ਦਰਜਨਾਂ ਵਿੱਘੇ ਕਣਕ ਦਾ ਨਾੜ ਸੜਿਆ
ਨੇੜਲੇ ਪਿੰਡ ਚੰਗੇਰਾ ਅਤੇ ਸ਼ੰਭੂ ਕਲਾਂ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਦਰਜਨਾਂ ਵਿੱਘੇ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਪਹਿਲੀ ਘਟਨਾ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਪਿੰਡ ਚੰਗੇਰਾ ਵਿਖੇ ਕਣਕ ਦੇ ਨਾੜ ਨੂੰ ਅਚਾਨਕ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਹ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੇ। ਫ਼ਾਇਰ ਬ੍ਰਿਗੇਡ ਰਾਜਪੁਰਾ ਵਿਖੇ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪਿੰਡ ਵਾਸੀਆਂ ਨੇ ਬੜੀ ਮੁਸਤੈਦੀ ਨਾਲ ਅੱਗ ’ਤੇ ਕਾਬੂ ਪਾਇਆ।
ਦੂਜੀ ਘਟਨਾ ਕਰੀਬ ਸਾਢੇ ਨੌਂ ਵਜੇ ਪਿੰਡ ਸ਼ੰਭੂ ਕਲਾਂ ਵਿੱਚ ਵਾਪਰੀ। ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਘਟਨਾ ਬਾਰੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾਈ ਗਈ। ਤੇਜ਼ ਹਵਾ ਕਾਰਨ ਅੱਗ ਦੇ ਇਕਦਮ ਭਾਂਬੜ ਮਚ ਗਏ। ਅੱਗ ਇੰਨੀ ਤੇਜ਼ ਸੀ ਕਿ ਸਾਰੇ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਅੱਗ ਦੀਆਂ ਲਪਟਾਂ 40 ਤੋਂ 50 ਫੁੱਟ ਉੱਚੀਆਂ ਹੋ ਗਈਆਂ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਟਰੈਕਟਰ ਨਾਲ ਜ਼ਮੀਨ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਦੌਰਾਨ ਆਈ ਬਾਰਿਸ਼ ਕਾਰਨ ਅੱਗ ’ਤੇ ਕਾਬੂ ਪੈ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।