ਅਕਾਲੀ ਲਹਿਰ ਦਾ ਅਣਗੌਲਿਆ ਸੰਗਰਾਮੀ ਮਾਸਟਰ ਸੁੰਦਰ ਸਿੰਘ ਲਾਇਲਪੁਰੀ
ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਇਤਿਹਾਸਕਾਰੀ ਸਬੰਧੀ ਇਹ ਤ੍ਰਾਸਦੀ ਹੈ ਕਿ ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਵੀ ਸਿਆਸਤ ਵਿੱਚ ਸਰਗਰਮ ਰਹਿਣ ਵਾਲੇ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਚੋਖੀ ਜਾਣਕਾਰੀ ਮਿਲਦੀ ਹੈ ਪਰ ਉਨ੍ਹਾਂ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਦਿੱਤਾ ਗਿਆ ਹੈ, ਜਿਹੜੇ ਦੇਸ਼ਭਗਤੀ ਨੂੰ ਨਿਸ਼ਕਾਮ ਅਤੇ ਨਿਰਸਵਾਰਥ ਕਾਰਜ ਸਮਝਦਿਆਂ ਦੇਸ਼ ਆਜ਼ਾਦ ਹੋੋਣ ਮਗਰੋਂ ਸਰਗਰਮ ਨਾ ਰਹੇ। ਅਜਿਹੇ ਭੁੱਲੇ ਵਿਸਰੇ ਦੇਸ਼ਭਗਤਾਂ ਵਿੱਚੋਂ ਹੀ ਇੱਕ ਹੈ: ਮਾਸਟਰ ਸੁੰਦਰ ਸਿੰਘ ਲਾਇਲਪੁਰੀ। ਸੋਹਨ ਸਿੰਘ ‘ਜੋਸ਼’ ਨੇ ਆਪਣੀ ਪੁਸਤਕ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿੱਚ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਬਾਰੇ ਲਿਖਿਆ ਹੈ, ‘‘ਮਾਸਟਰ ਜੀ ਉਤਸ਼ਾਹ, ਕੁਰਬਾਨੀ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਸਨ। ਇਨ੍ਹਾਂ ਦੇ ਦਿਲ ਵਿੱਚ ਅੰਗਰੇਜ਼ ਹਕੂਮਤ ਖ਼ਿਲਾਫ਼ ਨਫ਼ਰਤ, ਦੇਸ਼ ਲਈ ਅਥਾਹ ਪਿਆਰ ਅਤੇ ਕੌਮੀ ਆਜ਼ਾਦੀ ਹਾਸਲ ਕਰਨ ਲਈ ਲਗਨ ਤੇ ਕੁਰਬਾਨੀ ਦਾ ਜਜ਼ਬਾ ਭਰਿਆ ਹੋਇਆ ਸੀ।’’ ਅਫ਼ਸੋਸ! ਇਸ ਕੌਮੀ ਪਰਵਾਨੇ ਨੂੰ ਅਸੀਂ ਉੱਕਾ ਹੀ ਵਿਸਾਰ ਛੱਡਿਆ ਹੈ।
ਉਨ੍ਹੀਵੀਂ ਸਦੀ ਦੀ ਅੰਤਲੀ ਚੌਥਾਈ ਦੌਰਾਨ ਪੰਜਾਬ ਦੀ ਅੰਗਰੇਜ਼ ਸਰਕਾਰ ਨੇ ਬਾਰ ਦੇ ਇਲਾਕੇ ਨੂੰ ਵਾਹੀਯੋਗ ਬਣਾਉਣ ਵਾਸਤੇ ਕੇਂਦਰੀ ਪੰਜਾਬ ਵਿੱਚੋਂ ਚੋਣਵੇਂ ਕਿਸਾਨਾਂ ਨੂੰ ਜ਼ਮੀਨਾਂ ਅਲਾਟ ਕਰ ਕੇ ਉੱਥੇ ਵਸਾਉਣ ਦੀ ਨੀਤੀ ਅਪਣਾਈ। ਇਸ ਨੀਤੀ ਤਹਿਤ ਪਿੰਡ ਬਹੋੜੂ, ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਕਿਸਾਨ ਪਰਿਵਾਰਾਂ ਨੂੰ ਉੱਥੋਂ ਦੀ ਚਨਾਬ ਕਲੋਨੀ ਵਿੱਚ ਜ਼ਮੀਨ ਅਲਾਟ ਕੀਤੀ। ਉਸ ਵਸੇਬੇ ਦਾ ਨਾਂ ਸੀ ਚੱਕ ਨੰਬਰ 18 ਪਰ ਪਿੰਡ ਵਾਸੀਆਂ ਨੇ ਆਪਣੀ ਜਨਮ ਭੂਮੀ ਦੇ ਮੋਹ ਸਦਕਾ ਇਸ ਨਾਲ ਪਿਛਲੇ ਪਿੰਡ ਦਾ ਨਾਉਂ ਜੋੜ ਕੇ ਚੱਕ ਨੰਬਰ 14 ਬਹੋੜੂ ਕਹਿਣਾ ਸ਼ੁਰੂ ਕੀਤਾ। ਇਨ੍ਹਾਂ ਪਰਿਵਾਰਾਂ ਵਿੱਚ ਸ਼ਾਮਲ ਲਖਮੀਰ ਸਿੰਘ ਦੇ ਘਰ ਉਸ ਦੀ ਪਤਨੀ ਰਾਮ ਕੌਰ ਨੇ 1878 ਈਸਵੀ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਸੁੰਦਰ ਸਿੰਘ ਰੱਖਿਆ ਗਿਆ। ਸੁੰਦਰ ਸਿੰਘ ਨੇ ਦਸਵੀਂ ਦੀ ਪ੍ਰੀਖਿਆ ਨੇੜਲੇ ਪਿੰਡ ਸ਼ਾਹਕੋਟ ਤੋਂ ਪਾਸ ਕਰਨ ਉਪਰੰਤ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਇੰਟਰ ਤੱਕ ਪੜ੍ਹਾਈ ਕੀਤੀ ਅਤੇ ਫਿਰ ਅਧਿਆਪਨ ਦੀ ਸਿਖਲਾਈ ਸਰਕਾਰੀ ਸਿੱਖਿਆ ਕਾਲਜ, ਲਾਹੌਰ ਤੋਂ ਲਈ। ਉਸ ਨੇ ਕੁਝ ਸਮਾਂ ਡਾਕ ਮਹਿਕਮੇ ਵਿੱਚ ਨੌਕਰੀ ਕੀਤੀ ਪਰ ਅੰਗਰੇਜ਼ ਅਧਿਕਾਰੀਆਂ ਦਾ ਸਥਾਨਕ ਮੁਲਾਜ਼ਮਾਂ ਪ੍ਰਤੀ ਹੰਕਾਰ ਭਰਿਆ ਵਤੀਰਾ ਵੇਖਿਆ ਤਾਂ ਸਵੈਮਾਣ ਦੀ ਰਾਖੀ ਲਈ ਅਸਤੀਫ਼ਾ ਦੇ ਦਿੱਤਾ। ਖਾਲਸਾ ਕਾਲਜ, ਅੰਮ੍ਰਿਤਸਰ ’ਚ ਪੜ੍ਹਦਿਆਂ ਵਿਰਸੇ ਵਿੱਚ ਮਿਲਿਆ ਸਿੱਖੀ-ਪਿਆਰ ਉਸ ਦੀ ਰਗ ਰਗ ਵਿੱਚ ਸਮਾ ਚੁੱਕਾ ਸੀ। ਇੱਥੇ ਉਸ ਦੀ ਜਾਣ-ਪਛਾਣ ਕਈ ਪੰਥਕ ਆਗੂਆਂ ਨਾਲ ਹੋਈ। ਇਸ ਲਈ ਉਸ ਨੇ ਭਵਿੱਖ ਵਿੱਚ ਸਰਕਾਰੀ ਨੌਕਰੀ ਨਾ ਕਰਨ ਅਤੇ ਆਪਣਾ ਜੀਵਨ ਗੁਰਮਤਿ ਦੇ ਪ੍ਰਚਾਰ ਅਤੇ ਸਿੱਖ ਸਮਾਜ ਦੇ ਸੁਧਾਰ ਪ੍ਰਤੀ ਅਰਪਣ ਕਰਨ ਦਾ ਫ਼ੈਸਲਾ ਕਰ ਲਿਆ।
ਇਹ ਵੀਹਵੀਂ ਸਦੀ ਦੇ ਮੁੱਢਲੇ ਵਰ੍ਹੇ ਸਨ। ਇਨ੍ਹੀਂ ਦਿਨੀਂ ਲਾਇਲਪੁਰ ਜ਼ਿਲ੍ਹੇ ਵਿੱਚ ਚੱਕ ਨੰਬਰ 41 ਵਿੱਚ ਖਾਲਸਾ ਮਿਡਲ ਸਕੂਲ ਸ਼ੁਰੂ ਹੋਇਆ ਤਾਂ ਸੁੰਦਰ ਸਿੰਘ ਨੂੰ ਅਧਿਆਪਕ ਵਜੋਂ ਨਿਯੁਕਤੀ ਮਿਲ ਗਈ। ਉਸ ਵੱਲੋਂ ਸਕੂਲ ਨੂੰ ਮਾਇਕ ਤੌਰ ਉੱਤੇ ਮਜ਼ਬੂਤ ਕਰਨ ਲਈ ਕੀਤੇ ਉਪਰਾਲਿਆਂ ਦੀ ਸਫਲਤਾ ਨੇ ਉਸ ਨੂੰ ਪ੍ਰਸਿੱਧੀ ਦਿਵਾਈ। ਇਸ ਬਾਰੇ ਸੁਣ ਕੇ ਲਾਇਲਪੁਰ ਸ਼ਹਿਰ ਵਿੱਚ ਖਾਲਸਾ ਸਕੂਲ ਖੋਲ੍ਹਣ ਲਈ ਯਤਨਸ਼ੀਲ ਹਰਚੰਦ ਸਿੰਘ ਲਾਇਲਪੁਰੀ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ। ਫਲਸਰੂਪ ਸਿੰਘ ਸਭਾ, ਲਾਇਲਪੁਰ ਦੀ ਇਮਾਰਤ ਵਿੱਚ ਖਾਲਸਾ ਪ੍ਰਾਇਮਰੀ ਸਕੂਲ ਸ਼ੁਰੂ ਹੋਇਆ। ਸਿੱਖ ਸੰਗਤ ਵੱਲੋਂ ਮਿਲੇ ਭਰਪੂਰ ਹੁੰਗਾਰੇ ਕਾਰਨ ਛੇਤੀ ਹੀ ਇਹ ਹਾਈ ਸਕੂਲ ਬਣ ਗਿਆ, ਜਿਸ ਵਿੱਚ ਸੁੰਦਰ ਸਿੰਘ ਨੂੰ ਮੁੱਖ ਅਧਿਆਪਕ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਸਕੂਲ ਦੇ ਵਿਦਿਆਰਥੀਆਂ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਦਾ ਗਿਆਨ ਦੇਣ ਲਈ ਉਸ ਨੇ ਸਕੂਲ ਵਿੱਚ ‘ਭੁਜੰਗੀ ਸਭਾ’ ਦਾ ਗਠਨ ਕੀਤਾ। ਹਰਚੰਦ ਸਿੰਘ ਦੀ ਸੰਗਤ ਕਾਰਨ ਉਸ ਦੀ ਦਿਲਚਸਪੀ ਰਾਜਨੀਤੀ ਵੱਲ ਹੋਈ। ਜਦੋਂ ਹਰਚੰਦ ਸਿੰਘ ਨੇ 1909 ਵਿੱਚ ਹਫ਼ਤਾਵਾਰੀ ਪਰਚਾ ‘ਸੱਚਾ ਢੰਡੋਰਾ’ ਕੱਢਣਾ ਸ਼ੁਰੂ ਕੀਤਾ ਤਾਂ ਸੁੰਦਰ ਸਿੰਘ ਨੂੰ ਅਧਿਆਪਨ ਦੇ ਨਾਲ ਨਾਲ ਇਸ ਦੀ ਸੰਪਾਦਨਾ ਦਾ ਕੰਮ ਵੀ ਸੌਂਪਿਆ। ਉਦੋਂ ਪੰਜਾਬ ਸਰਕਾਰ ਨੇ ਸਿੱਖ ਭਾਵਨਾਵਾਂ ਪ੍ਰਤੀ ਬੇਪ੍ਰਵਾਹੀ ਵਿਖਾਉਂਦਿਆਂ ਖਾਲਸਾ ਕਾਲਜ, ਅੰਮ੍ਰਿਤਸਰ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਇਸ ਵਿਰੁੱਧ ਮਾਸਟਰ ਸੁੰਦਰ ਸਿੰਘ ਨੇ ਇਸ ਪਰਚੇ ਵਿੱਚ ਸਰਕਾਰ ਵਿਰੋਧੀ ਲੇਖ ਲਿਖੇ। ਇਹ ਲੇਖ ਪਿੱਛੋਂ ‘ਕੀ ਖਾਲਸਾ ਕਾਲਜ ਸਿੱਖਾਂ ਦਾ ਹੈ?’ ਦੇ ਸਿਰਲੇਖ ਹੇਠ ਇੱਕ ਕਿਤਾਬਚੇ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਏ। ‘ਸੱਚਾ ਢੰਡੋਰਾ’ ਵਿੱਚ ਮਾਸਟਰ ਸੁੰਦਰ ਸਿੰਘ ਦੁਆਰਾ ਲਿਖੇ ਲੇਖਾਂ ਦਾ ਦੂਜਾ ਮੁੱਖ ਵਿਸ਼ਾ ਹਿੰਦੋਸਤਾਨ ਸਰਕਾਰ ਵੱਲੋਂ ਵਾਇਸਰਾਏ ਨਿਵਾਸ ਦੀ ਦਿੱਖ ਸੰਵਾਰਨ ਲਈ ਦਿੱਲੀ ਸਥਿਤ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹੁਣ ਦਾ ਸੀ। ਹਰਚੰਦ ਸਿੰਘ ਲਾਇਲਪੁਰੀ ਇਕੱਤਰਤਾਵਾਂ, ਕਾਨਫਰੰਸਾਂ ਵਿੱਚ ਬੋਲ ਕੇ ਸਿੱਖ ਸੰਗਤ ਵਿੱਚ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਰਹੇ ਸਨ ਅਤੇ ਮਾਸਟਰ ਸੁੰਦਰ ਸਿੰਘ ਨੇ ਅਖ਼ਬਾਰੀ ਲੇਖਾਂ ਰਾਹੀਂ ਪਾਠਕ ਵਰਗ ਵਿੱਚ ਇਸ ਮਾਮਲੇ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਕੋਈ ਕਸਰ ਨਾ ਛੱਡੀ। ਅੰਗਰੇਜ਼ ਸਰਕਾਰ ਦੇ ਖ਼ੁਫ਼ੀਆ ਵਿਭਾਗ ਦਾ ਉੱਚ ਅਧਿਕਾਰੀ ਮਿਸਟਰ ਪੈਟਰੀ ਇਸ ਸਮੇਂ ਦੇ ਦੋ ਗਰਮ-ਖ਼ਿਆਲੀ ਪੱਤਰਾਂ ਵਿੱਚੋਂ ਇੱਕ ‘ਸੱਚਾ ਢੰਡੋਰਾ’ ਨੂੰ ਗਿਣਦਾ ਹੈ। ‘ਸੱਚਾ ਢੰਡੋਰਾ’ ਬੰਦ ਹੋਣ ਪਿੱਛੋਂ ਮਾਸਟਰ ਸੁੰਦਰ ਸਿੰਘ ਨੇ ‘ਮੇਲੂ’ ਨਾਂ ਦਾ ਪਰਚਾ ਛਾਪਣਾ ਸ਼ੁਰੂ ਕੀਤਾ। ਇਸ ਦੀ ਸੁਰ ਵੀ ‘ਸੱਚਾ ਢੰਡੋਰਾ’ ਵਾਂਗ ਸਰਕਾਰ ਵਿਰੋਧੀ ਸੀ। ਇਸ ਗੱਲੋਂ ਅਮਰੀਕਾ ਤੋਂ ਡਾਕਟਰ ਭਾਗ ਸਿੰਘ ਨੇ ਸੰਪਾਦਕ ‘ਮੇਲੂ’ ਨੂੰ ਸ਼ਲਾਘਾ ਪੱਤਰ ਲਿਖਿਆ।
ਉਪਰੋਕਤ ਅਖ਼ਬਾਰ ਬਹੁਤੀ ਦੇਰ ਨਾ ਚੱਲ ਸਕੇ, ਪਰ ਇਸ ਤੋਂ ਮਾਸਟਰ ਸੁੰਦਰ ਸਿੰਘ ਨੂੰ ਪ੍ਰੈੱਸ ਦੀ ਸ਼ਕਤੀ ਦਾ ਅਨੁਭਵ ਹੋ ਗਿਆ। ਉਨ੍ਹਾਂ ਨੇ ਪੱਕਾ ਇਰਾਦਾ ਧਾਰ ਲਿਆ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਅਤੇ ਰਾਜਸੀ ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਕਰਨ ਵਾਸਤੇ ਪੰਜਾਬੀ ਅਖ਼ਬਾਰ ਕੱਢਣਾ ਜ਼ਰੂਰੀ ਹੈ। ਹਰਚੰਦ ਸਿੰਘ ਤਾਂ ਪਹਿਲਾਂ ਹੀ ਇਹ ਵਿਚਾਰ ਰੱਖਦੇ ਸਨ। ਲਾਇਲਪੁਰ ਵਸਦੇ ਪ੍ਰਿੰਸੀਪਲ ਨਿਰੰਜਨ ਸਿੰਘ ਅਤੇ ਹੋਰਾਂ ਨੇ ਵੀ ਇਸ ਦੀ ਹਮਾਇਤ ਕੀਤੀ। ਤਹਿਸੀਲਦਾਰ ਵਜੋਂ ਨੌਕਰੀ ਕਰ ਰਹੇ ਮੰਗਲ ਸਿੰਘ ਨੇ ਤਾਂ ਇਹ ਪੇਸ਼ਕਸ਼ ਕੀਤੀ ਕਿ ਅਖ਼ਬਾਰ ਸ਼ੁਰੂ ਕਰਨ ਦੀ ਸੂਰਤ ਵਿੱਚ ਉਹ ਨੌਕਰੀ ਛੱਡ ਕੇ ਇਸ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਲੈ ਲਵੇਗਾ। ਇਸ ਉਤਸ਼ਾਹੀ ਮਾਹੌਲ ਵਿੱਚ ਸੁੰਦਰ ਸਿੰਘ ਲਾਇਲਪੁਰ ਛੱਡ ਕੇ ਲਾਹੌਰ ਆ ਗਿਆ, ਜਿੱਥੇ ਉਸ ਦੇ ਨਾਂ ਦੇ ਅੱਗੇ ‘ਮਾਸਟਰ’ ਅਤੇ ਪਿੱਛੇ ‘ਲਾਇਲਪੁਰੀ’ ਉਸ ਦੀ ਪਛਾਣ ਬਣੇ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 21 ਜੂਨ 1920 ਤੋਂ ਰੋਜ਼ਾਨਾ ‘ਅਕਾਲੀ’ ਅਖ਼ਬਾਰ ਪ੍ਰਕਾਸ਼ਿਤ ਕੀਤਾ ਜਾਣ ਲੱਗਾ। ਇਸ ਅਖ਼ਬਾਰ ਦਾ ਮਾਲਕ, ਪ੍ਰਕਾਸ਼ਕ ਅਤੇ ਛਾਪਕ ਉਹ ਆਪ ਸੀ ਅਤੇ ਸੰਪਾਦਕ ਦੀ ਜ਼ਿੰਮੇਵਾਰੀ ਮੰਗਲ ਸਿੰਘ ਬੀ.ਏ. ਨੂੰ ਸੌਂਪੀ ਗਈ। ਪਾਠਕ ਜਾਣਦੇ ਹਨ ਕਿ ‘ਅਕਾਲੀ’ ਅਖ਼ਬਾਰ ਨੇ ਅਕਾਲੀ ਲਹਿਰ ਦੇ ਪ੍ਰਚਾਰ, ਪਸਾਰ ਅਤੇ ਮਜ਼ਬੂਤੀ ਵਿੱਚ ਉਸੇ ਤਰ੍ਹਾਂ ਯੋਗਦਾਨ ਪਾਇਆ ਜਿਵੇਂ ‘ਗਦਰ’ ਅਖ਼ਬਾਰ ਨੇ ਗਦਰ ਲਹਿਰ ਲਈ ਪਾਇਆ ਸੀ। ਅਖ਼ਬਾਰ ਦੇ ਪ੍ਰਬੰਧਕੀ ਰੁਝੇਵਿਆਂ ਦੇ ਨਾਲ ਨਾਲ ਸੁੰਦਰ ਸਿੰਘ ਨੇ ਸੈਂਟਰਲ ਸਿੱਖ ਲੀਗ ਵਿੱਚ ਵੀ ਸਰਗਰਮੀ ਵਿਖਾਈ। ਅਕਤੂਬਰ 1920 ਵਿੱਚ ਲਾਹੌਰ ਵਿੱਚ ਸੈਂਟਰਲ ਸਿੱਖ ਲੀਗ ਦੇ ਦੂਜੇ ਸਾਲਾਨਾ ਸੈਸ਼ਨ ਦੌਰਾਨ ਨਾ-ਮਿਲਵਰਤਣ ਲਹਿਰ ਦੇ ਪੱਖ ਵਿੱਚ ਮਤਾ ਪ੍ਰਵਾਨ ਕਰਵਾਉਣ ਵਿੱਚ ਉਸ ਨੇ ਮਹੱਤਵਪੂਰਨ ਯੋਗਦਾਨ ਪਾਇਆ। ਵੀਹ ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਣ ਪਿੱਛੋਂ ਉਹ ਖੁੱਲ੍ਹ ਕੇ ਅਕਾਲੀ ਲਹਿਰ ਵਿੱਚ ਕੁੱਦ ਪਿਆ। ਅਕਾਲੀ ਲਹਿਰ ਵਿੱਚ ਉਸ ਦੀ ਭੂਮਿਕਾ ਨੂੰ ਮਾਨਤਾ ਦਿੰਦਿਆਂ ਮਈ 1921 ਵਿੱਚ ਉਸ ਨੂੰ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਇਆ ਗਿਆ। ਅਕਤੂਬਰ ਵਿੱਚ ਸੈਂਟਰਲ ਸਿੱਖ ਲੀਗ ਦਾ ਤੀਜਾ ਸਾਲਾਨਾ ਸੈਸ਼ਨ ਲਾਇਲਪੁਰ ਵਿੱਚ ਹੋਇਆ, ਜਿੱਥੇ ਭੁਜੰਗੀ ਸਭਾ ਨੇ ਉਸ ਵੱਲੋਂ ਕੀਤੀ ਪੰਥਕ ਸੇਵਾ ਸਦਕਾ ਉਸ ਨੂੰ ਮਾਣ-ਪੱਤਰ ਅਤੇ ਇੱਕ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ। ‘ਅਕਾਲੀ’ ਅਖ਼ਬਾਰ ਨੂੰ ਪੱਕੇ ਪੈਰੀਂ ਚਲਾਉਣ ਦੀ ਮਨਸ਼ਾ ਨਾਲ ਉਸ ਨੇ ਇਸ ਦਾ ਪ੍ਰਬੰਧ ਅਕਾਲੀ ਆਗੂਆਂ ਉੱਤੇ ਆਧਾਰਿਤ ਇੱਕ ਕਮੇਟੀ ਹਵਾਲੇ ਕਰ ਦਿੱਤਾ। ਮੈਂਬਰਾਂ ਨੇ ਉਸ ਨੂੰ ਹੀ ਕਮੇਟੀ ਦਾ ਪ੍ਰਧਾਨ ਬਣਾਇਆ। ਉਸ ਦਾ ਮਤ ਸੀ ਕਿ ਅਕਾਲੀਆਂ ਨੂੰ ਆਪਣਾ ਪੱਖ ਦੇਸ਼ਵਾਸੀਆਂ ਸਾਹਮਣੇ ਰੱਖਣ ਵਾਸਤੇ ਅੰਗਰੇਜ਼ੀ ਅਖ਼ਬਾਰ ਚਲਾਉਣਾ ਚਾਹੀਦਾ ਹੈ। ਉਸ ਦੇ ਇਸ ਸਬੰਧੀ ਯਤਨ ਵਿੱਚ ਉਦੋਂ ਅੜਿੱਕਾ ਪੈ ਗਿਆ ਜਦੋਂ ‘ਅਕਾਲੀ’ ਅਖ਼ਬਾਰ ਵਿੱਚ ਉਸ ਵੱਲੋਂ ਲਿਖੇ ਮਜ਼ਮੂਨਾਂ ਤੋਂ ਘਬਰਾਈ ਪੰਜਾਬ ਸਰਕਾਰ ਨੇ ਉਸ ਵਿਰੁੱਧ ਜਨਤਾ ਨੂੰ ਬਗ਼ਾਵਤ ਲਈ ਭੜਕਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ, ਜਿਸ ਵਿੱਚ ਉਸ ਨੂੰ ਇੱਕ ਸਾਲ ਕੈਦ ਬਾਮੁਸ਼ੱਕਤ ਸਜ਼ਾ ਹੋਈ। ਸਜ਼ਾ ਭੁਗਤਣ ਲਈ ਉਸ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ, ਜਿੱਥੇ ਪਹਿਲਾਂ ਹੋਰ ਵੀ ਅਕਾਲੀ ਬੰਦੀ ਰੱਖੇ ਹੋਏ ਸਨ। ਇਨ੍ਹਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ 23 ਮਈ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ। 11 ਜੂਨ 1922 ਦੇ ਅਖ਼ਬਾਰ ‘ਅਕਾਲੀ’ ਵਿੱਚ ਛਪੀ ਖ਼ਬਰ ਅਨੁਸਾਰ ਭੁੱਖ ਹੜਤਾਲ ਕਾਰਨ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦਾ ਭਾਰ 28 ਪੌਂਡ ਘਟ ਗਿਆ। ਜੁਲਾਈ 1922 ਵਿੱਚ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ‘ਅਕਾਲੀ’ ਅਖ਼ਬਾਰ ਦੀ ਥਾਂ ਸ਼ੁਰੂ ਹੋਏ ਨਵੇਂ ਅਖ਼ਬਾਰ ‘ਅਕਾਲੀ ਤੇ ਪ੍ਰਦੇਸੀ’ ਦੀ ਵਾਗਡੋਰ ਸੰਭਾਲੀ। ਉਸ ਨੂੰ ਜੂਨ 1923 ਵਿੱਚ ਅੰਮ੍ਰਿਤਸਰ ਵਿੱਚ ਹੋਣ ਵਾਲੇ ਸੈਂਟਰਲ ਸਿੱਖ ਲੀਗ ਦੇ ਵਿਸ਼ੇਸ਼ ਸੈਸ਼ਨ ਦਾ ਪ੍ਰਧਾਨ ਚੁਣਿਆ ਗਿਆ। ਉਸ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਨਾ-ਮਿਲਵਰਤਣ ਦਾ ਸੱਦਾ ਦੇਣ ਦੇ ਨਾਲ ਨਾਲ ਦੁਆਬੇ ਵਿੱਚ ਬੱਬਰ ਅਕਾਲੀਆਂ ਅਤੇ ਉਨ੍ਹਾਂ ਦੇ ਹਮਦਰਦਾਂ ਉੱਤੇ ਕੀਤੇ ਜਾ ਰਹੇ ਜਬਰ ਲਈ ਸਰਕਾਰ ਦੀ ਨਿੰਦਾ ਕੀਤੀ। ਉਸ ਨੇ ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਦੁਆਰਾ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰੇ ਜਾਣ ਨੂੰ ਵਧੀਕੀ ਦੱਸਦਿਆਂ ਸਿੱਖ ਪੰਥ ਨੂੰ ਇਸ ਵਿਰੁੱਧ ਡਟਣ ਦੀ ਸਲਾਹ ਵੀ ਦਿੱਤੀ।
ਇਨ੍ਹੀਂ ਦਿਨੀਂ ਉਸ ਨੇ ਅੰਗਰੇਜ਼ੀ ਅਖ਼ਬਾਰ ਚਲਾਉਣ ਲਈ ਲੋੜੀਂਦੀ ਰਾਸ਼ੀ ਇਕੱਠੀ ਕਰਨ ਵਾਸਤੇ ਅਪੀਲ ਜਾਰੀ ਕੀਤੀ, ਜਿਸ ਨੂੰ ‘ਪੰਜ ਲੱਖੀ ਅਪੀਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਿੱਖ ਜਗਤ ਨੇ ਇਸ ਅਪੀਲ ਦਾ ਭਰਵਾਂ ਹੁੰਗਾਰਾ ਭਰਿਆ ਅਤੇ ਪਰਦੇਸਾਂ ਵਿੱਚ ਬੈਠੇ ਪੰਜਾਬੀਆਂ ਨੇ ਵੀ ਯੋਗਦਾਨ ਪਾਇਆ। ਨਤੀਜੇ ਵਜੋਂ, ਅਖ਼ਬਾਰ ਚਲਾਉਣ ਲਈ ਉਸ ਦੀ ਪ੍ਰਧਾਨਗੀ ਹੇਠ ਪੰਡਿਤ ਮਦਨ ਮੋਹਨ ਮਾਲਵੀਆ ਅਤੇ ਮਾਸਟਰ ਤਾਰਾ ਸਿੰਘ ਉੱਤੇ ਆਧਾਰਿਤ ਇੱਕ ਟਰੱਸਟ ਦਾ ਗਠਨ ਕੀਤਾ ਗਿਆ। ਅਖ਼ਬਾਰ ਦੀ ਦੇਖਭਾਲ ਸ. ਮੰਗਲ ਸਿੰਘ ਗਿੱਲ ਅਤੇ ਭਾਈ ਚੰਚਲ ਸਿੰਘ ਜੰਡਿਆਲਾ ਦੇ ਹੱਥ ਸੌਂਪੀ ਗਈ। ਸ੍ਰੀ ਪਾਨੀਕਰ ਨੂੰ ਸੰਪਾਦਕ ਅਤੇ ਸ੍ਰੀ ਦੇਵ ਦਾਸ ਗਾਂਧੀ ਨੂੰ ਉਸ ਦਾ ਸਹਾਇਕ ਨਿਯੁਕਤ ਕੀਤਾ ਗਿਆ। ‘ਹਿੰਦੋਸਤਾਨ ਟਾਈਮਜ਼’ ਦਾ ਉਦਘਾਟਨ ਮਹਾਤਮਾ ਗਾਂਧੀ ਨੇ 15 ਸਤੰਬਰ 1924 ਨੂੰ ਕੀਤਾ। ਅਫ਼ਸੋਸ ਦੀ ਗੱਲ ਇਹ ਹੈ ਕਿ ਕੁਝ ਅਕਾਲੀ ਲੀਡਰਾਂ ਵੱਲੋਂ ਅਸਹਿਯੋਗ ਦਾ ਵਤੀਰਾ ਧਾਰਨ ਕਰਨ ਕਰਕੇ ਉਸ ਨੂੰ ਇਹ ਅਖ਼ਬਾਰ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਵੇਚਣਾ ਪਿਆ। ਮਾਸਟਰ ਸੁੰਦਰ ਸਿੰਘ ਉਨ੍ਹਾਂ ਅਕਾਲੀ ਆਗੂਆਂ ਵਿੱਚੋਂ ਸੀ, ਜਿਨ੍ਹਾਂ ਦਾ ਝੁਕਾਅ ਕਮਿਊਨਿਜ਼ਮ ਵੱਲ ਸੀ। ਉਹ ਕਾਮਰੇਡ ਐੱਮ.ਐੱਨ. ਰੌਇ ਦੇ ਸੰਪਰਕ-ਸੂਤਰ, ‘ਹਿੰਦੋਸਤਾਨ ਲੇਬਰ ਅਤੇ ਕਿਸਾਨ ਪਾਰਟੀ’ ਦੇ ਆਗੂ ਅਤੇ ਲਾਹੌਰ ਤੋਂ ਨਿਕਲਦੇ ਉਰਦੂ ਅਖ਼ਬਾਰ ‘ਇਨਕਲਾਬ’ ਦੇ ਸੰਪਾਦਕ ਪ੍ਰੋ. ਗੁਲਾਮ ਹੁਸੈਨ ਦੇ ਸੰਪਰਕ ਵਿੱਚ ਸੀ। 1927 ਵਿੱਚ ਕਾਮਰੇਡ ਮਨੀ ਲਾਲ ਦੇ ਨਾਂ ਹੇਠ ਤਿਆਰ ਕੀਤਾ ਗਿਆ ਪੈਂਫਲੈੱਟ ਗੁਪਤ ਤੌਰ ਉੱਤੇ ਜਿਹੜੇ ਵਿਅਕਤੀਆਂ ਨੂੰ ਭੇਜਿਆ ਗਿਆ, ਉਨ੍ਹਾਂ ਵਿੱਚ ‘ਕਾਮਰੇਡ ਸੁੰਦਰ ਸਿੰਘ ਲਾਇਲਪੁਰੀ ਮਾਰਫਤ ਪ੍ਰਦੇਸੀ ਤੇ ਅਕਾਲੀ’ ਵੀ ਸ਼ਾਮਲ ਸੀ।
ਇਨ੍ਹੀਂ ਦਿਨੀਂ ਕਿਉਂ ਜੋ ਅਕਾਲੀ ਦਲ ਅਤੇ ਕਾਂਗਰਸ ਆਪਸੀ ਸਹਿਯੋਗ ਨਾਲ ਚੱਲ ਰਹੇ ਸਨ, ਇਸ ਲਈ ਮਾਸਟਰ ਸੁੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ। ਉਹ ਅੰਮ੍ਰਿਤਧਾਰੀ ਸਿੰਘ ਹੋਣ ਕਰਕੇ ਹਮੇਸ਼ਾ ਵੱਡੀ ਕਿਰਪਾਨ ਆਪਣੇ ਹੱਥ ਵਿੱਚ ਰੱਖਦਾ ਸੀ, ਸਰਕਾਰ ਪ੍ਰਤੀ ਰੋਸ ਦੇ ਵਿਖਾਵੇ ਵਜੋਂ ਕਾਲੀ ਦਸਤਾਰ ਬੰਨ੍ਹਦਾ ਸੀ, ਕਾਂਗਰਸੀ ਵਜੋਂ ਉਸ ਦਾ ਸਾਰਾ ਪਹਿਰਾਵਾ ਖੱਦਰ ਦਾ ਹੁੰਦਾ ਸੀ। ਉਸ ਨੇ ਦੇਸ਼ ਵਿੱਚ ਫ਼ਿਰਕੂ ਏਕਤਾ ਕਾਇਮ ਕਰਨ ਦੇ ਮਕਸਦ ਨਾਲ ਸਾਰੇ ਉੱਤਰੀ ਭਾਰਤ ਦਾ ਦੌਰਾ ਕੀਤਾ। ਪੰਜਾਬ ਸਰਕਾਰ ਨੇ 22 ਦਸੰਬਰ 1932 ਨੂੰ ਹੁਕਮ ਜਾਰੀ ਕਰਕੇ ਕਿਸੇ ਰਾਜਸੀ ਮੀਟਿੰਗ ਜਾਂ ਜਲੂਸ ਵਿੱਚ ਸ਼ਾਮਲ ਨਾ ਹੋਣ ਅਤੇ ਕਾਂਗਰਸ ਵਾਲੰਟੀਅਰਾਂ ਨੂੰ ਕਿਸੇ ਵੀ ਰੂਪ ਵਿੱਚ ਇਕੱਠਾ ਨਾ ਕਰਨ ਦੀ ਸ਼ਰਤ ਲਾਉਂਦਿਆਂ ਉਸ ਦੇ ਲਾਹੌਰ ਤੋਂ ਬਾਹਰ ਜਾਣ ਉੱਤੇ ਪਾਬੰਦੀ ਲਾ ਦਿੱਤੀ। ਇਹ ਜੂਹਬੰਦੀ 24 ਨਵੰਬਰ 1933 ਤੱਕ ਜਾਰੀ ਰਹੀ। ਰਾਜਸੀ ਗਤੀਵਿਧੀਆਂ ਵਿੱਚ ਵਧੇਰੇ ਭੱਜ-ਨੱਸ ਨੇ ਉਸ ਦੀ ਸਿਹਤ ਉੱਤੇ ਅਸਰ ਪਾਇਆ, ਜਿਸ ਕਾਰਨ ਉਸ ਨੂੰ ਸਿਆਸੀ ਖੇਤਰ ਵਿੱਚ ਗ਼ੈਰ-ਸਰਗਰਮ ਹੋਣਾ ਪਿਆ।
ਦੇਸ਼ ਵੰਡ ਪਿੱਛੋਂ ਲਾਇਲਪੁਰੀ ਪਰਿਵਾਰ ਨੂੰ ਜ਼ਿਲ੍ਹਾ ਹਿਸਾਰ ਵਿੱਚ ਜ਼ਮੀਨ ਅਲਾਟ ਹੋਈ। ਇਸ ਥਾਂ ਗੁੰਮਨਾਮੀ ਦਾ ਜੀਵਨ ਭੋਗਦਿਆਂ ਹੀ ਅਕਾਲੀ ਲਹਿਰ ਨੂੰ ਚੰਗਿਆੜੀ ਤੋਂ ਭਾਂਬੜ ਬਣਾਉਣ ਵਾਲਾ ਇਹ ਯੋਧਾ 3 ਮਾਰਚ 1969 ਨੂੰ ਅਕਾਲ ਚਲਾਣਾ ਕਰ ਗਿਆ।
ਸੰਪਰਕ: 94170-49417