ਅੰਬੇਡਕਰ ਸਮਾਜਿਕ ਸਦਭਾਵਨਾ ਤੇ ਨਿਆਂ ਦਾ ਰਸਤਾ ਦਿਖਾਉਂਦੇ ਹਨ: ਟੰਡਨ
ਕੁਲਦੀਪ ਸਿੰਘ
ਚੰਡੀਗੜ੍ਹ, 10 ਅਪਰੈਲ
ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਦੇ ਮੌਕੇ ’ਤੇ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਪ੍ਰਬੰਧਕ ਕਮੇਟੀ ਚੰਡੀਗੜ੍ਹ ਪ੍ਰਦੇਸ਼ ਵੱਲੋਂ ਅੱਜ ਸੈਕਟਰ 37 ਵਿੱਚ ਸਮਾਜਿਕ ਸਨਮਾਨ ਸਮਾਗਮ ਕਰਵਾਇਆ ਗਿਆ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਹਿ-ਇੰਚਾਰਜ ਸੰਜੈ ਟੰਡਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਡਾ. ਅੰਬੇਡਕਰ ਦੀ ਤਸਵੀਰ ਨੂੰ ਦੀਪ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਜਿਸ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਸਮਦਰਸ਼ ਵੈਦ ਜੋਸਫ਼, ਪਵਨ ਅਟਵਾਲ ਅਤੇ ਵਾਈਸ ਚੇਅਰਮੈਨ ਈਸ਼ਵਰ ਅਦੀਵਾਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਭਾਜਪਾ ਆਗੂ ਸੰਜੈ ਟੰਡਨ ਨੇ ਕਿਹਾ ਕਿ ਡਾ. ਅੰਬੇਡਕਰ ਦੇ ਵਿਚਾਰ ਅਤੇ ਆਦਰਸ਼ ਅੱਜ ਵੀ ਸਮਾਜਿਕ ਸਦਭਾਵਨਾ, ਸਮਾਨਤਾ ਅਤੇ ਨਿਆਂ ਦਾ ਰਸਤਾ ਦਿਖਾਉਂਦੇ ਹਨ। ਆਰਥਿਕ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨ ਵਾਲੇ ਬਾਬਾ ਸਾਹਿਬ ਨੇ ਆਪਣੇ ਸੰਘਰਸ਼ ਅਤੇ ਦੂਰਦਰਸ਼ੀ ਰਾਹੀਂ ਸਮਾਜ ਨੂੰ ਜਗਾਇਆ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਮਨੀਸ਼ ਬਾਂਸਲ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ।
ਉਨ੍ਹਾਂ ਨੇ ਪੜ੍ਹਾਈ ਵਿੱਚ ਮਾਅਰਕੇ ਮਾਰਨ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਅਤੇ ਸਮਾਜ ਵਿੱਚ ਵਿਸ਼ੇਸ਼ ਸੇਵਾਵਾਂ ਕਰਨ ਵਾਲੇ ਬੁੱਧੀਜੀਵੀਆਂ ਨੂੰ ਸਨਮਾਨਿਤ ਵੀ ਕੀਤਾ। ਸ੍ਰੀ ਬਸਲ ਨੇ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸਮਾਜ ਦੇ ਦਬੇ ਕੁਚਲੇ, ਪੱਛੜੇ ਅਤੇ ਦਲਿਤ ਵਰਗ ਨੂੰ ਉੱਚਾ ਚੁੱਕਣ ਵਾਸਤੇ ਕੀਤੇ ਕੰਮਾਂ ਉਤੇ ਚਾਨਣਾ ਪਾਇਆ ਅਤੇ ਸ਼ੋਭਾ ਯਾਤਰਾ ਕਮੇਟੀ ਵੱਲੋਂ ਇਸ ਸਬੰਧ ਵਿੱਚ ਕਰਵਾਏ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ।