ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?
ਡਾ. ਦਰਸ਼ਨ ਸਿੰਘ ਆਸ਼ਟ
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ, ਨੀਂ ਚਿੜੀਏ।
ਦਿਸਦੀ ਨਾ ਹੁਣ ਸਾਡੇ ਨੇੜੇ ਤੇੜੇ ਨੀਂ।
ਸੁੰਨੀਆਂ ਘਰ ਦੀਆਂ ਛੱਤਾਂ, ਸੁੰਨੇ ਵਿਹੜੇ ਨੀਂ।
ਫਾਹ ਲੈ ਗਿਆ ਕੌਣ ਸ਼ਿਕਾਰੀ, ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਨੰਨ੍ਹੇ ਬੋਟਾਂ ਦੇ ਮੂੰਹ ਚੋਗਾ ਪਾਉਂਦੀ ਸੈਂ।
ਮੀਂਹ ਮੰਗਣ ਲਈ ਮਿੱਟੀ ਦੇ ਵਿੱਚ ਨਾਹੁੰਦੀ ਸੈਂ।
ਕਿਹੜੀ ਪੈ ਗਈ ਬਿਪਤਾ ਭਾਰੀ, ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਆਲ੍ਹਣਾ ਵੀ ਛੱਤਾਂ ਵਿੱਚ ਬਣਾਉਂਦੀ ਸੈਂ।
ਸੁਬ੍ਹਾ ਬਨੇਰੇ ਬਹਿ ਕੇ ਰੌਣਕ ਲਾਉਂਦੀ ਸੈਂ।
ਕਰੇ ਉਡੀਕਾਂ ਡੇਕ ਵਿਚਾਰੀ, ਨੀਂ ਚਿੜੀਏ,
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਪੰਜਿਆਂ ਦੇ ਵਿੱਚ ਲੈ ਗਿਆ ਤੈਨੂੰ ਬਾਜ਼ ਕੋਈ।
ਜਾਂ ਫਿਰ ਕਾਂ ਦੇ ਨਾਲ ਕੋਈ ਤਕਰਾਰ ਹੋਈ।
ਜਾਂ ਫਿਰ ਡੁੱਲ੍ਹ ਗਈ ਖਿਚੜੀ ਸਾਰੀ, ਨੀਂ ਚਿੜੀਏ,
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਮੋਬਾਈਲਾਂ ਦੇ ਉੱਚੇ ਉੱਚੇ ਟਾਵਰ ਨੀਂ।
ਤੇਰੇ ਲਈ ਨੇ ਬਣ ਕੇ ਆਏ ਜਾਬਰ ਨੀਂ।
ਜ਼ਹਿਰ-ਤਰੰਗਾਂ ਨੇ ਤੂੰ ਮਾਰੀ? ਨੀਂ ਚਿੜੀਏ।
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਆ ਨੀਂ ਚਿੜੀਏ ਕਿਧਰੋਂ ਉੱਡ ਕੇ ਆ ਜਾ ਤੂੰ।
ਤਰਸ ਗਏ ਨੇ ਬੱਚੇ, ਮਨ ਪਰਚਾ ਜਾ ਤੂੰ।
ਮਾਂ ਨੇ ਚੂਰੀ ਕੁੱਟ ਖਿਲਾਰੀ, ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਦਰਸ਼ਨ ਆਸ਼ਟ ਕਵਿਤਾ ਲਿਖ ਕੇ ਗਾਏਗਾ।
ਲੋਭੀ ਬੰਦੇ ਨੂੰ ਇਹ ਗੱਲ ਸਮਝਾਏਗਾ।
ਰੁੱਖਾਂ ’ਤੇ ਨਾ ਫੇਰੇ ਆਰੀ, ਨੀਂ ਚਿੜੀਏ,
ਕਿੱਥੇ ਗਈ ਏਂ ਮਾਰ ਉਡਾਰੀ, ਨੀਂ ਚਿੜੀਏ?
ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ, ਨੀਂ ਚਿੜੀਏ।