‘ਛਾਵਾ’ ਦੀਆਂ ‘ਬੁੱਕ ਮਾਈ ਸ਼ੋਅ’ ’ਤੇ ਰਿਕਾਰਡ ਤੋੜ ਟਿਕਟਾਂ ਵਿਕੀਆਂ
ਨਵੀਂ ਦਿੱਲੀ:
ਵਿੱਕੀ ਕੌਸ਼ਲ ਦੀ ਫ਼ਿਲਮ ‘ਛਾਵਾ’ ‘ਬੁੱਕ ਮਾਈ ਸ਼ੋਅ’ ’ਤੇ 1.2 ਕਰੋੜ ਟਿਕਟਾਂ ਦੀ ਵਿਕਰੀ ਦਰਜ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ। ‘ਟਿਕਟਿੰਗ’ ਮੰਚ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਦੇ ਡਾਇਰੈਕਟਰ ਲਕਸ਼ਮਣ ਉਤੇਕਰ ਹਨ। ਫਿਲਮ 14 ਫਰਵਰੀ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ’ਤੇ ਆਧਾਰਿਤ ਹੈ। ਇਸ ਵਿੱਚ ਕੌਸ਼ਲ ਮੁੱਖ ਭੂਮਿਕਾ ਵਿੱਚ ਹੈ ਜਦੋਂਕਿ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਉਨ੍ਹਾਂ ਦੀ ਪਤਨੀ ਯੇਸੁਬਾਈ ਦੀ ਭੂਮਿਕਾ ਨਿਭਾਈ ਹੈ। ‘ਮੈਡੌਕ ਫਿਲਮਜ਼’ ਬੈਨਰ ਹੇਠ ਬਣੀ ਇਸ ਫਿਲਮ ਨੇ ਘਰੇਲੂ ਬਾਕਸ ਆਫਿਸ ’ਤੇ 550 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ‘ਬੁੱਕ ਮਾਈ ਸ਼ੋਅ’ ਦੇ ਸੀਓਓ (ਸਿਨੇਮਾ) ਆਸ਼ੀਸ਼ ਸਕਸੈਨਾ ਨੇ ਬਿਆਨ ਵਿੱਚ ਕਿਹਾ ਕਿ ਫਿਲਮ ਦੀ ਟਿਕਟ ਵਿਕਰੀ ਨੇ ਰਾਜ ਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਭੂਮਿਕਾ ਵਾਲੀ ਫਿਲਮ ‘ਸਤ੍ਰੀ 2’ ਨੂੰ ਵੀ ਪਛਾੜ ਦਿੱਤਾ ਹੈ। ਸਕਸੈਨਾ ਨੇ ਕਿਹਾ, “ਇਹ ਇਤਿਹਾਸਕ ਪ੍ਰਾਪਤੀ ਹੈ ਜਿਸ ਨੇ ਭਾਰਤੀ ਸਿਨੇਮਾ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ, ‘ਛਾਵਾ’ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ‘ਬੁੱਕ ਮਾਈ ਸ਼ੋਅ’ ’ਤੇ 1.2 ਕਰੋੜ ਟਿਕਟਾਂ ਦੀ ਵਿਕਰੀ ਦਾ ਇਤਿਹਾਸਕ ਅੰਕੜਾ ਪਾਰ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ।’’ ‘ਛਾਵਾ’ ਫ਼ਿਲਮ ਵਿੱਚ ਅਕਸ਼ੈ ਖੰਨਾ, ਡਾਇਨਾ ਪੈਂਟੀ, ਨੀਲ ਭੂਪਾਲਮ, ਆਸ਼ੂਤੋਸ਼ ਰਾਣਾ, ਦਿਵਿਆ ਦੱਤਾ ਅਤੇ ਵਿਨੀਤ ਕੁਮਾਰ ਸਿੰਘ ਵੀ ਹਨ। -ਪੀਟੀਆਈ