For the best experience, open
https://m.punjabitribuneonline.com
on your mobile browser.
Advertisement

ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਕਵੀ ਤੇ ਚਿੰਤਕ ਡਾ. ਮੋਹਨ ਤਿਆਗੀ ਨੂੰ ਦੇਣ ਦਾ ਫ਼ੈਸਲਾ

02:10 PM Mar 17, 2025 IST
ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਕਵੀ ਤੇ ਚਿੰਤਕ ਡਾ  ਮੋਹਨ ਤਿਆਗੀ ਨੂੰ ਦੇਣ ਦਾ ਫ਼ੈਸਲਾ
Advertisement

ਹਤਿੰਦਰ ਮਹਿਤਾ
ਜਲੰਧਰ, 17 ਮਾਰਚ
‘ਇਪਸਾ’ ਆਸਟਰੇਲੀਆ ਵੱਲੋਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਦਿੱਤਾ ਜਾਣ ਵਾਲਾ ਹਰਭਜਨ ਹਲਵਾਰਵੀ ਪੁਰਸਕਾਰ ਇਸ ਸਾਲ ਡਾ. ਮੋਹਨ ਤਿਆਗੀ ਨੂੰ ਦਿੱਤਾ ਜਾਵੇਗਾ। ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਾਲ ਵਿੱਚ ਰੱਖੇ ਸਮਾਗਮ ਦੌਰਾਨ 21 ਮਾਰਚ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਡਾ. ਮੋਹਨ ਤਿਆਗੀ ਤੋਂ ਪਹਿਲਾਂ ਇਹ ਪੁਰਸਕਾਰ ਪ੍ਰੋ. ਗੁਰਭਜਨ ਗਿੱਲ (2018), ਜਤਿੰਦਰ ਪੰਨੂ (2019), ਦਰਸ਼ਨ ਖਟਕੜ (2020), ਹੰਸਾ ਸਿੰਘ ਨਾਟਕਕਾਰ (2021), ਡਾ. ਅਰਵਿੰਦਰ ਕਾਕੜਾ (2021), ਸੰਤ ਸਿੰਘ ਸੰਧੂ (2022), ਡਾ. ਅਨੂਪ ਸਿੰਘ (2023) ਅਤੇ ਕਹਾਣੀਕਾਰ ਜਿੰਦਰ (2024) ਨੂੰ ਮਿਲ ਚੁੱਕਾ ਹੈ।

Advertisement

ਡਾ. ਮੋਹਨ ਤਿਆਗੀ ਅਕਾਦਮਿਕ ਹਲਕਿਆਂ ਵਿਚ ਸਤਿਕਾਰਤ ਨਾਮ ਹੈ। ਉਨ੍ਹਾਂ ਹਾਸ਼ੀਏ ਤੋਂ ਬਾਹਰਲੇ ਨਜ਼ਰਅੰਦਾਜ਼ ਹੋਏ ਵਰਗ ਬਾਰੇ ਲਿਖਦਿਆਂ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਅਕਾਦਮਿਕ ਚਰਚਾ ਦੇ ਘੇਰੇ ਵਿਚ ਲਿਆਂਦਾ ਹੈ। ਪੰਜਾਬ ਦੇ ਖਾਨਾਬਦੋਸ਼ ਕਬੀਲਿਆਂ ਬਾਰੇ ਉਨ੍ਹਾਂ ਦੀਆਂ ਦੋ ਕਿਤਾਬਾਂ ‘ਬਾਜ਼ੀਗਰ ਕਬੀਲੇ ਦਾ ਸਭਿਆਚਾਰ (2013) ਅਤੇ ‘ਪੰਜਾਬ ਦੇ ਖਾਨਾਬਦੋਸ਼ ਕਬੀਲੇ’ (2014) ਉਨ੍ਹਾਂ ਦੀ ਖੋਜ ਆਧਾਰਿਤ ਮੁੱਲਵਾਨ ਪੁਸਤਕਾਂ ਹਨ। ‘ਧੂੰਏਂ ਦਾ ਦਸਤਾਵੇਜ਼’, ‘ਜੰਗਲ ਦਾ ਗੀਤ’, ‘ਨਜ਼ਮ ਦੀ ਆਤਮ ਕਥਾ’, ‘ਰੂਹ ਦਾ ਰੇਗਿਸਤਾਨ’ ਆਦਿ ਉਨ੍ਹਾਂ ਦੇ ਮੌਲਿਕ ਕਾਵਿ ਸੰਗ੍ਰਹਿ ਹਨ। ਉਨ੍ਹਾਂ ਆਪਣੇ ਕਲਮੀ ਸਫ਼ਰ ਦੌਰਾਨ ਦਰਜਨਾਂ ਸੰਪਾਦਿਤ ਕਿਤਾਬਾਂ, ਆਲੋਚਨਾਤਮਕ ਲੇਖ, ਸਾਂਝੀਆਂ ਪੁਸਤਕਾਂ ਅਤੇ ਕਈ ਖੋਜ ਪ੍ਰਕਾਸ਼ਨ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ।

Advertisement
Advertisement

ਪੰਜਾਬੀ ਸੈਂਟਰ ਪਟਿਆਲਾ ਵਿਖੇ ਹੋਣ ਵਾਲੇ ਸਮਾਗਮ ਵਿਚ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਵਿਸ਼ੇਸ਼ ਭਾਸ਼ਣ ਨਾਮਵਰ ਚਿੰਤਕ ਅਤੇ ਲੇਖਕ ਡਾ. ਭੀਮਇੰਦਰ ਸਿੰਘ ਵੱਲੋਂ ‘ਵਰਤਮਾਨ ਵਿਚ ਸਾਹਿਤ ਦੀ ਭੂਮਿਕਾ ਬਾਰੇ’ ਦਿੱਤਾ ਜਾਵੇਗਾ। ਇਸ ਭਾਸ਼ਣ ਲਈ ਨਾਮਜ਼ਦ ਬੁਲਾਰੇ ਨੂੰ ਟਰੱਸਟ ਵੱਲੋਂ 11000 ਰੁਪਏ ਦੀ ਰਾਸ਼ੀ ਨਾਲ ਸਨਮਾਨਿਆ ਜਾਂਦਾ ਹੈ। ਹਰਭਜਨ ਹਲਵਾਰਵੀ ਪੁਰਸਕਾਰ ਵਿਚ ਸਨਮਾਨਿਤ ਹੋਣ ਵਾਲੀ ਹਸਤੀ ਨੂੰ 21000 ਹਜ਼ਾਰ ਰੁਪਏ ਨਕਦ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਪ੍ਰਦਾਨ ਕੀਤਾ ਜਾਂਦਾ ਹੈ। ਡਾ.ਗੋਪਾਲ ਸਿੰਘ ਬੁੱਟਰ ਨੇ ਦੱਸਿਆ ਕਿ ਇਨਕਲਾਬੀ ਸ਼ਾਇਰ ਅਤੇ ਰਾਜਨੀਤਕ ਵਿਚਾਰਧਾਰਕ ਦਰਸ਼ਨ ਖਟਕੜ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਨਾਲ ਡਾ. ਨਿਰਮਲ ਜੌੜਾ, ਪ੍ਰਿੰਸੀਪਲ ਰਣਜੀਤ ਸਿੰਘ ਅਤੇ ਦਲਵੀਰ ਹਲਵਾਰਵੀ ਆਸਟਰੇਲੀਆ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਣਗੇ। ਇਸ ਮੌਕੇ ਹਰਭਜਨ ਹਲਵਾਰਵੀ ਪਰਿਵਾਰ ਵੱਲੋਂ ਉਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰਿਤਪਾਲ ਕੌਰ ਹਲਵਾਰਵੀ ਅਤੇ ਨਿੱਕੇ ਭਰਾ ਡਾ. ਨਵਤੇਜ ਸਿੰਘ ਹਲਵਾਰਵੀ ਵੀ ਹਾਜ਼ਰ ਰਹਿਣਗੇ। ਇਸ ਮੌਕੇ ਹਾਜ਼ਰੀਨ ਕਵੀਆਂ ਤੇ ਆਧਾਰਿਤ ਕਵੀ ਦਰਬਾਰ ਵੀ ਆਯੋਜਿਤ ਕੀਤਾ ਜਾਵੇਗਾ।

Advertisement
Author Image

Advertisement