ਨੇਚਰ ਪਾਰਕ ਵਿੱਚ ਫੁਲ, ਬੂਟੇ ਤੇ ਹਰੇ-ਭਰੇ ਰੁੱਖ ਸੜਨ ਕਾਰਨ ਵਾਤਾਵਰਨ ਪ੍ਰੇਮੀਆਂ ’ਚ ਰੋਸ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿੱਛੇ ਤਕਰੀਬਨ 43 ਏਕੜ ਵਿੱਚ ਫੈਲੇ ਨੇਚਰ ਪਾਰਕ ਅਣਦੇਖੀ ਦਾ ਸ਼ਿਕਾਰ ਹੈ। ਪਿਛਲੇ ਦਿਨੀਂ ਸੁੱਕੇ ਪੱਤਿਆਂ ਦੇ ਢੇਰ ਨੂੰ ਅੱਗ ਲੱਗਣ ਕਾਰਨ ਪਾਰਕ ਵਿੱਚ ਸੈਂਕੜੇ ਫੁਲ-ਬੂਟੇ ਅਤੇ ਹਰੇ-ਭਰੇ ਰੁੱਖ ਨੁਕਸਾਨੇ ਗਏ ਹਨ। ਜਿਸ ਕਾਰਨ ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਤਾਵਰਨ ਪ੍ਰੇਮੀ ਪ੍ਰੋ. ਮਨਦੀਪ ਸਿੰਘ, ਸੁਖਪਾਲ ਸਿੰਘ ਛੀਨਾ, ਨੇਚਰ ਪਾਰਕ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਵਾਲੀਆ, ਐਡਵੋਕੇਟ ਦਵਿੰਦਰ ਸਿੰਘ, ਡਾ. ਜੇਐਲ ਵਰਮਾ ਅਤੇ ਅਵਤਾਰ ਸਿੰਘ ਕਜਹੇੜੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਦੇਖੀ ਅਤੇ ਲਾਪਰਵਾਹੀ ਕਾਰਨ ਤਕਰੀਬਨ 150-200 ਰੁੱਖ ਨੁਕਸਾਨੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਲ ਕੂੜਾ ਕਰਕਟ ਸੁੱਟਣ ਲਈ ਢੁਕਵੀਂ ਥਾਂ ਨਾ ਹੋਣ ਕਾਰਨ ਪਾਰਕ ਨੇੜੇ ਸੁੱਕੇ ਪੱਤੇ ਅਤੇ ਹੋਰ ਵੇਸਟ ਸੁੱਟੀ ਜਾ ਰਹੀ ਹੈ। ਇਹੀ ਨਹੀਂ ਦਰਖ਼ਤਾਂ ਦੀ ਛੰਗਾਈ ਤੋਂ ਬਾਅਦ ਸਾਰੀ ਰਹਿੰਦ-ਖੂੰਹਦ ਵੀ ਇੱਥੇ ਹੀ ਸੁੱਟੀ ਜਾਂਦੀ ਹੈ।
ਵਾਤਾਵਰਨ ਪ੍ਰੇਮੀ ਪ੍ਰੋ. ਮਨਦੀਪ ਸਿੰਘ, ਸੁਖਪਾਲ ਸਿੰਘ ਛੀਨਾ ਅਤੇ ਅਵਤਾਰ ਸਿੰਘ ਕਜਹੇੜੀ ਨੇ ਦੱਸਿਆ ਕਿ ਨੇਚਰ ਪਾਰਕ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ ਸੀ ਪ੍ਰੰਤੂ ਪਹਿਲਾਂ ਤਾਂ ਪ੍ਰਸ਼ਾਸਨਿਕ ਪੱਧਰ ’ਤੇ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕੀਤੀ ਗਈ। ਬਾਅਦ ਵਿੱਚ ਉਨ੍ਹਾਂ ਨੂੰ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਗਿਆ, ਉਨ੍ਹਾਂ ਦੱਸਿਆ ਕਿ ਖਾਦ ਬਣਾਉਣ ਲਈ ਇੱਥੇ ਸੁੱਕੇ ਪੱਤੇ ਸੁੱਟੇ ਗਏ ਸੀ। ਜੋ ਪਿਛਲੇ ਦਿਨੀਂ ਅੱਗ ਲੱਗਣ ਕਾਰਨ ਸੁਆਹ ਹੋ ਗਏ। ਇਹੀ ਨਹੀਂ ਪਾਰਕ ਵਿੱਚ ਖੜੇ ਸੰਘਣੀ ਛਾਂ ਵਾਲੇ ਵੱਡੇ ਹਰੇ-ਭਰੇ ਰੁੱਖ ਵੀ ਨੁਕਸਾਨੇ ਗਏ ਹਨ। ਅੱਗ ਦੇ ਸੇਕ ਨਾਲ ਰੁੱਖਾਂ ਦੇ ਪੱਤੇ ਅਤੇ ਟਾਹਣੀਆਂ ਸੜ ਗਈਆਂ ਹਨ।
ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਹਾਦਸਾ ਵਾਪਰਿਆ: ਬੇਦੀ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਇਹ ਹਾਦਸਾ ਵਾਪਰਿਆ ਹੈ। ਪਾਰਕ ਨੇੜੇ ਸੁੱਟੇ ਗਏ ਸੁੱਕੇ ਪੱਤਿਆਂ ਦੇ ਢੇਰ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ। ਜਿਸ ਕਾਰਨ ਨੇਚਰ ਪਾਰਕ ਦੀ ਹਰਿਆਲੀ ਤਹਿਸ-ਨਹਿਸ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਲਈ ਸਬੰਧਤ ਧਿਰਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਪਾ ਪਤਾ ਲਗਾਉਣ ਲਈ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।