ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੜੇਬੰਦਕ ਲੜਾਈ ਅਤੇ ਸਿੱਖ ਸੰਸਥਾਵਾਂ

04:09 AM Mar 16, 2025 IST
ਸ੍ਰੀ ਅਕਾਲ ਤਖਤ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉਨ੍ਹਾਂ ਨੂੰ ਸਿਰੋਪਾ ਭੇਟ ਕੀਤੇ ਜਾਣ ਦੇ ਦ੍ਰਿਸ਼।

ਜਗਤਾਰ ਸਿੰਘ
Advertisement

ਸੰਨ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਤੇ ਬਾਅਦ ਦੇ ਕਈ ਦਹਾਕਿਆਂ ਤੱਕ ਸਿੱਖਾਂ ਦੀਆਂ ਖ਼ਾਹਿਸ਼ਾਂ ਤੇ ਉਮੰਗਾਂ ਦੀ ਆਵਾਜ਼ ਬਣਨ ਵਾਲੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਇਸ ਪਾਰਟੀ ਅੰਦਰ ਮੌਜੂਦਾ ਸਮੇਂ ਸਿਰਮੌਰਤਾ ਲਈ ਇਹ ਮਹਿਜ਼ ਧੜੇਬੰਦਕ ਜੰਗ ਨਹੀਂ ਹੈ। ਇਹ ਵੀ ਨਹੀਂ ਕਿ ਪਾਰਟੀ ਦੇ ਇੱਕ ਸਦੀ ਤੋਂ ਵੱਧ ਪੁਰਾਣੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਵਾਪਰਿਆ ਹੈ।
ਹਾਲਾਂਕਿ ਇਹ ਪਹਿਲੀ ਵਾਰ ਜ਼ਰੂਰ ਹੈ ਕਿ ਸਿੱਖ ਸੰਸਥਾਵਾਂ ਦਾ ਭਵਿੱਖ ਦਾਅ ਉੱਤੇ ਲੱਗਾ ਹੋਇਆ ਹੈ। ਇਸ ਦੀ ਤਾਜ਼ਾ ਮਿਸਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਕੌਮ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਦੇ ਜਥੇਦਾਰ ਦਾ ਵਾਧੂ ਚਾਰਜ ਵਿਵਾਦਤ ਤੇ ਨਿਵੇਕਲੇ ਤਰੀਕੇ ਨਾਲ ਸੰਭਾਲਣਾ ਹੈ ਜਦੋਂਕਿ ਇਹ ਸੰਸਥਾ ਸਿੱਖੀ ਦੇ ਵਿਚਾਰ ਦੀ ਨਿਰਾਲੀ ਖ਼ੁਦਮੁਖ਼ਤਾਰੀ ਦਾ ਪ੍ਰਤੀਕ ਹੈ।
ਗਿਆਨੀ ਕੁਲਦੀਪ ਸਿੰਘ ਦੀ ਨਿਯੁਕਤੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਚਾਨਕ ਬਰਖ਼ਾਸਤਗੀ ਕਰ ਕੇ ਵਿਵਾਦਾਂ ’ਚ ਘਿਰੀ ਹੋਈ ਹੈ। ਉਨ੍ਹਾਂ ਨੂੰ 10 ਮਾਰਚ ਸੁਵੱਖਤੇ 2.50 ਵਜੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਕੁ ਅਮਲੇ ਵੱਲੋਂ ਅਹੁਦੇ ’ਤੇ ਬਿਠਾ ਦਿੱਤਾ ਗਿਆ ਜਦੋਂਕਿ ਇਸ ਤੋਂ ਪਹਿਲਾਂ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਹੀ ਇਸ ਰਸਮ ਲਈ ਸਵੇਰੇ 10 ਵਜੇ ਦਾ ਸਮਾਂ ਰੱਖਿਆ ਹੋਇਆ ਸੀ। ਇਸ ਤਰ੍ਹਾਂ ਸਥਾਪਿਤ ਰਵਾਇਤਾਂ ਦੀ ਘੋਰ ਉਲੰਘਣਾ ਕੀਤੀ ਗਈ।
ਇਹ ਪਹਿਲੀ ਵਾਰ ਹੋਇਆ ਹੈ ਕਿ ਤਖ਼ਤ ਦੇ ਜਥੇਦਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਸ਼ੋਭਿਤ ਹੋਏ ਬਿਨਾਂ ਹੀ ਸਾਧਾਰਨ ਜਿਹੇ ਢੰਗ ਨਾਲ ਅਹੁਦਾ ਸੰਭਾਲਿਆ ਹੋਵੇ। ਰਵਾਇਤਾਂ ਮੁਤਾਬਿਕ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਭ ਤੋਂ ਪਹਿਲਾਂ ਨਵੇਂ ਜਥੇਦਾਰ ਨੂੰ ਪਹਿਲੀ ਦਸਤਾਰ ਭੇਟ ਕਰਦੇ ਹਨ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੁਣ ਗਿਆਨੀ ਰਘਬੀਰ ਸਿੰਘ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਮੁਖੀ ਦੇ ਅਹੁਦੇ ਲਈ ‘ਅਯੋਗ’ ਕਰਾਰ ਦਿੱਤਾ ਸੀ। ਨਵਾਂ ਜਥੇਦਾਰ ਥਾਪੇ ਜਾਣ ਮੌਕੇ ਸਿੱਖ ਸੰਗਠਨਾਂ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਹੀਂ ਸੀ। ਨਵ-ਨਿਯੁਕਤ ਜਥੇਦਾਰ ਵੱਲੋਂ ਜਿਸ ਤਰ੍ਹਾਂ ਵਿਵਾਦਤ ਢੰਗ ਨਾਲ ਅਹੁਦਾ ਸੰਭਾਲਿਆ ਗਿਆ ਹੈ, ਸਿੱਖ ਸੰਸਥਾਵਾਂ ਲਈ ਇਸ ਤੋਂ ਵੱਧ ਹੋਰ ਕੁਝ ਨੁਕਸਾਨਦੇਹ ਨਹੀਂ ਹੋ ਸਕਦਾ।
ਬੁਨਿਆਦੀ ਮਸਲਾ ਇਹ ਬਣ ਗਿਆ ਹੈ ਕਿ ਸਿੱਖ ਰਹੁ-ਰੀਤਾਂ ਦਾ ਘਾਣ ਕਰਨ ਵਾਲੇ ਅਜਿਹੇ ਫ਼ੈਸਲੇ ਲੈ ਕੌਣ ਰਿਹਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਅਗਵਾਈ ਤੋਂ ਚੱਲ ਰਹੀ ਹੈ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਸੀਨੀਅਰ ਉਪ-ਪ੍ਰਧਾਨ ਰਘੂਜੀਤ ਸਿੰਘ ਵਿਰਕ ਕਾਰਜਕਾਰੀ ਪ੍ਰਧਾਨ ਹਨ। ਵਿਅੰਗ ਇਹ ਹੈ ਕਿ ਉਹ ਸਿੱਖਾਂ ਦੀ ਇਸ ਮਿੰਨੀ ਸੰਸਦ ਦੇ ਚੁਣੇ ਹੋਏ ਮੈਂਬਰ ਤੱਕ ਨਹੀਂ ਹਨ, ਸਗੋਂ ਨਾਮਜ਼ਦ ਮੈਂਬਰ ਹਨ ਤੇ ਉਹ ਵੀ ਹਰਿਆਣਾ ਤੋਂ। ਉਹ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜੇ ਮੰਨੇ ਜਾਂਦੇ ਹਨ।
ਗਿਆਨੀ ਕੁਲਦੀਪ ਸਿੰਘ ਨੇ ਅਹੁਦਾ ਸੰਭਾਲਣ ਤੋਂ ਬਾਅਦ ਐਲਾਨ ਕੀਤਾ ਹੈ ਕਿ ਉਹ 2 ਦਸੰਬਰ 2024 ਦੇ ਹੁਕਮਨਾਮੇ ਨਾਲ ਕੋਈ ਛੇੜਛਾੜ ਨਹੀਂ ਕਰਨਗੇ ਪਰ ਉਸ ‘ਛੋਟੇ’ ਜਿਹੇ ਹਿੱਸੇ ਦੀ ਸ਼ਾਇਦ ਸਮੀਖਿਆ ਕਰ ਸਕਦੇ ਹਨ, ਜਿਹੜਾ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਲਈ ਦੋਵਾਂ ਧੜਿਆਂ ਦੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਬਣਾਉਣ ਨਾਲ ਸਬੰਧਿਤ ਹੈ। ਅਕਾਲ ਤਖ਼ਤ ਦੇ ਸੰਕਲਪ ਦੇ ਸੰਦਰਭ ’ਚ ਇਸ ਬਿਆਨ ਦੇ ਵਿਆਪਕ ਪ੍ਰਭਾਵ ਹਨ, ਜੋ ਕਿ ਕੋਈ ਗੁਰਦੁਆਰਾ ਨਹੀਂ ਸਗੋਂ ਅਕਾਲ ਪੁਰਖ ਦਾ ਤਖ਼ਤ ਹੈ। ਸ਼੍ਰੋਮਣੀ ਅਕਾਲੀ ਦਲ 2 ਦਸੰਬਰ ਦੇ ਆਦੇਸ਼ ਦੇ ਇਸ ਹਿੱਸੇ ਉੱਤੇ ਸਵਾਲ ਚੁੱਕ ਰਿਹਾ ਹੈ ਅਤੇ ਦਲੀਲ ਦੇ ਰਿਹਾ ਹੈ ਕਿ ਅਕਾਲ ਤਖ਼ਤ ਧਾਰਮਿਕ ਮਾਮਲਿਆਂ ਤੱਕ ਹੀ ਦਖ਼ਲ ਦੇ ਸਕਦਾ ਹੈ। ਅਕਾਲ ਤਖ਼ਤ ਦੀ ਸਥਾਪਨਾ ਕਰਨ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਜਾਰੀ ਪਹਿਲੇ ਹੁਕਮਨਾਮੇ ਵਿੱਚ ਸਿੱਖਾਂ ਨੂੰ ਹਥਿਆਰ ਤੇ ਘੋੜੇ ਲਿਆਉਣ ਦਾ ਆਦੇਸ਼ ਦਿੱਤਾ ਗਿਆ ਸੀ।
ਇਸ ਵਿਲੱਖਣ ਸੰਸਥਾ ਦੀ ਬੁਨਿਆਦ ਰਹੇ ਮੁੱਢਲੇ ਸਿਧਾਂਤ ਹੀ ਹਨ ਜਿਹੜੇ ਹੁਣ ਇਸ ਧੜੇਬੰਦਕ ਲੜਾਈ ’ਚ ਸਵਾਲਾਂ ਦੇ ਘੇਰੇ ’ਚ ਆ ਗਏ ਹਨ। ਅਕਾਲੀ ਦਲ ਦਾ ਬਾਦਲ ਧੜਾ ਜ਼ੋਰ ਦਿੰਦਾ ਹੈ ਕਿ ਅਕਾਲ ਤਖ਼ਤ ਵੱਲੋਂ ਇਸ ਤਰ੍ਹਾਂ ਦਾ ਦਖ਼ਲ ਚੋਣ ਕਮਿਸ਼ਨ ਦੁਆਰਾ ਪਾਰਟੀ ਨੂੰ ਅਯੋਗ ਠਹਿਰਾਏ ਜਾਣ ਦੀ ਵਜ੍ਹਾ ਬਣ ਸਕਦਾ ਹੈ।
ਵਰਤਮਾਨ ਗੜਬੜ ਦਾ ਸੰਖੇਪ ਪਿਛੋਕੜ ਕੁਝ ਇਸ ਤਰ੍ਹਾਂ ਹੈ: ਅਕਾਲੀ ਦਲ ਕਈ ਸਾਲਾਂ ਤੋਂ ਆਧਾਰ ਗੁਆ ਰਿਹਾ ਹੈ। ਇਹ ਅਮਲ ਖ਼ਾਸ ਤੌਰ ’ਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋਇਆ ਤੇ ਮੁੱਖ ਮੁੱਦਿਆਂ ਵਿੱਚੋਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੀ ਜਿਸ ਨੂੰ ਸਾਰੇ ‘ਬਰਗਾੜੀ ਕਾਂਡ’ ਵਜੋਂ ਜਾਣਦੇ ਹਨ। ਦੋ ਵਾਰ ਲਗਾਤਾਰ ਸੱਤਾ ’ਚ ਆਉਣ ਦਾ ਰਿਕਾਰਡ ਬਣਾਉਣ ਤੋਂ ਬਾਅਦ ਪਾਰਟੀ ਮੁੱਖ ਵਿਰੋਧੀ ਧਿਰ ਬਣਨ ’ਚ ਵੀ ਨਾਕਾਮ ਹੋ ਗਈ ਤੇ ਆਪਣੀ ਥਾਂ ਬਿਲਕੁਲ ਨਵੀਂ ਧਿਰ ਆਮ ਆਦਮੀ ਪਾਰਟੀ ਨੂੰ ਗੁਆ ਲਈ। ‘ਆਪ’ ਨੇ 2022 ਵਿੱਚ ਰਿਕਾਰਡ ਵੋਟਾਂ ਨਾਲ ਸੱਤਾ ਹਾਸਿਲ ਕੀਤੀ। ਸਿਰਫ਼ ਤਿੰਨ ਸੀਟਾਂ ਨਾਲ ਅਕਾਲੀ ਦਲ ਬਿਲਕੁਲ ਹਾਸ਼ੀਏ ’ਤੇ ਆ ਗਿਆ। ਵਿਅੰਗਾਤਮਕ ਸਥਿਤੀ ਇਹ ਹੈ ਕਿ ਇਹ ਤਿੰਨ ਵਿਧਾਇਕ ਵੀ ਹੁਣ ਬਾਦਲ ਧੜੇ ਨਾਲ ਨਹੀਂ ਹਨ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਦੇ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਸਥਿਤੀ ਨੇ ਵਿਦਰੋਹ ਖੜ੍ਹਾ ਕਰ ਦਿੱਤਾ ਤੇ ਨਾਲ ਹੀ ਲੀਡਰਸ਼ਿਪ ’ਚ ਬਦਲਾਅ ਦੀ ਮੰਗ ਜ਼ੋਰ ਫੜਨ ਲੱਗੀ, ਜਿਸ ਦਾ ਨਤੀਜਾ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਵਜੋਂ ਬਦਲਣ ਦੇ ਰੂਪ ’ਚ ਸਾਹਮਣੇ ਆਇਆ।
ਪਾਰਟੀ ਆਗੂਆਂ ਦੇ ਇੱਕ ਧੜੇ ਨੇ ਪਰੰਪਰਾ ਮੁਤਾਬਿਕ ਅਕਾਲ ਤਖ਼ਤ ਕੋਲ ਪਹੁੰਚ ਕਰ ਕੇ ਬੇਨਤੀ ਕੀਤੀ ਕਿ ਲੰਘੇ ਦਹਾਕੇ ਦੌਰਾਨ ਹੋਈਆਂ ਭੁੱਲਾਂ ਤੇ ਅਣਗਹਿਲੀਆਂ ਦਾ ਵਿਰੋਧ ਨਾ ਕਰਨ ਕਰ ਕੇ ਉਨ੍ਹਾਂ ਨੂੰ ਸਜ਼ਾ ਲਾਈ ਜਾਵੇ। ਦੋ ਮੁੱਖ ਮੁੱਦੇ ਜਿਹੜੇ ਅੱਗੇ ਰੱਖੇ ਗਏ, ਉਨ੍ਹਾਂ ਵਿੱਚੋਂ ਇੱਕ ਸੀ ‘ਪੰਥ ਰਤਨ ਫਖ਼ਰ-ਏ-ਕੌਮ’ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਬੁਲਾ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਈ 2007 ਦੇ ਬੇਅਦਬੀ ਦੇ ਦੋਸ਼ਾਂ ’ਚ ਮੁਆਫ਼ੀ ਦੇਣ ਲਈ ਕਹਿਣਾ ਤੇ ਵਿਵਾਦਤ ਪੁਲੀਸ ਅਧਿਕਾਰੀ ਸੁਮੇਧ ਸਿੰਘ ਸੈਣੀ ਨੂੰ ਸੂਬਾ ਪੁਲੀਸ ਮੁਖੀ ਨਿਯੁਕਤ ਕਰਨਾ। ਉਹ ਉਨ੍ਹਾਂ ਪੁਲੀਸ ਅਧਿਕਾਰੀਆਂ ਵਿੱਚੋਂ ਇੱਕ ਸੀ, ਜਿਹੜੇ ਅਤਿਵਾਦ ਦੌਰਾਨ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨਾਲ ਜੁੜੇ ਹੋਏ ਹਨ। ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਸਰਪ੍ਰਸਤ ਸਨ ਜਦੋਂਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਅਗਵਾਈ ਕਰ ਰਹੇ ਸਨ ਤੇ ਉਪ ਮੁੱਖ ਮੰਤਰੀ ਵੀ ਸਨ। ਸਪੱਸ਼ਟ ਹੈ ਕਿ ਫ਼ੈਸਲੇ ਲੈਣ ਦੀ ਤਾਕਤ ਕਿਸ ਕੋਲ ਸੀ। ਸੁਖਬੀਰ ਨੇ ਤਖ਼ਤ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ।
ਸੁਖਬੀਰ ਨੇ ‘ਗੁਨਾਹ ਤੇ ਗ਼ਲਤੀਆਂ’ ਮੰਨਦੇ ਹੋਏ ਧਾਰਮਿਕ ਸਜ਼ਾ ਵੀ ਸਵੀਕਾਰੀ। ਸਥਿਤੀ ਨੇ ਉਦੋਂ ਇੱਕ ਹੋਰ ਮੋੜ ਕੱਟਿਆ ਜਦੋਂ ਪਾਰਟੀ ਆਗੂਆਂ ਨੇ 2 ਦਸੰਬਰ ਦੇ ਹੁਕਮਨਾਮੇ ’ਤੇ ਕਿੰਤੂ ਕਰਨੇ ਸ਼ੁਰੂ ਕਰ ਦਿੱਤੇ ਅਤੇ ਮਾਘੀ ਮੌਕੇ ਪਾਰਟੀ ਦੀ ਮੁਕਤਸਰ ਰੈਲੀ ਵਿੱਚ ਇੱਕ-ਨੁਕਾਤੀ ਮਤਾ ਪ੍ਰਵਾਨ ਕਰ ਕੇ ਅਕਾਲ ਤਖ਼ਤ ਨੂੰ ਸੰਬੋਧਿਤ ਹੋ ਕੇ ਅਪੀਲ ਕੀਤੀ ਗਈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਖ਼ਿਤਾਬ ਬਹਾਲ ਕੀਤਾ ਜਾਵੇ। ਦੋ ਦਸੰਬਰ ਦੇ ਹੁਕਮਨਾਮੇ ਨਾਲ ਨਾ ਕੇਵਲ ਵੱਡੇ ਬਾਦਲ ਦੀ ਵਿਰਾਸਤ ’ਤੇ ਦਾਗ਼ ਲੱਗ ਗਿਆ ਸਗੋਂ ਉਨ੍ਹਾਂ ਦੇ ਪੂਰੇ ਸਿਆਸੀ ਕਾਰਜਕਾਲ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ।
ਦੋ ਦਸੰਬਰ ਨੂੰ ਜਦੋਂ ਤੋਂ ਇਹ ਕਹਾਣੀ ਸ਼ੁਰੂ ਹੋਈ ਹੈ, ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਅਪਮਾਨਜਨਕ ਢੰਗ ਨਾਲ ਫਾਰਗ ਕਰ ਦਿੱਤਾ ਗਿਆ ਹੈ, ਜਦੋਂਕਿ ਐੱਸਜੀਪੀਸੀ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਇਹ ਗ਼ੈਰ-ਸਾਧਾਰਨ ਸਥਿਤੀ ਹੈ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ।
ਨਿਹੰਗ ਜਥੇਬੰਦੀਆਂ ਤੇ ਦਮਦਮੀ ਟਕਸਾਲ ਸਣੇ ਕਈ ਹੋਰ ਸਿੱਖ ਸੰਗਠਨਾਂ ਨੇ ਗਿਆਨੀ ਗੜਗੱਜ ਦੀ ਨਿਯੁਕਤੀ ਦਾ ਵਿਰੋਧ ਕੀਤਾ। ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਦਾ ਸੱਦਾ ਵੀ ਦਿੱਤਾ ਤਾਂ ਕਿ ਜਥੇਦਾਰ ਨੂੰ ਕਾਰਜਭਾਰ ਸੰਭਾਲਣ ਤੋਂ ਰੋਕਿਆ ਜਾ ਸਕੇ। ਇਹੀ ਕਾਰਨ ਸੀ ਕਿ ਜਥੇਦਾਰ ਨੂੰ ਰਾਤ ਨੂੰ ਹੀ ਅਹੁਦਾ ਸੰਭਾਲ ਦਿੱਤਾ ਗਿਆ। ਹੁਣ ਨਿਹੰਗ ਮੁਖੀਆਂ ਤੇ ਦਮਦਮੀ ਟਕਸਾਲ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਨਵੇਂ ਜਥੇਦਾਰ ਨੂੰ ਕੰਮ ਨਾ ਕਰਨ ਦਿੱਤਾ ਜਾਵੇ।
ਇੱਥੇ ਜ਼ਿਕਰਯੋਗ ਹੈ ਕਿ 2015 ਵਿੱਚ ਡੇਰਾ ਮੁਖੀ ਨੂੰ ਮੁਆਫ਼ੀ ਮਿਲਣ ਤੋਂ ਬਾਅਦ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਖ਼ਿਲਾਫ਼ ਜ਼ੋਰਦਾਰ ਰੋਹ ਪੈਦਾ ਹੋ ਗਿਆ ਸੀ ਤੇ ਅਕਾਲ ਤਖ਼ਤ ਸਣੇ ਕਈ ਪੰਥਕ ਸਟੇਜਾਂ ਉੱਤੇ ਚੜ੍ਹਨ ਤੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀ ਸੱਤਾ ਅਕਾਲੀ ਦਲ ਦੇ ਹੱਥਾਂ ’ਚ ਸੀ। ਹੁਣ ਸਥਿਤੀ ਬਿਲਕੁਲ ਵੱਖਰੀ ਹੈ ਕਿਉਂਕਿ ਬਾਦਲ ਧੜੇ ਵਿਰੁੱਧ ਨਾਰਾਜ਼ਗੀ ਬਹੁਤ ਵਧ ਗਈ ਹੈ।
ਜਥੇਦਾਰਾਂ ਦੀ ਬਰਖ਼ਾਸਤਗੀ ਤੇ ਨਵੀਆਂ ਨਿਯੁਕਤੀਆਂ ’ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ’ਚ ਤਕੜਾ ਵਿਰੋਧ ਉੱਭਰਿਆ ਹੈ। ਬਾਬਾ ਟੇਕ ਸਿੰਘ ਧਨੌਲਾ ਨੂੰ ਤਖਤ ਦਮਦਮਾ ਸਾਹਿਬ ਦਾ ਮੁਖੀ ਥਾਪਿਆ ਗਿਆ ਹੈ। ਮਜੀਠੀਆ ਰਿਸ਼ਤੇ ’ਚ ਸੁਖਬੀਰ ਦਾ ਕਰੀਬੀ ਰਿਸ਼ਤੇਦਾਰ ਹੈ। ਸੁਖਬੀਰ ਤੋਂ ਬਾਅਦ ਉਸ ਨੂੰ ਸਭ ਤੋਂ ਤਾਕਤਵਰ ਅਕਾਲੀ ਨੇਤਾ ਮੰਨਿਆ ਜਾਂਦਾ ਹੈ। ਇਸ ਲਈ ਇਸ ਪੱਧਰ ’ਤੇ ਬਗ਼ਾਵਤ ਉੱਠਣ ਦੇ ਗੰਭੀਰ ਨਤੀਜੇ ਨਿਕਲਣਗੇ। ਕਈ ਵਿਚਕਾਰਲੇ ਪੱਧਰ ਦੇ ਅਕਾਲੀ ਆਗੂਆਂ ਨੇ ਪਹਿਲਾਂ ਹੀ ਪਾਰਟੀ ਛੱਡ ਦਿੱਤੀ ਹੈ।
ਐੱਸਜੀਪੀਸੀ ਦਾ ਸਾਲਾਨਾ ਬਜਟ ਪੇਸ਼ ਕਰਨ ਲਈ 28 ਮਾਰਚ ਨੂੰ ਆਮ ਇਜਲਾਸ ਸੱਦਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ’ਚ ਬਹੁਤੇ ਮੈਂਬਰ ਬਾਦਲਾਂ ਨਾਲ ਚੱਲਣ ਵਾਲੇ ਹਨ, ਫਿਰ ਵੀ ਇਸ ਸਮੇਂ ਚੱਲ ਰਹੀ ਉਥਲ-ਪੁਥਲ ਦੇ ਪੇਸ਼ੇਨਜ਼ਰ ਇਹ ਬੈਠਕ ਮਹੱਤਵਪੂਰਨ ਹੋਵੇਗੀ।
ਜਿਹੜੇ ਲੋਕ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਆਖ਼ਰ ਉਹ ਬਰਬਾਦ ਹੋ ਜਾਂਦੇ ਹਨ।
ਸੰਪਰਕ: 97797-11201

Advertisement
Advertisement