਾਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ, ਜੋ ਕਿ 1710 ਤੋਂ 1750 ਤਕ ਉਦਾਸੀ ਪੰਥੀਆਂ ਜਾਂ (ਕੁਝ ਥਾਈਂ) ਨਿਰਮਲਿਆਂ ਦੇ ਹੱਥਾਂ ਤੱਕ ਸੀਮਤ ਰਹੀ ਸੀ, ਖਾਲਸਈ ਰਹਿਤ-ਬਹਿਤ ਦੇ ਧਾਰਨੀਆਂ ਨੇ ਆਪਣੇ ਹੱਥਾਂ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਗੁਰ-ਅਸਥਾਨਾਂ ਦੇ ਨਾਂਅ ਵੱਡੀਆਂ ਜਗੀਰਾਂ ਤਾਂ ਮਹਾਂਬਲੀ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਲਾਈਆਂ, ਪਰ ਝੰਡੇ-ਬੁੰਗੇ ਮਿਸਲਦਾਰਾਂ ਦੀ ਦੇਖ ਰੇਖ ਹੇਠ ਉੱਭਰਨੇ-ਉਸਰਨੇ ਸ਼ੁਰੂ ਹੋ ਗਏ ਸਨ।
* * *
ਚੇਨੱਈ ਵਾਲੇ ਹੋਲਾ ਮਹੱਲਾ ਸਮਾਗਮ ਵਿੱਚ ਗਤਕਾ ਕੋਇੰਬਟੂਰ ਤੋਂ ਆਏ ਸਿਕਲੀਗਰ ਸਿੱਖਾਂ ਨੇ ਪੇਸ਼ ਕੀਤਾ ਸੀ। ਪੰਜਾਬੀ ਉਨ੍ਹਾਂ ਨੂੰ ਸਿਰਫ਼ ‘ਸਤਿ ਸ੍ਰੀ ਅਕਾਲ’ ਜਾਂ ਮੂਲ ਮੰਤਰ ਦੇ ਜਾਪ ਤਕ ਹੀ ਆਉਂਦੀ ਸੀ। ਉਨ੍ਹਾਂ ਵਿੱਚੋਂ ਕੁਝ ਤਮਿਲ ਭਾਸ਼ੀ ਸਨ ਤੇ ਕੁਝ ਕੰਨੜ ਭਾਸ਼ੀ। ਪਰ ਸਨ ਉਹ ਸਿੱਖੀ ਸਰੂਪ ਦੇ ਪੂਰੇ ਪਾਬੰਦ। ਉਨ੍ਹਾਂ ਬਾਰੇ ਇਹ ਪਤਾ ਲੱਗਾ ਕਿ ਉਹ ਹੁਣ ਵੰਗਾਂ ਚੂੜੀਆਂ ਜਾਂ ਨਿੱਕੇ-ਨਿੱਕੇ ਖਿਡੌਣੇ ਵੇਚਣ ਵਰਗੇ ਰਵਾਇਤੀ ਧੰਦੇ ਨਹੀਂ ਕਰਦੇ। ਕਰਨਾਟਕ, ਮਹਾਰਾਸ਼ਟਰ ਤੇ ਤਿਲੰਗਾਨਾ ਵਿੱਚ ਉਨ੍ਹਾਂ ਨੂੰ ਅਨੁਸੂਚਿਤ ਜਨਜਾਤੀ (ਐੱਸਟੀ) ਦਾ ਦਰਜਾ ਹਾਸਿਲ ਹੋਣ ਸਦਕਾ ਸਰਕਾਰੀ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਹ ਦਰਜਾ ਦਿਵਾਉਣ ਵਿੱਚ ਕਰਨਾਟਕ ਦੇ ਇੱਕ ਸਾਬਕਾ ਸਿੱਖ ਆਈਏਐੱਸ ਅਫਸਰ ਦੀ ਬਹੁਤ ਵੱਡੀ ਭੂਮਿਕਾ ਹੈ। ਸੇਵਾਮੁਕਤੀ ਤੋਂ ਬਾਅਦ ਵੀ ਉਸ ਨੇ ਸਿਕਲੀਗਰ ਸਿੱਖ ਭਾਈਚਾਰੇ ਨੂੰ ਰੁਜ਼ਗਾਰਮੁਖੀ ਸਾਖ਼ਰਤਾ ਦੀ ਸੇਧ ਦੇਣੀ ਜਾਰੀ ਰੱਖੀ ਹੋਈ ਹੈ। ਇਹੋ ਸੇਧ ਇਸ ਭਾਈਚਾਰੇ ਦੀ ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ ਤੇ ਸਿੱਖ ਰਵਾਇਤਾਂ ਨਾਲ ਜੋੜੀ ਰੱਖਣ ਵਿੱਚ ਹੁਣ ਤੱਕ ਸਹਾਈ ਸਿੱਧ ਹੋ ਰਹੀ ਹੈ।
ਕੋਇੰਬਟੂਰੀ ਗਤਕਾ ਪਾਰਟੀ ਦੀ ਖੇਡ ਕਲਾ ਵਿੱਚ ਆਨੰਦਪੁਰੀ ਗਤਕੇ ਵਾਲੇ ਹੁਸਨ ਨੇ ਕਲਗੀਧਰ ਵੱਲੋਂ ਬਖ਼ਸ਼ੀਆਂ ਰਹਿਮਤਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹੋ ਰਹਿਮਤਾਂ ਹੀ ਤਾਂ ਸਿੱਖ ਵਿਰਸੇ ਦਾ ਅਨਮੋਲ ਖ਼ਜ਼ਾਨਾ ਹਨ।