ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਧਰ ਗਈਆਂ ਚਿੜੀਆਂ ਮਰ ਜਾਣੀਆਂ ?

04:02 AM Mar 20, 2025 IST
featuredImage featuredImage
OLYMPUS DIGITAL CAMERA

ਹਰੀ ਕ੍ਰਿਸ਼ਨ ਮਾਇਰ

Advertisement

ਵੀਹ ਮਾਰਚ ਦਾ ਦਿਨ ਵਿਸ਼ਵ ਭਰ ਵਿੱਚ ‘ਚਿੜੀਆਂ ਦਾ ਦਿਨ’ ਹੁੰਦਾ ਹੈ।ਚਿੜੀਆਂ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ? ਇਸ ਪਿੱਛੇ ਇੱਕ ਦਰਦ ਭਰੀ ਕਹਾਣੀ ਹੈ। ਪੁਰਾਣੇ ਸਮੇਂ ਵਿੱਚ ਲੋਕਾਂ ਦੇ ਘਰ ਕੱਚੇ ਹੁੰਦੇ ਸਨ। ਘਰਾਂ ਦੀਆਂ ਛੱਤਾਂ ਅਤੇ ਰੋਸ਼ਨਦਾਨਾਂ ਵਿੱਚ ਝਾੜੀਆਂ ਦੇ ਨਿੱਕੇ ਨਿੱਕੇ ਤਿਣਕੇ ਅਤੇ ਘਾਹ ਫੂਸ ਇਕੱਠਾ ਕਰ ਕੇ ਚਿੜੀਆਂ ਆਲ੍ਹਣੇ ਪਾ ਲੈਂਦੀਆਂ ਸਨ।ਚਿੜੀਆਂ ਘਰਾਂ ਦੇ ਵਿਹੜਿਆਂ ਵਿੱਚ ਚਹਿਕਦੀਆਂ ਫਿਰਦੀਆਂ। ਲੋਕ ਚਿੜੀਆਂ ਨੂੰ ਚੋਗਾ ਪਾਉਂਦੇ ਅਤੇ ਉਨ੍ਹਾਂ ਦੇ ਪੀਣ ਲਈ ਪਾਣੀ ਰੱਖਦੇ ਹੁੰਦੇ ਸਨ। ਚਿੜੀਆਂ ਸੁਬ੍ਹਾ ਸਵੇਰੇ ਗੀਤ ਗਾਉਣ ਅਤੇ ਸਾਨੂੰ ਜਗਾਉਣ ਆਉਂਦੀਆਂ ਸਨ। ਅਸੀਂ ਚਿੜੀਆਂ ਨੂੰ ਘਰ ਦੇ ਜੀਆਂ ਵਾਂਗੂੰ ਪਿਆਰ ਕਰਦੇ ਸਾਂ।
ਫਿਰ ਇੱਕ ਅਜਿਹਾ ਵਕਤ ਆਇਆ ਕਿ ਮਨੁੱਖ ਨੇ ਕੱਚੇ ਘਰ ਢਾਹ ਕੇ ਕੰਕਰੀਟ ਅਤੇ ਸੀਮੇਂਟ ਦੇ ਪੱਕੇ ਘਰ ਉਸਾਰ ਲਏ। ਛੱਤਾਂ ਤੋਂ ਬਾਲੇ, ਸ਼ਤੀਰ ਅਤੇ ਲਟੈਣਾਂ ਉਤਾਰ ਦਿੱਤੀਆਂ ਗਈਆਂ। ਪੱਕੇ ਲੈਂਟਰ ਪੈ ਗਏ। ਚਿੜੀਆਂ ਦੇ ਆਲ੍ਹਣੇ ਉੱਜੜ ਗਏ, ਉਨ੍ਹਾਂ ਦੇ ਬੋਟ ਪਤਾ ਨਹੀਂ ਕਿੱਥੇ ਗੁਆਚ ਗਏ।ਮਨੁੱਖ ਨਿਰਮੋਹਾ ਹੋ ਗਿਆ। ਉਸ ਨੇ ਚਿੜੀਆਂ ਬਾਰੇ ਭੋਰਾ ਨਹੀਂ ਸੋਚਿਆ। ਚਿੜੀਆਂ ਮਨੁੱਖੀ ਵੱਸੋਂ ਤੋਂ ਦੂਰ ਉੱਡ ਗਈਆਂ। ਰੁੱਖਾਂ ਦੀਆਂ ਖੋੜਾਂ, ਢੱਠੇ ਘਰਾਂ ਦੇ ਖੱਲ ਖੂੰਜਿਆਂ ਅਤੇ ਉੱਜੜੇ ਖੂਹਾਂ ਵਿੱਚ ਰਹਿਣ ਲੱਗੀਆਂ। ਸਾਡੇ ਘਰਾਂ ਵਿੱਚ ਤਾਂ ਚਿੜੀਆਂ ਪੂਰੀ ਤਰ੍ਹਾਂ ਸੁਰੱਖਿਅਤ ਸਨ। ਬਾਹਰ ਰਹਿਣ ਨਾਲ ਸੌ ਮਾਸਖੋਰੇ ਜਨੌਰ, ਉਨ੍ਹਾਂ ਨੂੰ ਆਪਣੀ ਬੁਰਕੀ ਬਣਾਉਣ ਦੀ ਤਾਕ ਵਿੱਚ ਰਹਿੰਦੇ। ਉਨ੍ਹਾਂ ਦੇ ਆਂਡੇ ਪੀ ਜਾਂਦੇ ਤੇ ਉਨ੍ਹਾਂ ਦੇ ਬੋਟ ਚੁੱਕ ਲਿਜਾਂਦੇ।ਨ੍ਹੇਰੀਆਂ ਝੱਖੜ ਉਨ੍ਹਾਂ ਦੇ ਆਲ੍ਹਣੇ ਖਿਲਾਰ ਜਾਂਦੇ। ਖੇਤਾਂ ਵਿੱਚ ਦਾਣੇ ਚੁਗਣ ਜਾਂਦੀਆਂ ਤਾਂ ਉੱਥੇ ਕੀੜੇਮਾਰ ਦਵਾਈਆਂ ਖਿਲਰੀਆਂ ਹੁੰਦੀਆਂ। ਚੁੰਝ ’ਤੇ ਭੋਰਾ ਦਵਾਈ ਦੀ ਗੋਲੀ ਰੱਖਦਿਆਂ ਸਾਰ ਹੀ ਲੁਟਕ ਜਾਂਦੀਆਂ। ਫਿਰ ਉਹ ਵਕਤ ਆਇਆ ਕਿ ਚਿੜੀਆਂ ਲੋਪ ਹੋਣ ਲੱਗੀਆਂ। ਇਨ੍ਹਾਂ ਦੀ ਤਾਦਾਦ ਘਟਣ ਲੱਗੀ। ਸ਼ਿਕਾਰੀ ਜਾਲ ਵਿਛਾ ਕੇ ਚਿੜੀਆਂ ਨੂੰ ਫੜਦੇ ਅਤੇ ਬਾਜ਼ਾਰੀਂ ਵੇਚ ਕੇ ਪੈਸੇ ਕਮਾਉਂਦੇ। ਚਿੜੀ ਨੂੰ ਭੋਜਨ ਵੀ ਬਣਾਇਆ ਜਾਣ ਲੱਗਾ। ਯੂਰੋਪ ਵਿੱਚ ਚਿੜੀ ਦੇ ਮਾਸ ਤੋਂ ਤਿਆਰ ਕੀਤੀ ‘ਪਾਈ’ ਲੋਕਾਂ ਦੀ ਮਨਭਾਉਂਦੀ ਸ਼ੈਅ ਬਣ ਗਈ। ਚੀਨ ਵਿੱਚ ਇੱਕ ਵਾਰ ਚਿੜੀਆਂ ਨੂੰ ਮੁਕਾਉਣ ਦੀ ਮੁਹਿੰਮ ਵੀ ਚਲਾਈ ਗਈ ਸੀ। ਜਦੋਂ ਇਹ ਸਾਨੂੰ ਦਿਸਣੋਂ ਹਟ ਗਈਆਂ ਤਾਂ ਸਾਨੂੰ ਚੇਤਾ ਆਇਆ ਕਿ ਅਸੀਂ ਇਨ੍ਹਾਂ ਨਾਲ ਚੰਗਾ ਵਰਤਾਓ ਨਹੀਂ ਸੀ ਕੀਤਾ।
ਪੱਕੇ ਘਰ ਪਾਉਣੇ ਸੀ ਤਾਂ ਉਨ੍ਹਾਂ ਦੇ ਰਹਿਣ ਲਈ ਨੇੜੇ ਰੁੱਖਾਂ ’ਤੇ ਆਲ੍ਹਣੇ ਬਣਾ ਕੇ ਟੰਗੇ ਜਾ ਸਕਦੇ ਸਨ। ਇੰਜ ਚਿੜੀਆਂ ਦਾ ਯਕੀਨ ਤਾਂ ਮਨੁੱਖ ’ਤੇ ਬਣਿਆ ਰਹਿੰਦਾ। ਚਿੜੀਆਂ ਭਰੀਆਂ ਪੀਤੀਆਂ, ਮਨ ਵਿੱਚ ਰੋਸਾ ਲੈ ਕੇ ਸਾਥੋਂ ਦੂਰ ਹੁੰਦੀਆਂ ਗਈਆਂ। ਫਿਰ ਸਾਨੂੰ ਚੇਤੇ ਆਉਣ ਲੱਗਾ ਕਿ ਸਾਡੀਆਂ ਮਾਵਾਂ ਚਿੜੀਆਂ ਨੂੰ ਹੱਥੀਂ ਚੋਗ ਚੁਗਾਉਂਦੀਆਂ ਸਨ। ਫਿਰ ਜਨੌਰਾਂ ਦੇ ਮੁਹੱਬਤੀ ਅਤੇ ਵਾਤਾਵਰਨ ਪ੍ਰੇਮੀ ਨਾਸਿਕ ਦੇ ਬਾਸ਼ਿੰਦੇ ਮੁਹੰਮਦ ਦਿਲਾਵਰ ਨੇ ਜਨੌਰਾਂ ਦੀ ਮਦਦ ਕਰਨ ਹਿੱਤ ‘ਨੇਚਰ ਫਾਰਐਵਰ ਸੋਸਾਇਟੀ’(ਭਾਰਤ) ਦੀ ਸਥਾਪਨਾ ਕੀਤੀ। ਇਸੇ ਸੋਸਾਇਟੀ ਨੇ ਈਕੋ ਸਿਸਟਮ ਐਕਸ਼ਨ ਫਾਊਡੇਸ਼ਨ (ਫਰਾਂਸ) ਅਤੇ ਵਿਸ਼ਵ ਪੱਧਰ ’ਤੇ ਇਸ ਸੰਦਰਭ ’ਚ ਕੰਮ ਕਰ ਰਹੀਆਂ ਹੋਰ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ, ਚਿੜੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 20 ਮਾਰਚ ਦਾ ਦਿਨ ‘ਚਿੜੀ ਦਿਵਸ’ ਵਜੋਂ ਮਨਾਉਣਾ ਸ਼ੁਰੂ ਕੀਤਾ। ਪਹਿਲਾ ਵਿਸ਼ਵ ਚਿੜੀ ਦਿਵਸ ਸਾਲ 2010 ’ਚ ਮਨਾਇਆ ਗਿਆ ਸੀ।
ਚਿੜੀਆਂ ਸਾਡੇ ਲਈ ਕਿੰਨੀਆਂ ਮਹੱਤਵਪੂਰਨ ਹਨ, ਆਓ ਵਿਚਾਰ ਕਰੀਏ:
ਚਿੜੀਆਂ ਨੇ ਵਾਤਾਵਰਣ ਸੁਰੱਖਿਆ ਅਤੇ ਵੰਨ-ਸੁਵੰਨਤਾ ਨੂੰ ਸਿਰਜਨ ਵਿੱਚ ਹਮੇਸ਼ਾ ਬਣਦਾ ਯੋਗਦਾਨ ਪਾਇਆ ਹੈ। ਇਨ੍ਹਾਂ ਦਾ ਸਾਡੇ ਸੱਭਿਆਚਾਰ ਵਿੱਚ ਹਮੇਸ਼ਾ ਉੱਚਾ ਰੁਤਬਾ ਰਿਹਾ ਹੈ। ਅਸੀਂ ਆਪਣੀਆਂ ਧੀਆਂ ਨੂੰ ਚਿੜੀਆਂ ਕਹਿੰਦੇ ਆ ਰਹੇ ਹਾਂ। ਸਾਡੇ ਲੋਕ-ਗੀਤਾਂ ਵਿੱਚ ‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਉੱਡ ਵੇ ਜਾਣਾ’ ਹੁਣ ਵੀ ਧੀਆਂ ਨੂੰ ਵਿਆਹੁਣ ਸਮੇਂ ਔਰਤਾਂ ਗਾਉਂਦੀਆਂ ਹਨ। ਗੁਰਬਾਣੀ ਵਿੱਚ ਵੀ ਅੰਮ੍ਰਿਤ ਵੇਲੇ ਚਿੜੀਆਂ ਦੇ ਚਹਿਕਣ ਦਾ ਜ਼ਿਕਰ ਆਉਂਦਾ ਹੈ।
ਚਿੜੀਆਂ ਲਈ ਚੁਣੌਤੀਆਂ ਅਤੇ ਮਸ਼ਵਰੇ: ਮੋਬਾਈਲ ਫੋਨ ਦੇ ਟਾਵਰਾਂ ਤੋਂ ਉਤਪੰਨ ਰੇਡੀਓ ਤਰੰਗਾਂ ਇਨ੍ਹਾਂ ਦੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ।ਖੋਜੀਆਂ ਵੱਲੋਂ ਕੋਈ ਨਵੀਂ ਤਕਨੀਕ ਖੋਜਣ ਦੀ ਲੋੜ ਹੈ।
ਰੁੱਖਾਂ ਨੂੰ ਕੱਟਣ ਦਾ ਰੁਝਾਨ ਵੀ ਚਿੜੀਆਂ ਨੂੰ ਆਲ੍ਹਣੇ ਪਾਉਣ ਦੇ ਰਾਹ ਦਾ ਰੋੜਾ ਬਣ ਰਿਹਾ ਹੈ। ਰੁੱਖ ਵੱਧ ਗਿਣਤੀ ਵਿੱਚ ਲਗਾਏ ਜਾਣ।
ਮਨੁੱਖਾਂ ਵੱਲੋਂ ਇਨ੍ਹਾਂ ਸਾਊ ਜਨੌਰਾਂ ਨੂੰ ਆਪਣੇ ਨੇੜੇ ਹੀ ਰੈਣ ਬਸੇਰੇ ਤਿਆਰ ਕਰਕੇ ਦੇਣੇ ਚਾਹੀਦੇ ਹਨ ਤਾਂ ਕਿ ਸਾਡੀ ਸਾਂਝ ਪੁਨਰ ਸੁਰਜੀਤ ਹੋ ਸਕੇ।
ਲੱਕੜ ਦੇ ਸੁਵਿਧਾਜਨਕ ਆਲ੍ਹਣੇ ਸ਼ਹਿਰੀ ਇਲਾਕਿਆਂ ਵਿੱਚ ਵੀ ਘਰਾਂ ਦੇ ਵਿਹੜਿਆਂ, ਮਮਟੀਆਂ ’ਤੇ ਟੰਗਣੇ ਚਾਹੀਦੇ ਹਨ ਤਾਂ ਕਿ ਚਿੜੀਆਂ ਦਾ ਸਾਡੇ ਨਾਲ ਰਾਬਤਾ ਮੁੜ ਬਣ ਸਕੇ।
ਚਿੜੀ ਦਿਵਸ ਮੌਕੇ:
ਇਸ ਦਿਨ ਸਕੂਲਾਂ, ਕਾਲਜਾਂ ਵਿੱਚ ਇਸ ਪੰਛੀ ਦੇ ਲੋਪ ਹੋ ਜਾਣ ਪ੍ਰਤੀ ਚੇਤਨਾ ਪੈਦਾ ਕਰਨ ਲਈ ਗੋਸ਼ਟੀਆਂ, ਸੈਮੀਨਾਰਾਂ, ਮੁਕਾਬਲਿਆਂ, ਭਾਸ਼ਨ ਪ੍ਰਤੀਯੋਗਤਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਦਾ ਪ੍ਰਬੰਧ ਵੱਖ ਵੱਖ ਸਰਕਾਰੀ ਅਤੇ ਗ਼ੈਰਸਰਕਾਰੀ ਸੰਸਥਾਵਾਂ ਵੱਲੋਂ ਮਿਲ ਕੇ ਕੀਤਾ ਜਾ ਸਕਦਾ ਹੈ।
ਪੈਸੇ ਦੇ ਅੰਨ੍ਹੀ ਹੋੜ ਨੇ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਦੇ ਟੀਚੇ ਦੇ ਨਾਲ ਨਾਲ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਰਨ ਦੇ ਰਾਹ ਤੋਰ ਦਿੱਤਾ।
ਜ਼ਿੰਦਗੀ ਦੀ ਕਾਹਲਬਾਜ਼ੀ ਨੇ ਹਰੇਕ ਦੇ ਹੱਥ ਵਿੱਚ ਮੋਬਾਈਲ ਫੜਾ ਦਿੱਤਾ। ਇਹ ਰੁਝਾਨ ਚਿੜੀਆਂ ਦੇ ਵਜੂਦ ਲਈ ਖ਼ਤਰੇ ਖੜ੍ਹੇ ਕਰ ਗਿਆ।
ਜੇ ਚਿੜੀਆਂ ਦੀਆਂ ਪ੍ਰਜਾਤੀਆਂ ਇੰਜ ਹੀ ਮਰ ਮੁੱਕ ਗਈਆਂ ਤਾਂ ਸਾਡੀ ਅਗਲੀ ਪੀੜ੍ਹੀ ਚਿੜੀਆਂ ਨੂੰ ਫੋਟੋਆਂ ਵਿੱਚ ਹੀ ਦੇਖਿਆ ਕਰੇਗੀ।
ਮਾਂ ਬੱਚੇ ਨੂੰ ਦੱਸਿਆ ਕਰੇਗੀ, ‘‘ਬੇਟੇ! ਤੇਰੀ ਦਾਦੀ ਜਿਉਂਦੀਆਂ ਚਿੜੀਆਂ ਨੂੰ ਹੱਥ ’ਤੇ ਚੋਗਾ ਚੁਗਾਉਂਦੀ ਹੁੰਦੀ ਸੀ।’’
ਅਣਭੋਲ ਬੱਚੇ ਕਿਹਾ ਕਰਨਗੇ, ‘‘ਫੇਰ ਦਾਦੀ ਦੇ ਨਾਲ ਹੀ ਚਿੜੀਆਂ ਕਿੱਥੇ ਚਲੀਆਂ ਗਈਆਂ?”
ਚੇਤੇ ਰੱਖਿਓ, ਬੱਚਿਆਂ ਦੇ ਸਵਾਲ ਹਰ ਸਮੇਂ ਤੁਹਾਡਾ ਪਿੱਛਾ ਕਰਦੇ ਰਹਿਣਗੇ।
ਸੰਪਰਕ: 97806-67686

Advertisement
Advertisement