ਲੋਕ ‘ਆਪ’ ਨੂੰ ਪਿੰਡਾਂ ’ਚ ਨਹੀਂ ਵੜਨ ਦੇਣਗੇ: ਪਡਿਆਲਾ
ਮਿਹਰ ਸਿੰਘ
ਕੁਰਾਲੀ, 3 ਜੂਨ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਖਰੜ ਵਿੱਚ ਪੈਂਦੇ ਕੁਰਾਲੀ ਨੇੜਲੇ ਪਿੰਡ ਮਹਿਰਮਪੁਰ ਟੱਪਰੀਆਂ ਵਿੱਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਤੋਂ ਅੱਕੇ ਪੰਜਾਬ ਦੇ ਲੋਕ ਹੁਣ ਝਾੜੂ ਵਾਲਿਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ। ਮੀਟਿੰਗ ਵਿੱਚ ਪਿੰਡ ਵਾਸੀਆਂ ਨੇ ਸਰਕਾਰ ਦੀਆਂ ਨੀਤੀਆਂ ਅਤੇ ਨਾਕਾਮੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਜੀਤੀ ਪਡਿਆਲਾ ਨੇ ਕਾਂਗਰਸ ਦੀ ਸੱਤਾ ਆਉਣ ‘ਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕੀਤਾ। ਸ੍ਰੀ ਪਡਿਆਲਾ ਨੇ ਕਿਹਾ ਕਿ ‘ਆਪ’ ਦੀ ਹਕੂਮਤ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਲੋਕਾਂ ਨੂੰ ਝੂਠੇ ਸੁਪਨੇ ਵਿਖਾ ਕੇ ਜੋ ਸਰਕਾਰ ਬਣਾਈ ਗਈ ਸੀ, ਉਹ ਹੁਣ ਆਪਣੇ ਅੰਤ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਮੁੜ ਕਾਂਗਰਸ ਪਾਰਟੀ ਵੱਲ ਆਸ ਲਗਾ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਜੀਤੀ ਪਡਿਆਲਾ ਦੇ ਸਹਿਯੋਗ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ।
ਇਸ ਮੌਕੇ ਬਹਾਦਰ ਸਿੰਘ ਸ਼ੇਖਪੁਰਾ, ਸਰਪੰਚ ਜਗਤਾਰ ਸਿੰਘ, ਬੀਬੀ ਦਰਸ਼ਨ ਕੌਰ, ਸਤਵਿੰਦਰ ਸਿੰਘ ਬੰਟੀ, ਸਤਿੰਦਰ ਸਿੰਘ ਸੱਤੀ, ਰਮਾਕਾਂਤ ਕਾਲੀਆ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।