ਜ਼ਿੰਦਗੀ ਜਿਊਣ ਦੀ ਕਲਾ
ਲਲਿਤ ਗੁਪਤਾ
ਅੱਜ ਦੀ ਭੱਜ-ਦੌੜ ਅਤੇ ਸੰਘਰਸ਼ ਭਰੀ ਜ਼ਿੰਦਗੀ ਵਿੱਚ ਅਸੀਂ ਖ਼ੁਸ਼ ਰਹਿਣਾ ਭੁੱਲ ਗਏ ਜਾਪਦੇ ਹਾਂ। ਤੁਹਾਡੀ ਜ਼ਿੰਦਗੀ ਦੀ ਖ਼ੁਸ਼ੀ ਅਤੇ ਆਨੰਦ ਤੁਹਾਡੇ ਵਿਚਾਰਾਂ ਦੀ ਗੁਣਵੱਤਾ ’ਤੇ ਨਿਰਭਰ ਕਰਦਾ ਹੈ। ਤੁਹਾਡੀ ਖ਼ੁਸ਼ੀ ਤੁਹਾਡੇ ਰਵੱਈਏ ’ਤੇ ਨਿਰਭਰ ਕਰਦੀ ਹੈ, ਨਾ ਕਿ ਇਸ ਗੱਲ ’ਤੇ ਕਿ ਤੁਹਾਡੇ ਕੋਲ ਕੀ ਹੈ? ਖ਼ੁਸ਼ੀ ਉਹ ਇਨਾਮ ਹੈ ਜੋ ਸਾਨੂੰ ਆਪਣੀ ਸਮਝ ਅਨੁਸਾਰ ਸਹੀ ਜੀਵਨ ਜਿਊਣ ਲਈ ਮਿਲਦਾ ਹੈ।
ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ‘‘ਜ਼ਿੰਦਗੀ ਵਿੱਚ ਉਦਾਸੀ ਦੇ ਕਾਰਨ ਤਾਂ ਬਹੁਤ ਹਨ, ਪਰ ਬਿਨਾਂ ਵਜ੍ਹਾ ਖ਼ੁਸ਼ ਰਹਿਣ ਦਾ ਮਜ਼ਾ ਹੀ ਕੁਝ ਹੋਰ ਹੈ...।’’ ਹਰ ਕਿਸੇ ਨੂੰ ਖ਼ੁਸ਼ ਰਹਿਣ ਦਾ ਹੱਕ ਹੈ ਅਤੇ ਹਰ ਕਿਸੇ ਲਈ ਖ਼ੁਸ਼ੀ ਦਾ ਆਪਣਾ ਮਤਲਬ ਹੈ। ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਪੇਚੀਦਗੀਆਂ ਆਉਂਦੀਆਂ ਹਨ, ਪਰ ਅਸੀਂ ਉਨ੍ਹਾਂ ਦਾ ਸਾਹਮਣਾ ਕਰਦੇ ਅਤੇ ਜਿੱਤ ਜਾਂਦੇ ਹਾਂ। ਦੂਜੇ ਪਾਸੇ, ਕੁਝ ਲੋਕ ਹਾਰ ਮੰਨ ਲੈਂਦੇ ਹਨ ਅਤੇ ਹਮੇਸ਼ਾ ਉਦਾਸ ਰਹਿੰਦੇ ਹਨ, ਜੋ ਕਿ ਸਹੀ ਨਹੀਂ ਹੈ। ਅਸਫ਼ਲਤਾ ਸਾਡੇ ਜੀਵਨ ਵਿੱਚ ਕਈ ਵਾਰ ਆਉਂਦੀ ਹੈ ਅਤੇ ਅਸੀਂ ਉਨ੍ਹਾਂ ਦਾ ਸਾਹਮਣਾ ਕਰਦੇ ਹਾਂ।
ਅੱਜ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਖ਼ੁਸ਼ੀ ਨਹੀਂ, ਸਿਰਫ਼ ਸੰਘਰਸ਼ ਹੈ। ਹਰ ਇਨਸਾਨ ਖ਼ੁਸ਼ੀ ਨੂੰ ਆਪਣੇ ਨਜ਼ਰੀਏ ਤੋਂ ਦੇਖਦਾ ਹੈ। ਕੁਝ ਲੋਕ ਪੈਸਾ ਕਮਾ ਕੇ ਮਹਿਸੂਸ ਕਰਦੇ ਹਨ ਅਤੇ ਕੁਝ ਪਿਆਰ ਵਿੱਚ ਪੈ ਕੇ ਖ਼ੁਸ਼ ਮਹਿਸੂਸ ਕਰਦੇ ਹਨ। ਹਰ ਕੋਈ ਆਪਣੇ ਤਰੀਕੇ ਨਾਲ ਇਸ ਦਾ ਅਨੁਭਵ ਕਰਦਾ ਹੈ। ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਸਫ਼ਲ ਹੋਣਾ ਚਾਹੁੰਦਾ ਹੈ ਅਤੇ ਸਫਲ ਹੋਣ ਲਈ ਸਾਡਾ ਖ਼ੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਵੀਹ ਮਾਰਚ ਨੂੰ ਖ਼ੁਸ਼ੀ ਦਿਵਸ ਉਨ੍ਹਾਂ ਲੋਕਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਕੌਮਾਂਤਰੀ ਪੱਧਰ ’ਤੇ ਮਨਾਇਆ ਜਾਂਦਾ ਹੈ, ਜੋ ਜ਼ਿੰਦਗੀ ਵਿੱਚ ਹਮੇਸ਼ਾ ਸੰਘਰਸ਼ ਕਰਦੇ ਰਹਿੰਦੇ ਹਨ। ਬੇਸ਼ੱਕ, ਹਰ ਦਿਨ ਖ਼ੁਸ਼ ਹੋਣ ਦਾ ਦਿਨ ਹੁੰਦਾ ਹੈ, ਪਰ 2013 ਤੋਂ ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਵਿੱਚ ਇਸ ਦੀ ਅਹਿਮੀਅਤ ਪਛਾਣਨ ਦੇ ਤਰੀਕੇ ਵਜੋਂ ਕੌਮਾਂਤਰੀ ਖ਼ੁਸ਼ੀ ਦਿਵਸ ਮਨਾਉਣਾ ਸ਼ੁਰੂ ਕੀਤਾ। 2012 ਵਿੱਚ ਇਸ ਬਾਰੇ ਸੰਯੁਕਤ ਰਾਸ਼ਟਰ ਦੀ ਪਹਿਲੀ ਕਾਨਫਰੰਸ ਹੋਈ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ 20 ਮਾਰਚ ਨੂੰ ਕੌਮਾਂਤਰੀ ਖ਼ੁਸ਼ੀ ਦਿਵਸ ਮਨਾਇਆ ਜਾਵੇਗਾ। ਇਹ ਪਹਿਲੀ ਵਾਰ 2013 ਵਿੱਚ ਮਨਾਇਆ ਗਿਆ ਸੀ। ਇਸ ਸਾਲ ਭਾਵ ਅੱਜ ਦੇ ਕੌਮਾਂਤਰੀ ਖ਼ੁਸ਼ੀ ਦਿਵਸ ਦਾ ਥੀਮ ‘ਦੇਖਭਾਲ ਅਤੇ ਸਾਂਝਾ ਕਰਨਾ’ ਹੈ, ਜੋ ਖ਼ੁਸ਼ੀ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਦਿਆਲਤਾ, ਹਮਦਰਦੀ ਅਤੇ ਉਦਾਰਤਾ ਦੀ ਮਹੱਤਤਾ ’ਤੇ ਜ਼ੋਰ ਦਿੰਦਾ ਹੈ। ਸ਼ੇਅਰਿੰਗ ਇਜ਼ ਕੇਅਰਿੰਗ ਦਾ ਇਹ ਥੀਮ ਦੁਨੀਆ ਨੂੰ ਇੱਕ ਖੁਸ਼ਹਾਲ ਸਥਾਨ ਬਣਾਉਣ ਵਿੱਚ ਦਿਆਲਤਾ, ਹਮਦਰਦੀ ਅਤੇ ਉਦਾਰਤਾ ਦੀ ਸ਼ਕਤੀ ਨੂੰ ਉਜਾਗਰ ਕਰਦਾ ਹੈ। ਇਹ ਇੱਕ ਦੂਜੇ ਦੀ ਦੇਖਭਾਲ ਕਰਨ, ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਵੱਡੇ ਭਾਈਚਾਰੇ ਦਾ ਹਿੱਸਾ ਬਣਨ ਦੀ ਮਹੱਤਤਾ ’ਤੇ ਜ਼ੋਰ ਦਿੰਦਾ ਹੈ। ਇਹ ਦਿਹਾੜਾ ਲੋਕਾਂ ਦੇ ਜੀਵਨ ਵਿੱਚ ਖ਼ੁਸ਼ੀ ਅਤੇ ਤੰਦਰੁਸਤੀ ਦੀ ਮਹੱਤਤਾ ਨੂੰ ਪਛਾਣਦਾ ਹੈ।
ਸਫ਼ਲਤਾ ਅਤੇ ਅਸਫ਼ਲਤਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜੋ ਆਉਂਦੇ ਜਾਂਦੇ ਰਹਿੰਦੇ ਹਨ। ਇਸ ਲਈ ਸਾਨੂੰ ਹਮੇਸ਼ਾ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਖ਼ੁਸ਼ ਹੁੰਦੇ ਹਾਂ ਤਾਂ ਸਾਡੀ ਸੋਚ ਸਾਕਾਰਾਤਮਕ ਹੁੰਦੀ ਹੈ, ਜੋ ਸਾਡੇ ਸਫ਼ਲ ਹੋਣ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਦੂਜੇ ਪਾਸੇ, ਅਸੀਂ ਉਦਾਸ ਹੁੰਦੇ ਹਾਂ ਤਾਂ ਸਾਡੇ ਅੰਦਰ ਦੀ ਨਕਾਰਾਤਮਕ ਸੋਚ ਹੀ ਸਾਡੀ ਅਸਫ਼ਲਤਾ ਦਾ ਵੱਡਾ ਕਾਰਨ ਹੁੰਦੀ ਹੈ। ਇਸ ਲਈ ਖ਼ੁਸ਼ ਰਹਿਣਾ ਜ਼ਿੰਦਗੀ ਦਾ ਇੱਕ ਹਿੱਸਾ ਹੈ। ਇਹ ਦਿਨ ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।
ਹਰ ਕਿਸੇ ਨੂੰ ਖ਼ੁਸ਼ ਰਹਿਣ ਦਾ ਹੱਕ ਹੈ ਅਤੇ ਹਰ ਕਿਸੇ ਲਈ ਖ਼ੁਸ਼ੀ ਦਾ ਆਪਣਾ ਮਤਲਬ ਹੈ। ਹਰ ਇੱਕ ਦੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਅਖ਼ਬਾਰਾਂ, ਟੀ.ਵੀ.ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਹੈ ਕਿ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਕਈ ਵਾਰ ਵਿਦਿਆਰਥੀ ਇਮਤਿਹਾਨ ਵਿੱਚ ਫੇਲ੍ਹ ਹੋ ਕੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ, ਜੋ ਕਿ ਸਹੀ ਨਹੀਂ ਹੈ ਕਿਉਂਕਿ ਇੱਕ ਹਾਰ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ।
ਇਸ ਸੰਸਾਰ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੀਆਂ ਭੋਜਨ, ਮਕਾਨ ਵਰਗੀਆਂ ਬੁਨਿਆਦੀ ਲੋੜਾਂ ਵੀ ਸਹੀ ਢੰਗ ਨਾਲ ਨਹੀਂ ਪੂਰੀਆਂ ਨਹੀਂ ਹੁੰਦੀਆਂ, ਫਿਰ ਵੀ ਉਹ ਖ਼ੁਸ਼ ਹਨ ਕਿਉਂਕਿ ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਹੀਂ ਕਰਦੇ। ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਭ ਕੁਝ ਹੋਣ ਦੇ ਬਾਵਜੂਦ, ਸੰਤੁਸ਼ਟ ਨਾ ਹੋਣ ਕਾਰਨ ਦੁਖੀ ਰਹਿੰਦੇ ਹਨ ਅਤੇ ਉਹ ਆਪਣੀ ਤੁਲਨਾ ਆਪਣੇ ਤੋਂ ਵੱਡੇ ਲੋਕਾਂ ਨਾਲ ਕਰਦੇ ਹਨ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੀ ਤੁਲਨਾ ਸਿਰਫ਼ ਆਪਣੇ ਤੋਂ ਵੱਡੇ ਲੋਕਾਂ ਨਾਲ ਕਿਉਂ ਕਰਦੇ ਹਾਂ? ਅਸੀਂ ਛੋਟੇ ਲੋਕਾਂ ਨਾਲ ਵੀ ਤੁਲਨਾ ਕਰ ਸਕਦੇ ਹਾਂ ਜਿਨ੍ਹਾਂ ਕੋਲ ਕੁਝ ਨਹੀਂ ਹੈ।
ਸਾਨੂੰ ਆਪਣੀ ਜ਼ਿੰਦਗੀ ਵਿੱਚ ਜੋ ਵੀ ਮਿਲਿਆ ਹੈ, ਉਸ ਵਿੱਚ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਦੁਨੀਆ ਵਿੱਚ ਹਰ ਕਿਸੇ ਨੂੰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ। ਉਂਜ ਤਾਂ ਸਾਨੂੰ ਕਿਸੇ ਚੀਜ਼ ਵਿੱਚ ਖ਼ੁਸ਼ੀ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ, ਪਰ ਇਹ ਪ੍ਰਾਪਤ ਕਰਨ ਦੇ ਕੁਝ ਤਰੀਕੇ ਹਨ। ਅਸੀਂ ਕਿਸੇ ਬੇਵੱਸ ਵਿਅਕਤੀ ਦੀ ਮਦਦ ਕਰਕੇ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਲਈ ਕੁਝ ਅਜਿਹਾ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੀ ਮੁਸਕਰਾਹਟ ਦਾ ਕਾਰਨ ਬਣ ਸਕੇ। ਦਰਅਸਲ, ਖ਼ੁਸ਼ੀ ਉਦੋਂ ਹੋਰ ਵੀ ਵਧ ਜਾਂਦੀ ਹੈ ਜਦੋਂ ਤੁਸੀਂ ਦੂਜਿਆਂ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਜੇਕਰ ਅਸੀਂ ਕਮਜ਼ੋਰ, ਮਜਬੂਰ ਲੋਕਾਂ ਦੀ ਮਦਦ ਕਰ ਸਕਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਜੇ ਤੁਸੀਂ ਰਹਿਣ ਲਈ ਘਰ ਅਤੇ ਖਾਣ ਲਈ ਭੋਜਨ ਤੋਂ ਵਾਂਝੇ ਲੋਕਾਂ ਦੀ ਮਦਦ ਕਰਦੇ ਹੋ ਤਾਂ ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਤੁਹਾਡੇ ਚਿਹਰੇ ’ਤੇ ਮੁਸਕਰਾਹਟ ਜ਼ਰੂਰ ਆਵੇਗੀ ਅਤੇ ਉਹ ਤੁਹਾਨੂੰ ਅਸੀਸਾਂ ਦੇਣਗੇ।
ਜਦੋਂ ਅਸੀਂ ਲੰਮੇ ਸਮੇਂ ਤੱਕ ਖ਼ੁਸ਼ ਨਹੀਂ ਰਹਿੰਦੇ ਤਾਂ ਸਾਡਾ ਸੁਭਾਅ ਉਦਾਸੀ ਭਰਿਆ ਅਤੇ ਚਿੜਚਿੜਾ ਹੋ ਜਾਂਦਾ ਹੈ। ਖ਼ੁਸ਼ ਲੋਕ ਲੰਮਾ ਸਮਾਂ ਜਿਉਂਦੇ ਹਨ ਅਤੇ ਉਨ੍ਹਾਂ ਨੂੰ ਘੱਟ ਸਿਹਤ ਸਮੱਸਿਆਵਾਂ ਹੁੰਦੀਆਂ ਹਨ। ਖੁਸ਼ਹਾਲ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਲਈ ਸਾਨੂੰ ਖ਼ੁਸ਼ ਰਹਿਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਲਈ ਸਾਨੂੰ ਆਪਣੇ ਜੀਵਨ ਨੂੰ ਸੰਤੁਲਿਤ ਰੱਖਣਾ ਹੋਵੇਗਾ। ਇਸ ਖ਼ਾਤਰ ਸਾਨੂੰ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ, ਨਿਯਮਿਤ ਤੌਰ ’ਤੇ ਕਸਰਤ ਕਰਨੀ ਚਾਹੀਦੀ ਹੈ, ਸਹੀ ਆਰਾਮ ਕਰਨਾ ਚਾਹੀਦਾ ਹੈ ਅਤੇ ਸਮੇਂ ਸਿਰ ਸੌਣਾ ਚਾਹੀਦਾ ਹੈ। ਇਸ ਨਾਲ ਤੁਸੀਂ ਹਮੇਸ਼ਾ ਫਿੱਟ ਅਤੇ ਨਾਲ ਹੀ ਖ਼ੁਸ਼ ਵੀ ਰਹੋਗੇ। ਜਦੋਂ ਤੁਸੀਂ ਆਪ ਖ਼ੁਸ਼ ਹੋਵੋਗੇ ਤਾਂ ਦੂਜਿਆਂ ਨਾਲ ਵੀ ਖ਼ੁਸ਼ੀ ਸਾਂਝੀ ਕਰ ਸਕਦੇ ਹੋ।
ਇਸ ਤੋਂ ਇਲਾਵਾ ਵਿਸ਼ਵਾਸ ਕਰਨਾ ਅਤੇ ਵਿਸ਼ਵਾਸ ਜਿੱਤਣਾ ਵੀ ਖ਼ੁਸ਼ ਰਹਿਣ ਦਾ ਮੰਤਰ ਹੈ। ਕਦੇ ਕਦੇ ਬਿਨਾਂ ਵਜ੍ਹਾ ਵੀ ਮੁਸਕਰਾਉਣਾ ਚਾਹੀਦਾ ਹੈ। ਆਪਣਾ ਧਿਆਨ ਉਨ੍ਹਾਂ ਚੀਜ਼ਾਂ ਤੋਂ ਪਰ੍ਹੇ ਲਿਜਾਉ, ਜੋ ਤੁਹਾਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਰਹੀਆਂ ਹਨ। ਉਨ੍ਹਾਂ ਚੀਜ਼ਾਂ ਵੱਲ ਧਿਆਨ ਕਰੋ, ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ। ਆਪਣੀਆਂ ਗ਼ਲਤੀਆਂ ਲਈ ਜ਼ਿੰਮੇਵਾਰੀ ਲੈਣਾ ਸਿੱਖੋ ਅਤੇ ਦੂਜਿਆਂ ਦੀਆਂ ਗ਼ਲਤੀਆਂ ਲੱਭਣਾ ਬੰਦ ਕਰੋ। ਇਉਂ, ਦੂਜਿਆਂ ਨਾਲ ਤੁਹਾਡੇ ਰਿਸ਼ਤੇ ਖਰਾਬ ਨਹੀਂ ਹੋਣਗੇ ਅਤੇ ਨਾਲ ਹੀ ਤੁਹਾਨੂੰ ਆਪਣੀਆਂ ਗ਼ਲਤੀਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਮੌਕਾ ਮਿਲੇਗਾ। ਗ਼ਲਤੀ ਦਰੁਸਤ ਹੋਣ ’ਤੇ ਤੁਹਾਨੂੰ ਖ਼ੁਸ਼ੀ ਮਹਿਸੂਸ ਹੋਵੇਗੀ।
ਜੇਕਰ ਤੁਸੀਂ ਜ਼ਿੰਦਗੀ ਵਿੱਚ ਖ਼ੁਸ਼ ਰਹਿਣਾ ਚਾਹੁੰਦੇ ਹੋ ਤਾਂ ਦੂਜਿਆਂ ਤੋਂ ਉਮੀਦ ਰੱਖਣੀ ਛੱਡ ਦਿਓ। ਜੇ ਤੁਸੀਂ ਕਿਸੇ ਲਈ ਕੁਝ ਕਰ ਰਹੇ ਹੋ ਤਾਂ ਤੁਹਾਨੂੰ ਉਸ ਵਿਅਕਤੀ ਤੋਂ ਤੁਹਾਡੇ ਲਈ ਅਜਿਹਾ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ। ਦੂਜਿਆਂ ਤੋਂ ਉਮੀਦਾਂ ਹਮੇਸ਼ਾ ਦੁੱਖ ਦਿੰਦੀਆਂ ਹਨ। ਇਸ ਲਈ ਖ਼ੁਸ਼ ਰਹਿਣ ਵਾਸਤੇ ਦੂਜਿਆਂ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ।
ਖ਼ੁਦ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰਹਿਣ ਦੀ ਸਲਾਹ ਦਿਓ। ਜ਼ਿੰਦਗੀ ਵਿੱਚ ਖ਼ੁਸ਼ੀ ਦੀ ਅਹਿਮੀਅਤ ਨੂੰ ਸਮਝੋ ਅਤੇ ਇਸ ਲਈ ਹਰ ਸੰਭਵ ਕੋਸ਼ਿਸ਼ ਕਰੋ।
ਸੰਪਰਕ: 97815-90500