ਬੱਚਿਆਂ ਨੇ ਮਾਤ-ਪਿਤਾ ਪੂਜਨ ਦਿਵਸ ਮਨਾਇਆ
ਕਰਮਜੀਤ ਸਿੰਘ ਚਿੱਲਾ
ਬਨੂੜ, 10 ਅਪਰੈਲ
ਬਨੂੜ-ਅੰਬਾਲਾ ਰੋਡ ’ਤੇ ਸਥਿਤ ਪਿੰਡ ਖਲੌਰ ਵਿਖੇ ਬਿਨਾਂ ਕਿਸੇ ਮੂਰਤੀ ਤੋਂ ਬਣਾਏ ਜਾ ਰਹੇ ਦੁਨੀਆਂ ਦੇ ਪਹਿਲੇ ਅਤੇ ਇਕਲੌਤੇ ਮਾਤ-ਪਿਤਾ ਮੰਦਿਰ ਵਿਖੇ ਅੱਜ ‘ਮਾਤ-ਪਿਤਾ ਪੂਜਨ ਦਿਵਸ’ ਹੋਇਆ। ਇਸ ਮੌਕੇ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਸਵਾਮੀ ਅਖਿਲੇਸ਼ਵਰਾਨੰਦ ਗਿਰੀ ਮਹਾਰਾਜ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦੋਂ ਕਿ ਸੀਨੀਅਰ ਭਾਜਪਾ ਨੇਤਾ ਸ਼ਿਆਮ ਜਾਜੂ ਵਿਸ਼ੇਸ਼ ਮਹਿਮਾਨ ਸੀ। ਐੱਸਬੀਐੱਸ ਅਤੇ ਹਾਰਮਨੀ ਗਰੁੱਪ ਆਫ਼ ਕਾਲਜਿਜ਼ ਦੇ ਪ੍ਰਧਾਨ ਧਰਮਪਾਲ ਬਾਂਸਲ ਅਤੇ ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ਮੁੱਖ ਸਰਪ੍ਰਸਤ ਸ਼ਾਮ ਲਾਲ ਸਿੰਗਲਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਮਾਤ-ਪਿਤਾ ਗਊ ਧਾਮ ਦੇ ਸੰਸਥਾਪਕ ਗੋਚਰ ਚੰਦ ਗਿਆਨ ਦਾਸ ਵਾਲੀਆ ਨੇ ਕੀਤੀ। ਅਖਿਲ ਭਾਰਤੀ ਗਊ ਕਥਾ ਵਾਚਕ ਦੇ ਸ੍ਰੀ ਚੰਦਰਕਾਂਤ ਨੇ ਆਪਣੇ ਵਿਚਾਰ ਰੱਖੇ ਅਤੇ ਭਜਨ ਗਾਇਕ, ਪ੍ਰਵੀਨ ਵਧਵਾ ਨੇ ਭਜਨ ਗਾਏ। ਇਸ ਮੌਕੇ ਰੰਗ ਭਰੋ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਸੰਸਕਾਰ ਜੋਤੀ ਵੱਲੋਂ ਰੰਗ ਭਰੋ ਮੁਕਾਬਲਾ ਫਰਵਰੀ ਵਿੱਚ ਸਕੂਲ ਪੱਧਰ ’ਤੇ ਮਾਪਿਆਂ ਅਤੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਦੀ ਇੱਕ ਵਿਲੱਖਣ ਪਹਿਲਕਦਮੀ ਦੇ ਤਹਿਤ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ 15 ਬੱਚਿਆਂ ਨੂੰ ਨਕਦ ਇਨਾਮ ਦਿੱਤੇ ਗਏ। 250 ਬੱਚਿਆਂ ਨੂੰ ਮੈਡਲ ਅਤੇ ਟਰਾਫੀਆਂ ਦਿੱਤੀਆਂ ਗਈਆਂ ਅਤੇ 3200 ਬੱਚਿਆਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ।
ਪਹਿਲਾ ਇਨਾਮ ਐਸਡੀ ਮਾਡਲ ਸਕੂਲ, ਰਾਜਪੁਰਾ ਤੋਂ ਰਿਧੀ ਕੁਮਾਰ, ਸਟੈਲਰ ਇੰਟਰਨੈਸ਼ਨਲ ਸਕੂਲ ਬਾਸਮਾ ਤੋਂ ਕਨਵ ਧੀਮਾਨ ਅਤੇ ਕੇਕੇ ਹਾਈ ਸਕੂਲ ਰਾਜਪੁਰਾ ਤੋਂ ਪ੍ਰਭਜੀਤ ਸਿੰਘ ਨੇ ਜਿੱਤਿਆ। ਦੂਜਾ ਇਨਾਮ ਪਟੇਲ ਪਬਲਿਕ ਸਕੂਲ ਰਾਜਪੁਰਾ ਤੋਂ ਨਿਰਵੈਰ ਕੌਰ, ਡੀਏਵੀ ਪਬਲਿਕ ਸਕੂਲ ਰਾਜਪੁਰਾ ਤੋਂ ਜਾਨਵੀ ਅਤੇ ਸੀਐਮ ਪਬਲਿਕ ਸਕੂਲ, ਰਾਜਪੁਰਾ ਤੋਂ ਆਰਾਧਿਆ ਬਦਲਾਨ ਨੇ ਜਿੱਤਿਆ। ਤੀਜਾ ਇਨਾਮ ਨਿਊ ਇੰਡੀਆ ਸੀਨੀਅਰ ਸੈਕੰਡਰੀ ਸਕੂਲ ਪੰਚਕੂਲਾ ਤੋਂ ਤਾਨੀਆ ਰਾਓ, ਅਲਾਇੰਸ ਇੰਟਰਨੈਸ਼ਨਲ ਸਕੂਲ ਬਨੂੜ ਤੋਂ ਅਹਿਦ ਅਤੇ ਸੀਐਮ ਪਬਲਿਕ ਸਕੂਲ, ਰਾਜਪੁਰਾ ਤੋਂ ਵਿਧੀ ਨੇ ਜਿੱਤਿਆ। ਇਸ ਮੌਕੇ ਸਕੂਲੀ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ।