ਪਾਣੀ ਦੇ ਮੁੱਦਿਆਂ ਤੇ ਮੁੱਖ ਮੰਤਰੀ ਜਲਦ ਸਰਬ ਪਾਰਟੀ ਮੀਟਿੰਗ ਸੱਦਣ: ਚੰਦੂਮਾਜਰਾ
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 1 ਮਈ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੁੱਖ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ 8500 ਕਿਉਸਿਕ ਪਾਣੀ ਛੱਡਣ ਦੇ ਫੈਸਲੇ ਤੇ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਜਲਦ ਸਰਬ ਪਾਰਟੀ ਮੀਟਿੰਗ ਸੱਦਣ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਘਰਾਂ ਦੇ ਅੱਗੇ ਧਰਨੇ ਲਗਾਉਣ ਨਾਲ ਪੰਜਾਬ ਨੂੰ ਪਾਣੀ ਨਹੀਂ ਮਿਲੇਗਾ, ਸਗੋਂ ਪਾਣੀ ਲੈਣ ਲਈ ਇਕਜੁੱਟਤਾ ਦਿਖਾਉਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਦੀ ਥਾਂ ਪੰਜਾਬ ਤੇ ਪੰਜਾਬੀਅਤ ਲਈ ਇਕ ਲਹਿਰ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਬੀਐੱਮਬੀ ਅੰਦਰੋਂ ਸੂਬੇ ਦੀ ਸਥਾਈ ਮੈਂਬਰਸ਼ਿਪ ਖਤਮ ਨਾ ਹੁੰਦੀ ਤਾਂ ਅੱਜ ਅਜਿਹੇ ਹਾਲਾਤ ਨਾਂ ਬਣਦੇ।
ਚੰਦੂਮਾਜਰਾ ਨੇ ਕਿਹਾ ਕਿ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਤੇ ਚੁੱਪ ਧਾਰੀ ਗਈ। ਉਨ੍ਹਾਂ ਕਿਹਾ ਆਰਡੀਐੱਫ ਦੇ ਮੁੱਦੇ ਤੇ ਪਾਸਾ ਵੱਟਣਾ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਸੁਹਿਰਦਤਾ ਨਾਲ ਗੱਲ ਨਾ ਕਰਨ ਕਰਕੇ ਅੱਜ ਪੰਜਾਬ ਦੇ ਗਲ ਨੂੰ ਹੱਥ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਅੱਜ ਅਜਿਹੇ ਗੰਭੀਰ ਮੁੱਦੇ ਤੇ ਮੁੱਖ ਮੰਤਰੀ ਸਿਆਸੀ ਰੋਟੀਆਂ ਸੇਕਣ ਦੀ ਥਾਂ ਪੰਜਾਬੀਆਂ ਨੂੰ ਇਕ ਪਲੇਟਫਾਰਮ ਤੇ ਲਿਆਉਣ ਲਈ ਜਲਦ ਤੋਂ ਜਲਦ ਸਰਬ ਪਾਰਟੀ ਮੀਟਿੰਗ ਸੱਦ ਕੇ ਪੰਜਾਬੀਆਂ ਵਿਰੁੱਧ ਇਸ ਫੈਸਲੇ ਦਾ ਜਮ ਕੇ ਵਿਰੋਧ ਕਰਨ।