ਸਾਬਕਾ ਚੀਫ ਆਰਕੀਟੈਕਟ ਤੋਂ ਢਾਈ ਕਰੋੜ ਰੁਪਏ ਠੱਗੇ
ਆਤਿਸ਼ ਗੁਪਤਾ
ਚੰਡੀਗੜ੍ਹ, 3 ਜੂਨ
ਇੱਥੋਂ ਦੇ ਸੈਕਟਰ-10 ਵਿੱਚ ਰਹਿਣ ਵਾਲੀ ਸਾਬਕਾ ਚੀਫ ਆਰਕੀਟੈਕਟ ਸੁਮੀਤ ਕੌਰ ਨੂੰ ਡਿਜੀਟਲ ਗ੍ਰਿਫ਼ਤਾਰ ਕਰ ਕੇ 2.5 ਕਰੋੜ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੂੰ ਤਿੰਨ ਮਈ ਨੂੰ ਇਕ ਫੋਨ ਆਇਆ ਸੀ, ਜਿਸ ਵਿੱਚ ਇਕ ਵਿਅਕਤੀ ਨੇ ਖ਼ੁਦ ਨੂੰ ਟ੍ਰਾਈ ਦਾ ਮੁਲਾਜ਼ਮ ਦੱਸਦਿਆਂ ਉਸ ਦੇ ਨੰਬਰ ਦੀ ਗ਼ੈਰਕਾਨੂੰਨੀ ਗਤੀਵੀਧੀਆਂ ਵਿੱਚ ਵਰਤੋਂ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਮਹਿਲਾ ਵਿਰੁੱਧ ਕੇਸ ਦਰਜ ਕਰਨ ਦਾ ਹਵਾਲਾ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪੀੜਤਾ ਨੂੰ ਇੱਕ ਵਿਅਕਤੀ ਨਾਲ ਜੋੜਿਆ, ਜਿਸ ਨੇ ਖ਼ੁਦ ਨੂੰ ਸੀਬੀਆਈ ਦਾ ਅਧਿਕਾਰੀ ਦੱਸਿਆ। ਉਸ ਨੇ ਕਿਹਾ ਕਿ ਪੀੜਤਾ ਦਾ ਨਾਮ ਮਨੀ ਲਾਂਡਰਿੰਗ ਦੇ ਕੇਸ ਵਿੱਚ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਚਾਰ ਮਈ ਨੂੰ ਇੱਕ ਸੁਪਰੀਮ ਕੋਰਟ ਦੇ ਜੱਜ ਦੇ ਨਾਮ ’ਤੇ ਫੋਨ ਆਇਆ ਜਿਸ ਨੇ ਪੀੜਤਾ ਨੂੰ 48 ਘੰਟੇ ਡਿਜੀਟਲ ਗ੍ਰਿਫ਼ਤਾਰ ਕੀਤੇ ਜਾਣ ਦੇ ਨਿਰਦੇਸ਼ ਦਿੱਤੇ। ਮੁਲਜ਼ਮਾਂ ਨੇ ਡਿਜੀਟਲ ਗ੍ਰਿਫ਼ਤਾਰੀ ਦੌਰਾਨ ਵੱਖ-ਵੱਖ ਸਮੇਂ ’ਤੇ ਉਸ ਦੇ ਬੈਂਕ ਖਾਤੇ ਵਿੱਚੋਂ 2.5 ਕਰੋੜ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਲਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।