‘ਆਪ’ ਵੱਲੋਂ ਪ੍ਰਦਰਸ਼ਨ
ਅਮਲੋਹ: ਹਰਿਆਣਾ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਵੱਲੋਂ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ਦੀਆਂ ਸਾਜ਼ਿਸ਼ਾਂ ਘੜਨ ਅਤੇ ਬੀਬੀਐੱਮਬੀ ਵੱਲੋਂ ਚੁੱਕੇ ਜਾ ਰਹੇ ਪੰਜਾਬ ਵਿਰੋਧੀ ਕਦਮਾਂ ਖਿਲਾਫ਼ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਸੇਧ ’ਤੇ ਟਰਾਂਸਪੋਰਟ ਸੈੱਲ ਦੇ ਸੂਬਾ ਪ੍ਰਧਾਨ ਸ਼ਿੰਗਾਰਾ ਸਿੰਘ ਸਲਾਣਾ ਦੀ ਅਗਵਾਈ ਹੇਠ ‘ਆਪ’ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਵੱਲੋਂ ਸ਼ਹਿਰ ਵਿੱਚ ਰੋਸ ਰੈਲੀ ਕੱਢੀ। ਉਨ੍ਹਾਂ ਹਰਿਆਣਾ, ਕੇਂਦਰ ਸਰਕਾਰਾਂ ਅਤੇ ਬੀਬੀਐੱਮਬੀ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਵੀ ਹੋਰ ਸੂਬੇ ਨੂੰ ਦੇਣ ਲਈ ਇਕ ਵੀ ਬੂੰਦ ਵਾਧੂ ਪਾਣੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਖੇਤਾਂ ਦੀ ਸਿੰਚਾਈ ਲਈ ਪਹਿਲਾਂ ਹੀ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿੱਗ ਰਿਹਾ ਹੈ। -ਪੱਤਰ ਪ੍ਰੇਰਕ
ਸੁਰਿੰਦਰ ਗੁਪਤਾ ਪ੍ਰਧਾਨ ਚੁਣੇ
ਚੰਡੀਗੜ੍ਹ: ਚੈਂਬਰ ਆਫ਼ ਚੰਡੀਗੜ੍ਹ ਇੰਡਸਟਰੀਜ਼ (ਸੀਸੀਆਈ) ਦੀ 34ਵੀਂ ਸਾਲਾਨਾ ਆਮ ਮੀਟਿੰਗ ਵਿੱਚ ਸੁਰਿੰਦਰ ਗੁਪਤਾ ਨੂੰ ਨਿਰਵਿਰੋਧ ਪ੍ਰਧਾਨ ਚੁਣ ਲਿਆ ਗਿਆ ਹੈ। ਟ੍ਰਾਈਸਿਟੀ ਦੀ ਉਦਯੋਗਿਕ ਸੰਸਥਾ ਸੀਸੀਆਈ ਦੀ ਪ੍ਰਧਾਨਗੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੋਵੇਗਾ। ਇਸ ਤੋਂ ਇਲਾਵਾ ਨਵੀਨ ਮੰਗਲਾਨੀ ਨੂੰ ਮੀਤ ਪ੍ਰਧਾਨ, ਅਰੁਣ ਗੋਇਲ ਨੂੰ ਜਨਰਲ ਸਕੱਤਰ, ਸੁਨੀਲ ਅਗਰਵਾਲ ਨੂੰ ਸੰਯੁਕਤ ਸਕੱਤਰ ਅਤੇ ਸੁਨੀਲ ਗੁਪਤਾ ਨੂੰ ਵਿੱਤ ਸਕੱਤਰ ਚੁਣਿਆ ਗਿਆ ਹੈ। -ਪੱਤਰ ਪ੍ਰੇਰਕ
ਜਿਸਮਫਰੋਸ਼ੀ ਦੇ ਦੋਸ਼ ਹੇਠ ਤਿੰਨ ਕਾਬੂ
ਲਾਲੜੂ: ਇੱਥੋਂ ਦੇ ਇੱਕ ਹੋਟਲ ਵਿੱਚ ਜਿਸਮਫਰੋਸ਼ੀ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਪਹਿਲੀ ਮਈ ਦੀ ਦੇਰ ਸ਼ਾਮ ਨੂੰ ਕੀਤੀ ਗਈ। ਡੀਐੱਸਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਰੇਸ਼ ਕੁਮਾਰ, ਅਮਨ ਸਿੰਗਲਾ ਅਤੇ ਅਮਿਤ ਸ਼ੀਤਲ ਵਜੋਂ ਹੋਈ ਹੈ। ਇਸ ਦੌਰਾਨ ਅੱਠ ਔਰਤਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਸਬੰਧੀ ਲਾਲੜੂ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਕੇਸ ਵਿੱਚ ਹੋਟਲ ਦੇ ਮਾਲਕ ਸਣੇ ਚਾਰ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਫਰਾਰ ਹਨ। -ਪੱਤਰ ਪ੍ਰੇਰਕ
ਬਿਜਲੀ ਖਪਤਕਾਰਾਂ ਦੀ ਸੁਣਵਾਈ 5 ਤੋਂ
ਪੰਚਕੂਲਾ: ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਪ੍ਰਤੀ ਵਚਨਬੱਧ ਹੈ। ਕਾਰਪੋਰੇਸ਼ਨ ਨੇ ਖਪਤਕਾਰਾਂ ਦੀ ਸੰਤੁਸ਼ਟੀ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਕਈ ਅਹਿਮ ਕਦਮ ਚੁੱਕੇ ਹਨ। ਨਿਗਮ ਦੇ ਬੁਲਾਰੇ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਸੁਣਵਾਈ ਜ਼ੋਨਲ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਵਿੱਤੀ ਵਿਵਾਦ ਦੀ ਰਕਮ ਇੱਕ ਲੱਖ ਤੋਂ ਵੱਧ ਅਤੇ ਤਿੰਨ ਲੱਖ ਰੁਪਏ ਤੱਕ ਹੈ। ਪੰਚਕੂਲਾ ਜ਼ੋਨ ਦੇ ਅਧੀਨ ਆਉਂਦੇ ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ, ਕੈੱਥਲ ਅਤੇ ਯਮੁਨਾਨਗਰ ਜ਼ਿਲ੍ਹਿਆਂ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ 5, 12, 19 ਅਤੇ 26 ਮਈ ਨੂੰ ਕੀਤੀ ਜਾਵੇਗੀ। ਸ਼ਿਕਾਇਤਾਂ ਵਿੱਚ ਗਲਤ ਬਿਜਲੀ ਬਿੱਲ, ਦਰਾਂ ਸੰਬੰਧੀ ਵਿਵਾਦ, ਮੀਟਰ ਸੁਰੱਖਿਆ, ਨੁਕਸਦਾਰ ਮੀਟਰ ਅਤੇ ਵੋਲਟੇਜ ਸਮੱਸਿਆਵਾਂ ਵਰਗੇ ਮੁੱਦੇ ਸ਼ਾਮਲ ਹੋਣਗੇ। ਇਸ ਪ੍ਰਕਿਰਿਆ ਵਿੱਚ ਬਿਜਲੀ ਚੋਰੀ, ਦੁਰਵਰਤੋਂ ਤੇ ਹਾਦਸਿਆਂ ਦੇ ਮਾਮਲਿਆਂ ਨੂੰ ਵਿਚਾਰਿਆ ਨਹੀਂ ਜਾਵੇਗਾ। -ਪੱਤਰ ਪ੍ਰੇਰਕ
ਕਾਨਵੋਕੇਸ਼ਨ ਕਰਵਾਈ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਲਾਅ ਆਡੀਟੋਰੀਅਮ ਵਿੱਚ 9ਵੀਂ ਫਾਰਮਾਸਿਊਟੀਕਲ ਸਾਇੰਸਿਜ਼ ਕਾਨਵੋਕੇਸ਼ਨ ਕਰਵਾਈ ਗਈ। ਇਸ ਦੌਰਾਨ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ (ਯੂਆਈਪੀਐੱਸ) ਦੇ ਬੀ. ਫਾਰਮੇਸੀ ਅਤੇ ਐੱਮ. ਫਾਰਮੇਸੀ ਦੇ ਗ੍ਰੈਜੂਏਟ ਹੋਣ ਵਾਲੇ ਲਗਪਗ 170 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। -ਪੱਤਰ ਪ੍ਰੇਰਕ