ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ’ਤੇ ਕਾਰਵਾਈ ਤੋਂ ਭੱਜੀ ਸਰਕਾਰ: ਸਲਾਣਾ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 3 ਜੂਨ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਜਾਅਲੀ ਜਾਤੀ ਅਤੇ ਜਾਅਲੀ ਅੰਗਹੀਣ ਸਰਟੀਫਿਕੇਟ ਬਣਾ ਕੇ ਐੱਸਸੀ/ਬੀਸੀ ਵਰਗ ਦੇ ਉਮੀਦਵਾਰਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਦਾ ਲਾਭ ਲੈ ਰਹੇ ਹਨ, ਪ੍ਰੰਤੂ ਪੰਜਾਬ ਦੀ ‘ਆਪ’ ਸਰਕਾਰ ਅਜਿਹੇ ਵਿਅਕਤੀ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਤੋਂ ਭੱਜ ਰਹੀ ਹੈ। ਅੱਜ ਇੱਥੇ ਸਿੱਖਿਆ ਭਵਨ ਦੇ ਬਾਹਰ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਰਸਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਤੇ ਪਰਵਿੰਦਰ ਭਾਰਤੀ, ਸਕੱਤਰ ਵੀਰ ਸਿੰਘ ਮੋਗਾ, ਪ੍ਰੈੱਸ ਸਕੱਤਰ ਹਰਪਾਲ ਸਿੰਘ ਤਰਨ ਤਾਰਨ ਨੇ ਸੂਬਾ ਸਰਕਾਰ ਖ਼ਿਲਾਫ਼ ਨਾਰਾਜ਼ਗੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਐੱਸਸੀ/ਬੀਸੀ ਅਧਿਆਪਕ ਯੂਨੀਅਨ, ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੜੀਵਾਰ ਸੰਘਰਸ਼ ਵਿੱਢੇਗੀ। ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾਣਗੇ।
ਆਗੂਆਂ ਨੇ ਕਿਹਾ ਕਿ ਹੁਣ ਐਸਸੀ/ਬੀਸੀ ਵਰਗ ਦੇ ਲੋਕਾਂ ਪ੍ਰਤੀ ਸੂਬਾ ਸਰਕਾਰ ਦਾ ਦੋਗਲਾ ਚਿਹਰਾ ਬੇਨਕਾਬ ਹੋ ਗਿਆ ਹੈ। ਮੁਹਾਲੀ ਵਿੱਚ ਦਲਿਤ ਸੰਗਠਨਾਂ ਦਾ ਲੜੀਵਾਰ ਧਰਨਾ ਚੱਲ ਰਿਹਾ ਹੈ ਅਤੇ ਐੱਸਸੀ/ਬੀਸੀ ਜਥੇਬੰਦੀ ਵੀ ਐੱਸਸੀ ਵੈੱਲਫੇਅਰ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਮਿਲ ਕੇ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਦੇ ਚੁੱਕੀ ਹੈ ਪਰ ਤਿੰਨ ਸਾਲ ਬੀਤਣ ’ਤੇ ਵੀ ਇਹ ਕਮੇਟੀ ਮਸਲਾ ਹੱਲ ਕਰਨ ਵਿੱਚ ‘ਨਾਕਾਮ’ ਰਹੀ ਹੈ।