BBMB row ਹਰਿਆਣਾ ਨੂੰ ਵਾਧੂ ਪਾਣੀ ਛੱਡਣ ’ਚ ਨਵਾਂ ਅੜਿੱਕਾ, ਪੰਜਾਬ ਨਾਲ ਸਬੰਧਤ ਹੇਠਲੇ ਅਧਿਕਾਰੀਆਂ ਨੇ ਡੈਮ ਦੇ ਗੇਟ ਖੋਲ੍ਹਣ ਤੋਂ ਪਾਸਾ ਵੱਟਿਆ
ਨੰਗਲ ਡੈਮ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ; ਨੰਗਲ ਡੈਮ ਉਤੇ ਧਰਨੇ ’ਤੇ ਬੈਠੇ ਕੈਬਨਿਟ ਮੰਤਰੀ ਹਰਜੋਤ ਬੈਂਸ
ਚਰਨਜੀਤ ਭੁੱਲਰ
ਚੰਡੀਗੜ੍ਹ, 1 ਮਈ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਲੰਘੇ ਕੱਲ੍ਹ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਫ਼ੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਨਵੇਂ ਅੜਿੱਕੇ ਖੜ੍ਹੇ ਹੋ ਗਏ ਹਨ।
ਭਾਖੜਾ ਡੈਮ ਤੋਂ ਅੱਜ ਸਵੇਰ ਵੇਲੇ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਛੱਡਿਆ ਜਾਣਾ ਸੀ। ਬੇਸ਼ੱਕ ਲੰਘੀ ਰਾਤ ਹੀ ਬੀਬੀਐੱਮਬੀ ਨੇ ਵਾਧੂ ਪਾਣੀ ਛੱਡਣ ਲਈ ਰਾਹ ਪੱਧਰਾ ਕਰਨ ਵਾਸਤੇ ਭਾਖੜਾ ਡੈਮ ਦੇ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਆਕਾਸ਼ਦੀਪ ਸਿੰਘ ਨੂੰ ਤਬਦੀਲ ਕਰਕੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਲਗਾ ਦਿੱਤਾ ਸੀ।
ਅੱਜ ਜਦੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਵਾਸਤੇ ਨਵੇਂ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਸੰਜੀਵ ਕੁਮਾਰ ਨੇ ਭਾਖੜਾ ਡੈਮ ਦੇ ਗੇਟ ਖੋਲ੍ਹਣ ਦੇ ਹੁਕਮ ਦਿੱਤੇ ਤਾਂ ਹੇਠਲੇ ਅਧਿਕਾਰੀ ਜੋ ਕਿ ਪੰਜਾਬ ਦੇ ਹਨ, ਡੈਮ ਦੇ ਗੇਟ ਖੋਲ੍ਹਣ ਤੋਂ ਪਾਸਾ ਵੱਟ ਗਏ। ਪਤਾ ਲੱਗਿਆ ਹੈ ਕਿ ਐਕਸੀਅਨ ਅਤੇ ਐੱਸਡੀਓ ਪੰਜਾਬ ਦੀ ਤਰਫ਼ੋਂ ਹਨ ਜਿਨ੍ਹਾਂ ਨੇ ਡਾਇਰੈਕਟਰ ਦੇ ਹੁਕਮਾਂ ਨੂੰ ਇੱਕ ਤਰੀਕੇ ਨਾਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਹਰਿਆਣਾ ਨੂੰ ਵਾਧੂ ਪਾਣੀ ਛੱਡਿਆ ਨਹੀਂ ਜਾ ਸਕਿਆ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਥੋੜ੍ਹੀ ਦੇਰ ਵਿੱਚ ਨੰਗਲ ਡੈਮ ਪਹੁੰਚਣਗੇ।
ਨੰਗਲ ਡੈਮ ਉਤੇ ਧਰਨੇ ’ਤੇ ਬੈਠੇ ਕੈਬਨਿਟ ਮੰਤਰੀ ਹਰਜੋਤ ਬੈਂਸ
ਬਲਵਿੰਦਰ ਰੈਤ
ਨੰਗਲ: ਇਸ ਦੌਰਾਨ ਹਰਿਆਣਾ ਨੂੰ ਪਾਣੀ ਛੱਡੇ ਜਾਣ ਦੀ ਕਾਰਵਾਈ ਖ਼ਿਲਾਫ਼ ਅੱਜ ਕੈਬਨਿਟ ਮੰਤਰੀ ਹਰਜੋਤ ਬੈਂਸ ਨੰਗਲ ਡੈਮ ਉਤੇ ਧਰਨੇ ’ਤੇ ਬੈਠ ਗਏ ਹਨ। ਜਾਣਕਾਰੀ ਮੁਤਾਬਕ ਥੋੜੀ ਦੇਰ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਆ ਕੇ ਆਪਣਾ ਸਟੈਂਡ ਸਪਸ਼ਟ ਕਰਨਗੇ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।