ਥਰਮਲ ਪਲਾਂਟ ਦੀ ਸੁਆਹ ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਬੰਧਕਾਂ ਲਈ ਮੁਸੀਬਤ ਬਣੀ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 14 ਨਵੰਬਰ
ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚੋਂ ਸੁਆਹ ਚੁਕਵਾਉਣ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਥਰਮਲ ਪਲਾਂਟ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਦਾ ਜਾਪ ਰਿਹਾ ਹੈ। ਇਸ ਸਬੰਧੀ ਜਿੱਥੇ ਅੰਬੂਜਾ ਸੀਮਿੰਟ ਫੈਕਟਰੀ ਨੇੜੇ ਪ੍ਰਦੂਸ਼ਣ ਖ਼ਿਲਾਫ਼ ਪੱਕਾ ਧਰਨਾ ਲਗਾਈ ਬੈਠੇ ਧਰਨਾਕਾਰੀ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਲਜਿਾਣ ਵਾਲੀਆਂ ਗੱਡੀਆਂ ਨੂੰ ਅੰਬੂਜਾ ਮਾਰਗ ਤੋਂ ਲੰਘਣ ਨਹੀਂ ਦੇ ਰਹੇ, ਉੱਥੇ ਹੀ ਸੁਆਹ ਦੇ ਭਰੇ ਭਾਰੀ ਟਿੱਪਰਾਂ ਦੀ ਆਵਾਜਾਈ ਕਾਰਨ ਹਲਕੇ ਵਾਹਨਾਂ ਲਈ ਬਣਾਈਆਂ ਸੜਕਾਂ ਟੁੱਟਣ ਕਾਰਨ ਅਤੇ ਇਨ੍ਹਾਂ ਸੜਕਾਂ ਦੇ ਸੁਆਹ ਦਾ ਪ੍ਰਦੂਸ਼ਣ ਪੈਦਾ ਹੋਣ ਕਾਰਨ ਥਰਮਲ ਮੁਲਾਜ਼ਮਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਥਰਮਲ ਪ੍ਰਬੰਧਕਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉੱਧਰ, ਰਾਵਲਮਾਜਰਾ ਅਤੇ ਅਲੀਪੁਰ ਪਿੰਡਾਂ ਦੇ ਵਸਨੀਕ ਵੀ ਟਿੱਪਰਾਂ ਦੀ ਆਵਾਜਾਈ ਦਾ ਰੂਟ ਬਦਲੀ ਕੀਤੇ ਜਾਣ ਤੋਂ ਡਾਢੇ ਦੁਖੀ ਹਨ ਅਤੇ ਉਹ ਵੀ ਥਰਮਲ ਮੁਲਾਜ਼ਮਾਂ ਦੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰੀ ਖਿੱਚੀ ਬੈਠੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੂਸ਼ਣ ਖ਼ਿਲਾਫ਼ ਧਰਨਾ ਦੇ ਰਹੇ ਧਰਨਾਕਾਰੀਆਂ ਵੱਲੋਂ ਅੰਬੂਜਾ ਮਾਰਗ ਤੋਂ ਸੀਮਿੰਟ ਫੈਕਟਰੀ ਦੀਆਂ ਸੀਮਿੰਟ, ਕਲਿੰਕਰ ਅਤੇ ਹੋਰ ਸਮੱਗਰੀ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਬੇਰੋਕ ਲੰਘਾਇਆ ਜਾ ਰਿਹਾ ਹੈ ਪਰ ਥਰਮਲ ਪਲਾਂਟ ਤੋਂ ਸੁਆਹ ਲਜਿਾਣ ਵਾਲੇ ਖਾਲੀ ਟਿੱਪਰਾਂ ਨੂੰ ਵੀ ਅੰਬੂਜਾ ਮਾਰਗ ਤੋਂ ਲੰਘਣ ਨਹੀਂ ਦਿੱਤਾ ਜਾ ਰਿਹਾ। ਸਰਕਾਰੀ ਨਿਯਮਾਂ ਮੁਤਾਬਿਕ ਕੌਮੀ ਮਾਰਗਾਂ ਦੀ ਉਸਾਰੀ ਲਈ ਨੇੜੇ ਦੇ ਥਰਮਲ ਪਲਾਂਟਾਂ ਦੀ ਸੁਆਹ ਦੀ ਵਰਤੋਂ ਕਰਨਾ ਲਾਜ਼ਮੀ ਹੁੰਦਾ ਹੈ। ਥਰਮਲ ਪਲਾਂਟ ਵੱਲੋਂ ਵੀ ਸੁਆਹ ਚੁੱਕਵਾਉਣੀ ਅਤਿ ਜ਼ਰੂਰੀ ਹੈ। ਜੇ ਨਿਰਧਾਰਿਤ ਸਮੇਂ ਅੰਦਰ ਥਰਮਲ ਪਲਾਂਟ ਦੁਆਰਾ ਸੁਆਹ ਦਾ ਨਬਿੇੜਾ ਨਹੀਂ ਕੀਤਾ ਜਾਂਦਾ ਤਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਭਾਰੀ ਜੁਰਮਾਨਾ ਅਦਾ ਕਰਨਾ ਪਵੇਗਾ। ਹੁਣ ਥਰਮਲ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 35 ਸਾਲ ਪੁਰਾਣੇ ਭਾਰੇ ਵਾਹਨਾਂ ਦੀ ਆਵਾਜਾਈ ਲਈ ਵਿਸ਼ੇਸ਼ ਤੌਰ ’ਤੇ ਬਣਾਏ ਮਾਰਗ ਰਾਹੀਂ ਟਿੱਪਰਾਂ ਦੀ ਆਵਾਜਾਈ ਚਲਾਉਣ ਦੀ ਅਪੀਲ ਕਰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਚੱਕਾ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਥਰਮਲ ਮੁਲਾਜ਼ਮਾਂ ਦੀ ਜਥੇਬੰਦੀ ਦੇ ਪ੍ਰਧਾਨ ਹਰਮੇਸ਼ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਸੀ ਕਿ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ ’ਤੇ ਆਧਾਰਿਤ ਸਾਂਝੀ ਕਮੇਟੀ ਬਣਾ ਕੇ ਸੀਮਿੰਟ ਫੈਕਟਰੀ ਅਤੇ ਪਲਾਂਟ ਦੀਆਂ ਝੀਲਾਂ ਵਿੱਚੋਂ ਢੋਆ-ਢੁਆਈ ਕਰਨ ਵਾਲੇ ਵਾਹਨਾਂ ’ਤੇ ਸਾਂਝੀ ਪਰਚੀ ਲਗਾ ਦੇਵੇ। ਇਸ ਨਾਲ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਦੀ ਤਰੱਕੀ ਵੀ ਹੋਵੇਗੀ ਤੇ ਦੂਜੇ ਇਸ ਫੰਡ ਵਿੱਚੋਂ ਹੀ ਪ੍ਰਦੂਸ਼ਣ ਕਾਰਨ ਕਿਸੇ ਬਿਮਾਰੀ ਦਾ ਸ਼ਿਕਾਰ ਹੋਏ ਵਿਅਕਤੀ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ। ਅੰਬੂਜਾ ਫੈਕਟਰੀ ਨੇੜੇ ਬੈਠੇ ਧਰਨਾਕਾਰੀਆਂ ਤੇ ਥਰਮਲ ਮੁਲਾਜ਼ਮਾਂ ਦੇ ਸੰਘਰਸ਼ ਕਰ ਕੇ ਫ਼ਿਲਹਾਲ ਟਿੱਪਰਾਂ ਦੀ ਆਵਾਜਾਈ ਦਾ ਮਸਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਥਰਮਲ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਿਆ ਨਜ਼ਰ ਆ ਰਿਹਾ ਹੈ।
ਇੰਨਾ ਹੀ ਨਹੀਂ ਇਨ੍ਹਾਂ ਭਾਰੇ ਵਾਹਨਾਂ ਕਾਰਨ ਭਾਖੜਾ ਦੀ ਪਟੜੀ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਇਨ੍ਹਾਂ ਵਾਹਨਾਂ ਕਾਰਨ ਪੁਲ ਦੀ ਰੇਲਿੰਗ ਵੀ ਨੁਕਸਾਨੀ ਗਈ ਹੈ।