ਸਿੱਖਿਆ ਕ੍ਰਾਂਤੀ ਅਸਲ ’ਚ ਸਰਕਾਰ ਦੀ ਪ੍ਰਚਾਰ ਕ੍ਰਾਂਤੀ ਹੈ: ਪਡਿਆਲਾ
ਮਿਹਰ ਸਿੰਘ
ਕੁਰਾਲੀ, 10 ਅਪਰੈਲ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਚਲਾਈ ਜਾ ਰਹੀ ਮੁਹਿੰਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਮੁਹਿੰਮ ਨੂੰ ਸਰਕਾਰ ਦੀ ‘ਪ੍ਰਚਾਰ ਕ੍ਰਾਂਤੀ’ ਕਰਾਰ ਦਿੱਤਾ ਹੈ। ਜੀਤੀ ਪਡਿਆਲਾ ਨੇ ਅਜਿਹੇ ਪ੍ਰਚਾਰ ਕਰਨ ਦੀ ਥਾਂ ਸਕੂਲੀ ਸਿੱਖਿਆ ਦੇ ਸੁਧਾਰ ਲਈ ਠੋਸ ਯਤਨ ਕੀਤੇ ਜਾਣ ਦੀ ਮੰਗ ਕੀਤੀ ਹੈ। ਜੀਤੀ ਪਡਿਆਲਾ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਸਕੂਲਾਂ ਦੀ ਸਾਰ ਨਾ ਲੈਣ ਵਾਲੇ ਮੰਤਰੀ, ਵਿਧਾਇਕ ਤੇ ਆਗੂ ਹੁਣ ਸਕੂਲਾਂ ਵਿੱਚ ਵੱਡੇ ਸਮਾਮਗ ਕਰਵਾ ਕੇ ਸਕੂਲਾਂ ਵਿੱਚ ਉਦਘਾਟਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵੱਡੇ ਇਕੱਠ ਕਰਨ ਅਤੇ ਉਦਘਾਟਨ ਪ੍ਰੋਗਰਾਮਾਂ ਦਾ ਹਰ ਮਾਧਿਅਮ ਰਾਹੀਂ ਪ੍ਰਚਾਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਨੂੰ ਕੇਵਲ ਮੀਡੀਆ ’ਚ ਚਮਕਣ ਲਈ ਵਰਤਿਆ ਜਾ ਰਿਹਾ ਹੈ। ਜੀਤੀ ਪਡਿਆਲਾ ਨੇ ਕਿਹਾ ਕਿ ਦਾਖਲਿਆਂ ਦੇ ਦਿਨਾਂ ਦੌਰਾਨ ਅਧਿਆਪਕਾਂ ਨੂੰ ਆਪਣੇ ਮੁੱਖ ਕੰਮ ਤੋਂ ਹਟਾ ਕੇ ਸਕੂਲ ਉਦਘਾਟਨ ਸਮਾਰੋਹਾਂ ਦੀਆਂ ਡਿਊਟੀਆਂ ’ਚ ਲਾਇਆ ਜਾ ਰਿਹਾ ਹੈ ਜੋ ਵਿਦਿਆਰਥੀਆਂ ਦੇ ਹੱਕਾਂ ਨਾਲ ਸਿੱਧਾ ਖਿਲਵਾੜ ਹੈ।