ਛੋਟੇ ਨੋਟਾਂ ਦੀ ਘਾਟ ਕਾਰਨ ਦੁਕਾਨਦਾਰ ਤੇ ਗਾਹਕ ਪ੍ਰੇਸ਼ਾਨ
ਸ਼ਸ਼ੀ ਪਾਲ ਜੈਨ
ਖਰੜ, 10 ਅਪਰੈਲ
ਪੰਜਾਬ ਵਿੱਚ ਛੋਟੇ ਮੁੱਲ ਦੇ ਕਰੰਸੀ ਨੋਟਾਂ ਖਾਸ ਕਰ 10, 20 ਅਤੇ 50 ਰੁਪਏ ਦੀ ਘਾਟ ਆਮ ਦੁਕਾਨਦਾਰਾਂ ਤੇ ਗਾਹਕਾਂ ਲਈ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ, ਰੈਡੀਮੇਡ, ਕੈਮਿਸਟ ਅਤੇ ਹੋਰ ਐਸੋਸੀਏਸ਼ਨਾਂ ਵੱਲੋਂ ਛੋਟੇ ਨੋਟਾਂ ਦੀ ਘਾਟ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਰਿਟੇਲ ਕਰਿਆਨਾ ਮਰਚੈਂਟਸ ਦੇ ਪ੍ਰਧਾਨ ਪਵਨ ਕੁਮਾਰ ਮੰਗਲ, ਵਿਕਰਮ ਅਰੋੜਾ, ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਅਤੇ ਖਰੜ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਮੰਡਕਾਂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਛੋਟੇ ਨੋਟਾਂ ਦੀ ਘਾਟ ਕਾਰਨ ਜਿੱਥੇ ਗਾਹਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਉੱਥੇ ਛੋਟੇ ਦੁਕਾਨਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਦੁਕਾਨਦਾਰ ਉਧਾਰ ’ਤੇ ਸਾਮਾਨ ਦੇਣ ਲਈ ਮਜਬੂਰ ਹਨ, ਜਿਸ ਨਾਲ ਆਰਥਿਕ ਅਸੰਤੁਲਨ ਦੀ ਸਥਿਤੀ ਪੈਦਾ ਹੋ ਰਹੀ ਹੈ। ਇਹ ਸਮੱਸਿਆ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਗੰਭੀਰ ਹੋ ਗਈ ਹੈ। ਬੈਂਕਾਂ ਅਤੇ ਏਟੀਐੱਮ ਤੋਂ ਛੋਟੇ ਮੁੱਲ ਦੇ ਨੋਟਾਂ ਦੀ ਸਪਲਾਈ ਵੀ ਲਗਪਗ ਠੱਪ ਹੋ ਗਈ ਹੈ। ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਛੋਟੇ ਨੋਟਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਆਮ ਲੋਕਾਂ ਨੂੰ ਬੈਂਕਾਂ ਤੋਂ 10, 20 ਰੁਪਏ ਦੇ ਨਵੇਂ ਨੋਟ ਨਹੀਂ ਮਿਲ ਰਹੇ ਹਨ, ਜਦੋਂਕਿ ਇਹ ਨੋਟ ਬਾਜ਼ਾਰਾਂ ਵਿੱਚ ਬਲੈਕ ਵਿੱਚ ਆਸਾਨੀ ਨਾਲ ਉਪਲਬਧ ਹਨ। ਇਹ ਨੋਟ ਬਾਜ਼ਾਰ ਵਿੱਚ ਕਿਵੇਂ ਅਤੇ ਕਿੱਥੋਂ ਆ ਰਹੇ ਹਨ, ਇਹ ਡੂੰਘੀ ਜਾਂਚ ਦਾ ਵਿਸ਼ਾ ਹੈ। ਐਸੋਸੀਏਸ਼ਨਾਂ ਨੇ ਛੋਟੇ ਨੋਟਾਂ ਦੀ ਘਾਟ ਬਾਰੇ ਜਾਣਕਾਰੀ ਲੈਣ ਲਈ ਬੈਂਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਬੈਂਕ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। ਦੋ ਸਰਕਾਰੀ ਬੈਂਕਾਂ ਦੇ ਮੈਨੇਜਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਵੇਂ ਨੋਟਾਂ ਦੀ ਖੁੱਲ੍ਹੀ ਸਪਲਾਈ ਨਹੀਂ ਹੋ ਰਹੀ ਹੈ ਪਰ ਜਦੋਂ ਇਸ ਸਬੰਧੀ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਉਹ ਆਪਣੇ ਬੈਂਕਾਂ ਦੇ ਚੈਸਟ ਨੂੰ ਲਿਖ ਕੇ ਭੇਜਦੇ ਹਨ ਅਤੇ ਉਥੋਂ ਕੁਝ ਦਿਨਾਂ ਬਾਅਦ ਇਹ ਨੋਟ ਆ ਜਾਂਦੇ ਹਨ।