ਸਨੀ ਦਿਓਲ ਦੀ ‘ਜਾਟ’ ਦਾ ਟਰੇਲਰ 22 ਨੂੰ ਹੋਵੇਗਾ ਰਿਲੀਜ਼
ਮੁੰਬਈ:
ਸਨੀ ਦਿਓਲ ਦੀ ਐਕਸ਼ਨ ਭਰਪੂਰ ਮਨੋਰੰਜਕ ਫ਼ਿਲਮ ‘ਜਾਟ’ ਦਾ ਟਰੇਲਰ 22 ਮਾਰਚ ਨੂੰ ਜੈਪੁਰ ਵਿੱਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮਸਾਜ਼ਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਦਾ ਐਲਾਨ ਕੀਤਾ ਹੈ। ਨਾਲ ਹੀ ‘ਗਦਰ’ ਫਿਲਮ ਦੇ ਅਦਾਕਾਰ ਸਨੀ ਦਿਓਲ ਦਾ ਨਵਾਂ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਪੋਸਟਰ ਵਿੱਚ ਸਨੀ ਦਿਓਲ ਨੂੰ ਆਪਣੇ ਦੁਸ਼ਮਣਾਂ ਨੂੰ ਕੁੱਟਣ ਮੌਕੇ ਡਰਿੰਕ ਪੀਂਦਿਆਂ ਦੇਖਿਆ ਜਾ ਸਕਦਾ ਹੈ। ਪੋਸਟਰ ਦੇ ਹੇਠਾਂ ਲਿਖਿਆ ਹੈ, ‘‘ਅਜਿਹੇ ਐਕਸ਼ਨ ਲਈ ਤਿਆਰ ਹੋ ਜਾਓ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ‘ਜਾਟ’ ਟਰੇਲਰ 22 ਮਾਰਚ ਨੂੰ ਰਿਲੀਜ਼ ਹੋਵੇਗਾ। ‘ਜਾਟ’ ਗਰੈਂਡ ਟਰੇਲਰ ਲਾਂਚ ਪ੍ਰੋਗਰਾਮ ਵਿਦਿਆਧਰ ਨਗਰ ਸਟੇਡੀਅਮ ਜੈਪੁਰ ਵਿੱਚ ਸ਼ਾਮ 5 ਵਜੇ ਹੋਵੇਗਾ। ਇਹ 10 ਅਪਰੈਲ ਨੂੰ ਰਿਲੀਜ਼ ਕੀਤੀ ਜਾਵੇਗੀ।’’ ਜ਼ਿਕਰਯੋਗ ਹੈ ਕਿ ਫ਼ਿਲਮ ਦਾ ਟੀਜ਼ਰ ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਵਿੱਚ ਰੋਮਾਂਚਕ ਸਟੰਟ ਅਤੇ ਹੈਰਾਨ ਕਰਨ ਵਾਲੇ ਐਕਸ਼ਨ ਸੀਨ ਦਿਖਾਏ ਜਾਣ ਦੀ ਉਮੀਦ ਹੈ। ਫ਼ਿਲਮ ਵਿੱਚ ਸਨੀ ਦਿਓਲ ਦਾ ਕਿਰਦਾਰ ਖ਼ਤਰਨਾਕ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ। ਰਣਦੀਪ ਹੁੱਡਾ ਐਕਸ਼ਨ ਭਰਪੂਰ ਡਰਾਮਾ ਫ਼ਿਲਮ ਵਿੱਚ ਵਿਰੋਧੀ ਕਿਰਦਾਰ ’ਚ ਨਜ਼ਰ ਆ ਸਕਦਾ ਹੈ। ਫ਼ਿਲਮ ਦਾ ਡਾਇਰੈਕਟਰ ਗੋਪੀਚੰਦ ਹੈ। ਫਿਲਮ 10 ਅਪਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ, ਜੋ ਤਿੰਨ ਭਾਸ਼ਾਵਾਂ ਹਿੰਦੀ, ਤੇਲਗੂ ਅਤੇ ਤਾਮਿਲ ਵਿੱਚ ਉਪਲੱਬਧ ਹੋਵੇਗੀ। -ਏਐੱਨਆਈ