ਮਿੰਨੀ ਕਹਾਣੀਆਂ
ਵੱਡ ਵਡੇਰੇ
ਜਗਦੇਵ ਸ਼ਰਮਾ ਬੁਗਰਾ
‘‘ਬੇਬੇ! ਦੋ ਤਿੰਨ ਦਿਨ ਹੋਗੇ, ਮੇਰੇ ਕੋਲੋਂ ਇੱਕ ਛੋਟੀ ਜਿਹੀ ਗਲ਼ਤੀ ਹੋਗੀ। ਜਿਹੜੀ ਆਪਣੇ ਖੇਤ ’ਚ ਪੰਜ ਕੁ ਇੱਟਾਂ ਜਿਹੀਆਂ ਚਿਣ ਕੇ ਤੂੰ ਵੱਡ ਵਡੇਰਿਆਂ ਦੀ ਮਟੀ ਬਣਾਈ ਹੋਈ ਸੀ, ਮੇਰੇ ਕੋਲੋਂ ਟਰੈਕਟਰ ਚਲਾਉਂਦੇ ਤੋਂ ਉਹਦੇ ’ਚ ਚਊ ਵੱਜਿਆ ਤੇ ਉਹ ਇੱਟਾਂ ਜਿਹੀਆਂ ਖਿੰਡ ਗਈਆਂ।’’
‘‘ਬੂ ਵੇ! ਗੱਡਣ ਜੋਗਿਆ! ਇਹ ਕੀ ਕਰਿਆ ਤੈਂ? ਏਸੇ ਲਈ ਤਾਂ ਮੱਝ ਕੱਟਰੂ ਨਈਂ ਪੈਣ ਦਿੰਦੀ, ਦੋ ਦਿਨਾਂ ਦੀ ਕੱਟੇ ਨੂੰ ਮੋਕ ਲੱਗੀ ਪਈ ਐ, ਵੱਡਾ ਬੁੜ੍ਹਾ ਅੱਡ ਖਊਂ ਖਊਂ ਕਰੀ ਜਾਂਦੈ। ਜੇਕਰ ਪਿੱਤਰਾਂ ਦੀ ਸੇਵਾ ਨਹੀਂ ਕਰਦੇ ਤਾਹੀਂ ਤੈਨੂੰ ਕੋਈ ਰਿਸ਼ਤਾ ਸਿਰੇ ਨਹੀਂ ਚੜ੍ਹਦਾ। ਆਪਾਂ ਤਾਂ ਬੈਠੇ ਵੀ ਔਤ ਦੀ ਢੇਰੀ ’ਚ ਹਾਂ। ਇਨ੍ਹਾਂ ਨੂੰ ਤਾਂ ਮੂਧੇ ਹੋ ਹੋ ਕੇ ਮੱਥੇ ਟੇਕਣੇ ਪੈਂਦੇ ਨੇ। ਅਖੇ ਦੋ ਤਿੰਨ ਦਿਨ ਹੋਗੇ, ਦੱਸਦਾ ਤੂੰ ਅੱਜ ਐਂ?’’
‘‘ਬੇਬੇ, ਮੈਂ ਡਰ ਗਿਆ ਸੀ ਬਈ ਗਾਲ੍ਹਾਂ ਕੱਢੇਂਗੀ।’’
ਘੰਟੇ ਕੁ ਬਾਅਦ ਬੇਬੇ ਨੇ ਇੱਕ ਥਾਲ ਵਿੱਚ ਤੇਲ, ਜੋਤ, ਧੂਫ ਅਤੇ ਹੋਰ ਨਿੱਕ-ਸੁੱਕ ਜਿਹਾ ਪਾਕੇ ਦਾਰੇ ਨੂੰ ਆਵਾਜ਼ ਮਾਰੀ।
‘‘ਚੱਲ ਵੇ ਦਾਰਿਆ, ਕੱਢ ਮੋਟਰ ਸਾਈਕਲ। ਚੱਲ ਖੇਤ। ਕਰਕੇ ਆਈਏ ਮੰਨ ਮਨੌਤ ਵੱਡ ਵਡੇਰਿਆਂ ਦੀ।’’
ਖਿੰਡੀ ਪਈ ਮਟੀ ਕੋਲ ਬੇਬੇ ਨੂੰ ਬਿਠਾ ਕੇ ਦਾਰਾ ਆਪ ਖੇਤ ਉੱਤੋਂ ਦੀ ਗੇੜਾ ਦੇਣ ਚਲਿਆ ਗਿਆ। ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ ਬੇਬੇ ਨਵੀਂ ਬਣੀ ਮਟੀ ਕੋਲ ਮੂਧੀ ਪਈ ਸੀ ਅਤੇ ਉਸ ਨੂੰ ਸਾਹ ਔਖਾ ਆ ਰਿਹਾ ਸੀ। ਗੁਆਂਢੀਆਂ ਦੇ ਸੀਰੀ ਨੂੰ ਪਿੱਛੇ ਬਿਠਾ ਕੇ ਦਾਰਾ ਬੇਬੇ ਨੂੰ ਲੈ ਕੇ ਸਿੱਧਾ ਡਾਕਟਰ ਕੋਲ ਪਹੁੰਚ ਗਿਆ। ਡਾਕਟਰ ਨੇ ਓਹੜ ਪੋਹੜ ਕੀਤਾ ਅਤੇ ਬੇਬੇ ਸੁਰਤ ਸਿਰ ਹੋ ਗਈ।
‘‘ਡਾਕਟਰ ਸਾਹਿਬ! ਕੀ ਹੋ ਗਿਆ ਸੀ ਸਾਡੀ ਮਾਤਾ ਜੀ ਨੂੰ?’’ ਦਾਰੇ ਨੇ ਡਾਕਟਰ ਕੋਲੋਂ ਜਾਣਨਾ ਚਾਹਿਆ।
‘‘ਕੁਝ ਖ਼ਾਸ ਨਹੀਂ, ਤੇਲ ਜਿਹੇ ਦਾ ਧੂੰਆਂ ਇਹਦੇ ਫੇਫੜਿਆਂ ਵਿੱਚ ਪਹੁੰਚ ਗਿਆ ਸੀ, ਜਿਸ ਕਾਰਨ ਇਸ ਦਾ ਸਾਹ ਉੱਖੜ ਗਿਆ ਸੀ। ਮੌਕੇ ’ਤੇ ਸਾਂਭੀ ਗਈ, ਹੁਣ ਖ਼ਤਰੇ ਤੋਂ ਬਾਹਰ ਐ। ਤੁਸੀਂ ਇਸ ਨੂੰ ਘਰ ਲਿਜਾ ਸਕਦੇ ਹੋ।’’
‘‘ਮੈਂ ਕਿੱਥੇ ਆਂ? ਕੀ ਹੋ ਗਿਆ ਸੀ ਮੈਨੂੰ?’’ ਬੇਬੇ ਬੁੜਬੁੜਾਈ।
‘‘ਕੁਝ ਨਹੀਂ ਬੇਬੇ, ਬੱਸ ਤੂੰ ਵੀ ਅੱਜ ਵੱਡ ਵਡੇਰੀ ਬਣਦੀ ਬਣਦੀ ਰਹਿਗੀ। ਸਾਂਭੀ ਗਈ ਮੌਕੇ ’ਤੇ। ਨਹੀਂ ਤਾਂ ਹੁਣ ਨੂੰ ਤੂੰ ਵੀ ਝਾਂਜਰਾਂ ਪਾ ਕੇ ਕਿਸੇ ਪਿੱਪਲ ਥੱਲੇ ਨੱਚਦੀ ਹੁੰਦੀ।’’
‘‘ਖੜ੍ਹ ਜਾ ਵੇ ਤੇਰੇ, ਮਾਂ ਨਾਲ ਮਸ਼ਕਰੀਆਂ?’’ ਪੈਰਾਂ ’ਚ ਜੁੱਤੀ ਅਟਕਾਉਂਦੀ ਬੇਬੇ ਬੋਲੀ।
ਸੰਪਰਕ: 98727-87243
* * *
ਦੀਵੇ ਥੱਲੇ ਹਨੇਰਾ
ਰਜਵਿੰਦਰ ਪਾਲ ਸ਼ਰਮਾ
ਨੌਜਵਾਨਾਂ ਦੇ ਵਿਦੇਸ਼ ਜਾਣ ਵੱਲ ਵਧ ਰਹੇ ਰੁਝਾਨ ਪ੍ਰਤੀ ਜਾਗਰੂਕ ਕਰਨ ਲਈ ਸਕੂਲ ਵਿੱਚ ਇੱਕ ਪ੍ਰੋਗਰਾਮ ਸੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਮਨੋਜ ਕੁਮਾਰ ਨੇ ਕਿਹਾ, ‘‘ਨੌਜਵਾਨਾਂ ਲਈ ਆਪਣੇ ਹੀ ਦੇਸ਼ ਵਿੱਚ ਅੱਗੇ ਵਧਣ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਥਾਹ ਸ਼ਕਤੀਆਂ ਤੇ ਹਜ਼ਾਰਾਂ ਮੌਕੇ ਹਨ। ਉਹ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਕੇ ਆਪਣਾ, ਆਪਣੇ ਮਾਤਾ ਪਿਤਾ, ਆਪਣੇ ਸਕੂਲ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।’’ ਭਾਸ਼ਣ ਦੀ ਸਮਾਪਤੀ ਤਾੜੀਆਂ ਦੀ ਗੂੰਜ ਨਾਲ ਹੋਈ। ਭਾਸ਼ਣ ਸੁਣ ਕੇ ਬੱਚਿਆਂ ਦੇ ਨਾਲ ਨਾਲ ਅਧਿਆਪਕ ਵੀ ਆਪਣੇ ਆਪ ਨੂੰ ਊਰਜਾ ਨਾਲ ਭਰੇ ਮਹਿਸੂਸ ਕਰ ਰਹੇ ਸਨ। ਭਾਸ਼ਣ ਖ਼ਤਮ ਕਰਕੇ ਚਾਹ ਪਾਣੀ ਪੀਣ ਤੋਂ ਬਾਅਦ ਕਾਰ ਵਿੱਚ ਬੈਠਦਿਆਂ ਸਿੱਖਿਆ ਅਫਸਰ ਬੋਲੇ, ‘‘ਡਰਾਈਵਰ ਜਲਦੀ ਚੱਲੋ, ਅੱਜ ਮੇਰੇ ਬੇਟੇ ਦੀ ਕੈਨੇਡਾ ਦੀ ਫਲਾਈਟ ਹੈ, ਕਿਤੇ ਨਿਕਲ ਹੀ ਨਾ ਜਾਵੇ।’’ ਗੱਡੀ ਦਾ ਗੇਅਰ ਪਾਉਂਦਿਆਂ ਡਰਾਈਵਰ ਬੁੱਲ੍ਹਾਂ ਵਿੱਚ ਮੁਸਕੁਰਾਉਂਦਿਆਂ ਸੋਚ ਰਿਹਾ ਸੀ ਕਿ ਦੀਵੇ ਥੱਲੇ ਹਨੇਰਾ ਮੁਹਾਵਰਾ ਸੁਣਿਆ ਹੀ ਸੀ, ਅੱਜ ਦੇਖ ਵੀ ਲਿਆ।
ਸੰਪਰਕ: 70873-67969
* * *