ਡਾਕ ਐਤਵਾਰ ਦੀ
ਅਧਿਕਾਰ ਖੇਤਰ ਵਿਸ਼ਵ-ਵਿਆਪੀ
ਐਤਵਾਰ 23 ਫਰਵਰੀ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਮੁੱਖ ਪੰਨੇ ’ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਅਤੇ ਉਨ੍ਹਾਂ ਨੂੰ ਐੱਸਜੀਪੀਸੀ ਦੀ ਅੰਤ੍ਰਿਮ ਕਮੇਟੀ ਕੋਲੋਂ ਅਕਾਲ ਤਖਤ ਦਾ ਅਧਿਕਾਰ ਖੇਤਰ ਬਹੁਤ ਛੋਟਾ ਹੋਣ ਬਾਰੇ ਪਤਾ ਲੱਗਣ ਸਬੰਧੀ ਖ਼ਬਰ ਪੜ੍ਹ ਕੇ ਦੁੱਖ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਿਸ਼ਵ ਵਿਆਪੀ ਅਧਿਕਾਰ ਖੇਤਰ ਨੂੰ ਅੰਤ੍ਰਿਮ ਕਮੇਟੀ ਨੇ ਆਪਣੀ ਹਉਮੈ ਤੇ ਚੌਧਰ ’ਚ ਅੰਨ੍ਹੇ ਹੋ ਕੇ ਬਹੁਤ ਹੀ ਛੋਟਾ ਕਰਕੇ ਦਰਸਾਇਆ ਹੈ।
ਅਫ਼ਸੋਸ ਦੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਉਹ ਸਰਬਉੱਚ ਮੰਨਦੇ ਹਨ, ਪਰ ਜਥੇਦਾਰ ਸਾਹਿਬ ਨੂੰ ਐੱਸਜੀਪੀਸੀ ਦਾ ਇੱਕ ਆਮ ਮੁਲਾਜ਼ਮ ਕਹਿੰਦੇ ਹਨ ਤਾਂ ਜੋ ਐੱਸਜੀਪੀਸੀ ਮਨਮਰਜ਼ੀਆਂ ਕਰੀ ਜਾਵੇ ਤੇ ਕੋਈ ਇਸ ਨੂੰ ਪੁੱਛੇ ਵੀ ਨਾ। ਐੱਸਜੀਪੀਸੀ ਕੁਝ ਸਾਲਾਂ ਤੋਂ ਇੱਕ ਸਿਆਸੀ ਪਾਰਟੀ ਦੇ ਵਿੰਗ ਦੇ ਤੌਰ ’ਤੇ ਕੰਮ ਕਰ ਰਹੀ ਜਾਪਦੀ ਹੈ। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਜੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਨਿਯਮ ਬਣਾਏ ਜਾਣ ਦੀ ਲੋੜ ਹੈ, ਉੱਥੇ ਹੀ ਐੱਸਜੀਪੀਸੀ ਦਾ ਕਾਰਜਕਾਲ ਵੀ ਨਿਰਧਾਰਤ ਕਰਨ ਅਤੇ ਵਿਧਾਨ ਸਭਾਵਾਂ ਵਾਂਗ ਮਿਆਦ ਪੁੱਗਣ ਤੋਂ ਪਹਿਲਾਂ ਚੋਣਾਂ ਕਰਵਾਉਣਾ ਜ਼ਰੂਰੀ ਹੋਵੇ। ਜੇਕਰ ਕਿਸੇ ਕਾਰਨਵੱਸ ਐੱਸਜੀਪੀਸੀ ਭੰਗ ਕਰਨੀ ਪੈਂਦੀ ਹੈ ਤਾਂ ਅਗਲੀਆਂ ਵੋਟਾਂ ਤੱਕ ਇਸ ਦੇ ਕੰਮ ਦੀ ਜ਼ਿੰਮੇਵਾਰੀ ਅਕਾਲ ਤਖਤ ਦਫ਼ਤਰ ਕੋਲ ਹੋਵੇ। ਇਸ ਤਰ੍ਹਾਂ ਹੀ ਸਾਡੀਆਂ ਇਹ ਸਿਰਮੌਰ ਸੰਸਥਾਵਾਂ ਸਿਆਸੀ ਚੁੰਗਲ ਤੋਂ ਆਜ਼ਾਦ ਰਹਿ ਕੇ ਨਿਰਪੱਖਤਾ ਨਾਲ ਇਨਸਾਨੀਅਤ ਦੀ ਸੇਵਾ ਕਰ ਸਕਣਗੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਸ਼ਵ ਵਿਆਪੀ ਰੁਤਬਾ ਕਾਇਮ ਰਹੇਗਾ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਈਦੀ ਅਮੀਨ ਦੇ ਜਾਏ
1971 ਤੋਂ 1979 ਤੱਕ ਯੁਗਾਂਡਾ ਦੇ ਤਾਨਾਸ਼ਾਹ ਰਹੇ ਈਦੀ ਅਮੀਨ ਨੂੰ ‘ਯੁਗਾਂਡਾ ਦੇ ਬੁੱਚੜ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਦੇ ਵਾਰਸਾਂ ਵੱਲੋਂ ਵਸੁੰਧਰਾ ਓਸਵਾਲ ’ਤੇ ਕਤਲ ਕੇਸ ਵਿੱਚ ਬਿਨਾਂ ਦੋਸ਼ ਸਾਬਿਤ ਹੋਇਆਂ ਕੀਤੇ ਅੱਤਿਆਚਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਅਤੇ ‘ਅਸੀਂ ਈਦੀ ਅਮੀਨ ਦੇ ਜਾਏ ਘੱਟ ਨਾ ਕਰਾਂਗੇ’ ਸਿੱਧ ਕਰਨਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲ ਕਰਨਾ ਸ਼ਲਾਘਾਯੋਗ ਹੈ ਜਿਸ ਕਾਰਨ ਰੂਸ-ਯੂਕਰੇਨ ਜੰਗ ਬੰਦ ਹੋਣ ਦੀ ਸੰਭਾਵਨਾ ਹੈ, ਪਰ ਟਰੰਪ ਦਾ ਜੁਆਇੰਟ ਚੀਫ ਆਫ ਸਟਾਫ ਨੂੰ ਸਿਆਹਫ਼ਾਮ ਹੋਣ ਕਾਰਨ ਅਹੁਦੇ ਤੋਂ ਬਰਖਾਸਤ ਕਰਨਾ ਨਿੰਦਣਯੋਗ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਦੁਖਾਂਤ ਦਾ ਬਿਰਤਾਂਤ
ਐਤਵਾਰ 9 ਫਰਵਰੀ ਦੇ ‘ਦਸਤਕ’ ਅੰਕ ਵਿੱਚ ਸਵਰਨ ਸਿੰਘ ਟਹਿਣਾ ਨੇ ਆਪਣੇ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਵਿੱਚ ਅਮਰੀਕਾ ਦੁਆਰਾ ਡਿਪੋਰਟ ਕੀਤੇ ਇੱਕ ਸੌ ਚਾਰ ਨੌਜਵਾਨਾਂ ਦੇ ਦੁਖਾਂਤ ਦਾ ਵਰਣਨ ਕੀਤਾ ਹੈ। ਡਿਪੋਰਟ ਕੀਤੇ ਨੌਜਵਾਨਾਂ ਨੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਦੇਸ਼ ਵਿੱਚ ਵਧੀ ਅਰਾਜਕਤਾ ਤੋਂ ਤੰਗ ਆ ਕੇ ਪਰਵਾਸ ਦਾ ਪੱਲਾ ਫੜਿਆ। ਦੁਖਦਾਈ ਗੱਲ ਇਹ ਹੋਈ ਕਿ ਉਹ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਏ, ਜਿਸ ਵਿੱਚ ਉਨ੍ਹਾਂ ਦਾ ਪੈਸਾ ਵੀ ਗਿਆ ਅਤੇ ਜੋ ਤਸ਼ੱਦਦ ਉਨ੍ਹਾਂ ਨੂੰ ਸਹਿਣਾ ਪਿਆ ਉਸ ਨੂੰ ਸ਼ਬਦਾਂ ਦਾ ਰੂਪ ਦੇਣਾ ਵੀ ਸੰਭਵ ਨਹੀਂ। ਲੇਖਕ ਨੇ ਦਰੁਸਤ ਫਰਮਾਇਆ ਹੈ ਕਿ ਛੋਟੀ ਤੋਂ ਛੋਟੀ ਚੀਜ਼ ਖਰੀਦਣ ਵੇਲੇ ਵੀ ਅਸੀਂ ਆਪਣੀ ਸਮਝਦਾਰੀ ਵਰਤਦੇ ਹਾਂ, ਪਰ ਕਿਸੇ ਬਿਗਾਨੇ ਨੂੰ ਆਪਣੀ ਸਾਰੀ ਪੂੰਜੀ ਫੜਾਉਣ ਸਮੇਂ ਕਿਵੇਂ ਧੋਖਾ ਖਾ ਗਏ। ਇਹ ਚਿੰਤਨ ਯੋਗ ਹੈ। ਜਦੋਂ ਤੋਂ ਮਨੁੱਖ ਧਰਤੀ ’ਤੇ ਵਿਚਰ ਰਿਹਾ ਹੈ, ਉਦੋਂ ਤੋਂ ਹੀ ਉਸ ਨੇ ਆਪਣੀਆਂ ਲੋੜਾਂ ਦੀ ਪੂਰਤੀ ਅਤੇ ਹੋਂਦ ਨੂੰ ਬਰਕਰਾਰ ਰੱਖਣ ਲਈ ਪਰਵਾਸ ਦਾ ਰਾਹ ਚੁਣਿਆ। ਪਰ ਇਨ੍ਹਾਂ ਇੱਕ ਸੌ ਚਾਰ ਅਤੇ ਅਜਿਹੇ ਹੋਰ ਨੌਜਵਾਨਾਂ ਵੱਲੋਂ ਚੁਣਿਆ ਗਿਆ ਰਾਹ ਉਨ੍ਹਾਂ ਲਈ ਜ਼ਲਾਲਤ ਅਤੇ ਬੇਹੱਦ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ। ਦੇਸ਼ ਪਰਤੇ ਨੌਜਵਾਨ ਮਾਨਸਿਕ ਤੌਰ ’ਤੇ ਹਾਰ ਚੁੱਕੇ ਹਨ। ਉਨ੍ਹਾਂ ਨੂੰ ਧਰਵਾਸ ਦੇਣਾ ਅਤੇ ਉਨ੍ਹਾਂ ਦੀ ਬਾਂਹ ਫੜਨਾ ਸਰਕਾਰ ਅਤੇ ਸਮਾਜ ਦਾ ਫ਼ਰਜ਼ ਹੈ। ਉਹ ਧੋਖੇ ਦਾ ਸ਼ਿਕਾਰ ਹੋਏ ਅਤੇ ਧੋਖਾ ਕਿਸੇ ਨਾਲ ਵੀ ਹੋ ਸਕਦਾ ਹੈ। ਸਰਕਾਰ ਨੂੰ ਆਪਣੀਆਂ ਸਮਾਜਿਕ ਕਲਿਆਣ ਦੀਆਂ ਨੀਤੀਆਂ ’ਤੇ ਮੁੜ ਝਾਤ ਮਾਰਨੀ ਹੋਵੇਗੀ ਅਤੇ ਸਾਨੂੰ ਪਰਵਾਸ ਕਰਦੇ ਸਮੇਂ ਚੌਕਸੀ ਵਰਤਣੀ ਪਵੇਗੀ ਤਾਂ ਜੋ ਕੋਈ ਵੀ ਨੌਜਵਾਨ ਕਿਸੇ ਤਰ੍ਹਾਂ ਦੇ ਸੰਤਾਪ ਦਾ ਮੁੜ ਸ਼ਿਕਾਰ ਨਾ ਹੋ ਸਕੇ।
ਐਤਵਾਰ 2 ਫਰਵਰੀ ਦੇ ‘ਦਸਤਕ’ ਅੰਕ ਵਿੱਚ ਅਤਾਉਲ ਹੱਕ ਕਾਸਮੀ ਦੇ ਪਾਕਿਸਤਾਨੀ ਉਰਦੂ ਵਿਅੰਗ ‘ਇੱਕ ਮੁਰਦੇ ਨਾਲ ਗੱਲਬਾਤ’, ਜਿਸ ਦਾ ਪੰਜਾਬੀ ਅਨੁਵਾਦ ਨਿਰਮਲ ਪ੍ਰੇਮੀ ਰਾਮਗੜ੍ਹ ਨੇ ਕੀਤਾ ਹੈ, ਤੋਂ ਦੇਸ਼ ਦੀ ਮੌਜੂਦਾ ਸਥਿਤੀ ਉਜਾਗਰ ਹੁੰਦੀ ਹੈ। ਦੇਸ਼ ਵਿੱਚ ਅਰਾਜਕਤਾ ਅਤੇ ਸੱਤਾ ਦੀ ਲਾਲਸਾ ਇਸ ਕ਼ਦਰ ਵਧ ਗਈ ਹੈ ਕਿ ਹਰ ਰੋਜ਼ ਨਫ਼ਰਤ ਦੀ ਅੱਗ ਨੂੰ ਹੋਰ ਹਵਾ ਦਿੱਤੀ ਜਾਂਦੀ ਹੈ। ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਗੱਲ ਸਿਰਫ਼ ਪੜ੍ਹਨ ਵਿੱਚ ਸਹੀ ਜਾਪਦੀ ਹੈ, ਹਕੀਕੀ ਰੂਪ ਤਾਂ ਕੁਝ ਹੋਰ ਹੀ ਬਿਆਨ ਕਰਦਾ ਹੈ। ਜਾਤ ਪਾਤ, ਮਜ਼ਹਬ ਅਤੇ ਫ਼ਿਰਕਿਆਂ ਦੇ ਆਧਾਰ ’ਤੇ ਕੀਤੇ ਜਾਂਦੇ ਮੁਜ਼ਾਹਰੇ ਦੇਸ਼ ਦੀ ਅਖੰਡਤਾ ਅਤੇ ਧਰਮ ਨਿਰਪੱਖਤਾ ਲਈ ਚੰਗੇ ਸੰਕੇਤ ਨਹੀਂ। ਦੇਸ਼ ਦੇ ਹਾਲਾਤ ਇਹ ਬਣ ਗਏ ਹਨ ਕਿ ਮਰਨ ਵਾਲੇ ਨੂੰ ਕਫ਼ਨ ਅਤੇ ਕਬਰ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਸਚਾਈ ਅਤੇ ਸੰਘਰਸ਼ ਦੇ ਰਾਹ ਤੁਰਨ ਵਾਲੇ ਨੂੰ ਦੇਸ਼ਧ੍ਰੋਹੀ ਦੱਸਿਆ ਜਾਂਦਾ ਹੈ। ਦੇਸ਼ ਦਾ ਅੰਨਦਾਤਾ ਅਤੇ ਮਜ਼ਦੂਰ ਦਿਨ ਰਾਤ ਇੱਕ ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਹੁਲਾਰਾ ਦਿੰਦਾ ਹੈ, ਪਰ ਆਪ ਆਪਣੇ ਪਰਿਵਾਰ ਸਮੇਤ ਤਮਾਮ ਉਮਰ ਜੀਵਨ ਦੀਆਂ ਰੋਜ਼ਾਨਾ ਜ਼ਰੂਰਤਾਂ ਲਈ ਸੰਘਰਸ਼ ਕਰਦਾ ਰਹਿੰਦਾ ਹੈ। ਇੰਨੇ ਸੰਘਰਸ਼ ਤੋਂ ਬਾਅਦ ਮਿਲੀ ਆਜ਼ਾਦੀ ਅਜੇ ਵੀ ਸੰਪੂਰਨ ਨਹੀਂ ਜਾਪਦੀ ਕਿਉਂਕਿ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਅੱਜ ਵੀ ਹਜ਼ਾਰਾਂ ਲੋਕ ਗ਼ੁਲਾਮੀ ਦੀਆਂ ਜ਼ੰਜੀਰਾਂ ’ਚ ਜਕੜੇ ਹੋਏ ਆਜ਼ਾਦੀ ਦੀ ਨਵੀਂ ਸਵੇਰ ਦੀ ਉਡੀਕ ਕਰ ਰਹੇ ਹਨ। ਸੱਤਾਧਾਰੀਆਂ ਨੂੰ ਦੇਸ਼ ਦੀ ਮੌਜੂਦਾ ਸਥਿਤੀ ’ਤੇ ਫੌਰੀ ਚਿੰਤਨ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੇ ਸਾਰੇ ਨਾਗਰਿਕ ਬਿਨਾਂ ਕਿਸੇ ਡਰ ਭੈਅ ਅਤੇ ਵਿਤਕਰੇ ਤੋਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਸਕਣ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਨਿਊਜ਼ ਡੈਸਕ ਤੋਂ ਸੰਪਾਦਕ ਤੱਕ
ਐਤਵਾਰ 2 ਫਰਵਰੀ ਦੇ ‘ਸੋਚ ਸੰਗਤ’ ਪੰਨੇ ’ਤੇ ਛਪਿਆ ਲੇਖ ‘ਇਹੀ ਸਫ਼ਰ ਹੈ, ਇਹੀ ਮੰਜ਼ਿਲ’ ਪੜ੍ਹ ਕੇ ਬਹੁਤ ਚੰਗਾ ਲੱਗਿਆ। ਇਹ ਰਚਨਾ ਇਸ ਅਖ਼ਬਾਰ ਦੇ ਇਤਿਹਾਸ ’ਤੇ ਵੀ ਚਾਨਣਾ ਪਾਉਂਦੀ ਹੈ। ਸ਼ੁਰੂਆਤੀ ਦੌਰ ਵਿੱਚ ‘ਦਿ ਟ੍ਰਿਬਿਊਨ’ ਅਖ਼ਬਾਰ ਲਾਹੌਰ ਤੋਂ ਸੰਨ 1881 ਵਿੱਚ ਛਪਣਾ ਸ਼ੁਰੂ ਹੋਇਆ ਸੀ, ਜਿਸਨੇ ਹੁਣੇ 2 ਫਰਵਰੀ ਨੂੰ 144 ਵਰ੍ਹੇ ਪੂਰੇ ਕੀਤੇ ਹਨ। ਇਹ ਲੇਖ ਦੱਸਦਾ ਹੈ ਕਿ ਹਰ ਰੋਜ਼ ਸਮੇਂ ਸਿਰ ਅਖ਼ਬਾਰ ਛਾਪਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਦੇ ਪਿੱਛੇ ਇੱਕ ਵੱਡੀ ਟੀਮ ਬੜੀ ਮਿਹਨਤ ਨਾਲ ਦੇਰ ਰਾਤ ਤੱਕ ਕੰਮ ਕਰਦੀ ਹੈ। ‘ਲੋਕ ਆਵਾਜ਼’ ਵਜੋਂ ਜਾਣੇ ਜਾਂਦੇ ਇਸ ਅਖ਼ਬਾਰ ਦੀਆਂ ਖ਼ਬਰਾਂ ਦੀ ਸੱਚਾਈ ਅਤੇ ਲੇਖਾਂ ਦੀ ਪ੍ਰਮਾਣਿਕਤਾ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਰਿਹਾ ਹੈ। ਸਵੇਰੇ ਚਾਹ ਦੀਆਂ ਚੁਸਕੀਆਂ ਵੇਲੇ ਅਖ਼ਬਾਰ ਜ਼ਰਾ ਕੁ ਲੇਟ ਹੋ ਜਾਵੇ ਤਾਂ ਅਸੀਂ ਤੁਰੰਤ ਵਾਹਕ ਨੂੰ ਫੋਨ ਕਰਕੇ ਪੁੱਛਦੇ ਹਾਂ ਕਿ ਅੱਜ ਕਿੱਥੇ ਰਹਿ ਗਏ ਹੋ। ਅਸੀਂ ਇਹੀ ਦੁਆ ਕਰਦੇ ਹਾਂ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਇਨਸਾਨੀਅਤ ਨੂੰ ਸਮਰਪਿਤ ਇਹ ਹਰਮਨ ਪਿਆਰਾ ਅਖ਼ਬਾਰ ਸਮਾਜ ਨੂੰ ਇਸੇ ਤਰ੍ਹਾਂ ਨਵੀਂ ਦਿਸ਼ਾ ਅਤੇ ਚਾਨਣ ਦਾ ਛੱਟਾ ਰਹਿੰਦੀ ਦੁਨੀਆ ਤੱਕ ਦਿੰਦਾ ਰਹੇ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਰੂਹ ਖ਼ੁਸ਼ ਹੋ ਗਈ
ਐਤਵਾਰ 2 ਫਰਵਰੀ ਦੇ ‘ਦਸਤਕ’ ਵਿੱਚ ਕਹਾਣੀਕਾਰ ਜਸਬੀਰ ਭੁੱਲਰ ਨਾਲ ਨਾਵਲਕਾਰ ਰਾਮ ਸਰੂਪ ਅਣਖੀ ਦੀਆਂ ਯਾਦਾਂ ਦਾ ਜ਼ਿਕਰ ਪੜ੍ਹ ਕੇ ਬਹੁਤ ਆਨੰਦ ਆਇਆ। ਰੂਹ ਖ਼ੁਸ਼ ਹੋ ਗਈ। ਰਾਮ ਸਰੂਪ ਅਣਖੀ ਬਹੁਤ ਮਿਲਣਸਾਰ ਤੇ ਮੁਹੱਬਤੀ ਸਾਹਿਤਕਾਰ ਸਨ। ‘ਲਾਹੌਰ ’ਚ ਸਜੀ ਯਾਦਾਂ ਦੀ ਮਹਿਫ਼ਿਲ’ (ਲੇਖਕ ਗੁਰਪ੍ਰੀਤ ਸਿੰਘ ਤੂਰ) ਪੜ੍ਹ ਕੇ ਵੀ ਮਨ ਖ਼ੁਸ਼ ਹੋਇਆ। ਲਾਹੌਰ ਦੀ ਇਹ ਕਾਨਫਰੰਸ ਬਹੁਤ ਕਾਮਯਾਬ ਰਹੀ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ