ਡਾਕ ਐਤਵਾਰ ਦੀ
ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਚੁਣੌਤੀਆਂ
ਐਤਵਾਰ 2 ਮਾਰਚ ਨੂੰ ‘ਦਸਤਕ’ ਅੰਕ ਵਿੱਚ ਪੈਂਤੀ ਅੱਖਰੀ ਤਖ਼ਤੀ ਸਮੇਤ ਛਪੇ ਲੇਖ ਨੇ ਬਚਪਨ ਚੇਤੇ ਕਰਵਾ ਦਿੱਤਾ। ਲੇਖਕ ਪ੍ਰੋ. ਪ੍ਰੀਤਮ ਸਿੰਘ ਨੇ ਗੁਰਮੁਖੀ ਲਿਪੀ ਦੀ ਸਥਾਪਨਾ ਦੇ ਬਾਨੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਅਜੋਕੇੇ ਦੌਰ ਤੱਕ ਦੇ ਉਤਾਰ-ਚੜ੍ਹਾਅ ਦਾ ਜ਼ਿਕਰ ਕੀਤਾ ਹੈ। ਸਿੱਖ ਰਾਜ ਨੂੰ ਸਿਖਰਾਂ ’ਤੇ ਲੈ ਜਾਣ ਵਾਲੇ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਘਰ ਘਰ ਕੈਦੇ ਵੰਡ ਕੇ ਮਹਾਨ ਕਾਰਜ ਕੀਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੁਨੀਆ ਦੀ ਕੋਈ ਵੀ ਭਾਸ਼ਾ ਅਤੇ ਧਰਮ ਉਦੋਂ ਤੱਕ ਸਿਖਰਾਂ ’ਤੇ ਨਹੀਂ ਪਹੁੰਚ ਸਕਦੇ ਜਦੋਂ ਤੱਕ ਇਨ੍ਹਾਂ ਨੂੰ ਰਾਜਨੀਤਿਕ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹੁੰਦੀ। ਬਰਤਾਨਵੀ ਸਰਕਾਰ ਨੇ ਪੰਜਾਬੀਆਂ ਤੋਂ ਬਦਲਾ ਲੈਣ ਵਾਸਤੇ ਅਤੇ ਇਨ੍ਹਾਂ ਦੀ ਇਕਜੁਟਤਾ ਖ਼ਤਮ ਕਰਨ ਲਈ ਇਹ ਜ਼ਰੂਰੀ ਸਮਝਿਆ ਕਿ ਇਨ੍ਹਾਂ ਦੀ
ਮਾਂ-ਬੋਲੀ ਖ਼ਤਮ ਕੀਤੀ ਜਾਵੇ। ਸੋ ਇਸ ਘਿਣਾਉਣੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਮਹਾ ਪੰਜਾਬ ਵਿੱਚੋਂ ਪੰਜਾਬੀ ਕੈਦੇ ਇਕੱਠੇ ਕਰਕੇ ਸਾੜ ਦਿੱਤੇ। ਇਸ ਨਾਲ ਪੰਜਾਬੀ ਨੂੰ ਵੱਡੀ ਸੱਟ ਵੱਜੀ। ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰ ਸਕਦਾ। ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬੀਆਂ ਦੀ ਬਹਾਦਰੀ ਅਤੇ ਕੁਰਬਾਨੀ ਕਿਸੇ ਤੋਂ ਲੁਕੀ ਨਹੀਂ। ਆਜ਼ਾਦੀ ਤੋਂ ਬਾਅਦ ਵੀ ਹਾਕਮ ਸਰਕਾਰਾਂ ਹਿੰਦੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੱਬਾਂ ਭਾਰ ਹੁੰਦੀਆਂ ਰਹੀਆਂ ਹਨ। ਪਿਛਲੇ ਇੱਕ ਦਹਾਕੇ ਤੋਂ ਵੀ ਕੇਂਦਰ ਸਰਕਾਰ ਨੇ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਨੂੰ ਵਿਕਸਿਤ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਹਾਲਾਂਕਿ, ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਲੇਖ ਵਿੱਚ ਸਪੱਸ਼ਟ ਕੀਤਾ ਹੈ ਕਿ ਕਾਨੂੰਨੀ ਅਤੇ ਸੰਵਿਧਾਨਕ ਪੱਖੋਂ ਹਿੰਦੀ ਅਤੇ ਅੰਗਰੇਜ਼ੀ ਸਿਰਫ਼ ਸਰਕਾਰੀ ਭਾਸ਼ਾਵਾਂ ਹਨ, ਇਨ੍ਹਾਂ ਵਿੱਚੋਂ ਕੋਈ ਵੀ ਰਾਸ਼ਟਰ ਭਾਸ਼ਾ ਨਹੀਂ ਹੈ। ਸਾਨੂੰ ਸਭ ਨੂੰ ਦੁਨੀਆ ਭਰ ਦੇ ਕੋਨੇ ਕੋਨੇ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਮਾਤ-ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਆਪਣੀ ਮਾਂ ਬੋਲੀ ਸਿੱਖਣ ਅਤੇ ਬੋਲਣ ਵਿੱਚ ਹਮੇਸ਼ਾ ਮਾਣ ਮਹਿਸੂਸ ਕਰਨ ਦੇ ਨਾਲ ਨਾਲ ਇਸ ਨੂੰ ਪ੍ਰਫੁੱਲਿਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਉਮਰਾਂ ਦੀ ਸਜ਼ਾ
ਐਤਵਾਰ ਦੋ ਮਾਰਚ ਨੂੰ ‘ਸੋਚ ਸੰਗਤ’ ਪੰਨੇ ਉੱਤੇ ਅਰਵਿੰਦਰ ਜੌਹਲ ਦਾ ਲੇਖ ‘ਉਨ੍ਹਾਂ ਕੀਤਾ ਇਨਸਾਫ਼, ਸਾਡੀ ਉਮਰਾਂ ਦੀ ਸਜ਼ਾ...’ 1984 ਵਿੱਚ ਹੋਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਅਤੇ ਖਾੜਕੂਵਾਦ ਦਾ ਮਾਹੌਲ ਹਿੰਦੂ ਅਤੇ ਸਿੱਖ ਮਨੁੱਖਤਾ ਵਿੱਚ ਵਖਰੇਵੇਂ ਪੈਦਾ ਕਰਨ ਵਾਲਾ ਸੀ। ਇਹ ਲੇਖ ਪੜ੍ਹ ਕੇ ਪੰਜਾਬ ਵਿੱਚ ਚਾਰ ਦਹਾਕੇ ਪਹਿਲਾਂ ਹੋਏ ਕਤਲੇਆਮ ਅਤੇ ਪਸਰੇ ਖ਼ੌਫ਼ ਦੀ ਤਸਵੀਰ ਫਿਰ ਅੱਖਾਂ ਸਾਹਮਣੇ ਆ ਗਈ। ਸੂਰਜ ਛਿਪਣ ਤੋਂ ਪਹਿਲਾਂ ਹੀ ਸੜਕਾਂ ਤੇ ਗਲੀਆਂ ਸੁੰਨੀਆਂ ਹੋ ਜਾਂਦੀਆਂ ਸਨ ਅਤੇ ਲੋਕ ਆਪਣੇ ਆਪਣੇ ਘਰਾਂ ਦੇ ਬੂਹੇ ਬੰਦ ਲੈਂਦੇ ਸਨ। ਇਉਂ ਜਾਪਦਾ ਸੀ ਜਿਵੇਂ ਕੋਈ ਰਹਿੰਦਾ ਹੀ ਨਾ ਹੋਵੇ। ਭਟਕੇ ਹੋਏ ਜਵਾਨ ਮੁੰਡੇ ਅਤੇ ਪੁਲੀਸ ਵਾਲੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਤੋਂ ਹਰਿਆਣਾ ਰਾਜ ਵੀ ਨਹੀਂ ਸੀ ਬਚਿਆ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਵਾਲੀ ਸ਼ਾਮ ਸੂਬੇ ’ਚ ਬੱਸਾਂ ਬੰਦ ਹੋ ਗਈਆਂ ਸਨ। ਅਸੀਂ ਸਾਡੇ ਪਿੰਡ ਦੇ ਅੱਠ ਦਸ ਮੁੰਡੇ ਜ਼ਿਲ੍ਹਾ ਕੈਥਲ ਤੋਂ ਪੈਦਲ ਪਿੰਡ ਪੁੱਜੇ। ਅਸੀਂ ਉਹ ਦਿਨ ਕਿਵੇਂ ਭੁੱਲ ਸਕਦੇ ਹਾਂ? ਆਪਣਿਆਂ ਲਈ ਇਨਸਾਫ਼ 41 ਸਾਲਾਂ ਮਗਰੋਂ ਮਿਲਿਆ ਤਾਂ ਕੀ ਮਿਲਿਆ?
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਮੌਤ ਦੇ ਰਾਹ ’ਤੇ ਸੁਪਨਿਆਂ ਦੀ ਤਾਬੀਰ?
ਐਤਵਾਰ, 23 ਫਰਵਰੀ ਦੇ ‘ਸੋਚ ਸੰਗਤ’ ਪੰੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ਬਹੁਤ ਹੀ ਸੁਹਿਰਦ ਤੇ ਜਾਗਰੂਕਤਾ ਭਰਪੂਰ ਹੈ। ਜਦੋਂ ਤੋਂ ਭਾਰਤ ਸਰਮਾਏਦਾਰੀ ਦੀ ਜਕੜ ਵਿੱਚ ਤੇਜ਼ੀ ਨਾਲ ਆਇਆ ਹੈ, ਉਦੋਂ ਤੋਂ ਹੀ ਸਮਾਜਿਕ ਤੇ ਸਰਕਾਰੀ ਅਦਾਰੇ ਲਗਾਤਾਰ ਬੰਦ ਜਾਂ ਕਾਰਪੋਰੇਟਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਕੀ ਕਦੇ ਕੇਂਦਰ ਜਾਂ ਰਾਜ ਸਰਕਾਰਾਂ ਨੇ ਇਹ ਪੜਤਾਲ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਹਜ਼ਾਰਾਂ ਨੌਜਵਾਨਾਂ ਦੀ ਲੁੱਟ ਕਰਨ ਵਾਲੇ ਏਜੰਟ ਕਿਨ੍ਹਾਂ ਨਿਯਮਾਂ ਅਧੀਨ ਕੰਮ ਕਰਦੇ ਹਨ? ਕਰੋੜਾਂ ਦੀ ਠੱਗੀ ਮਾਰ ਕੇ ਵਿਦੇਸ਼ਾਂ ਵਿੱਚ ਬੈਠ ਕੇ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਦੇ ਹਨ। ਕੀ ਇਹ ਸਭ ਨਾ ਰੋਕ ਸਕਣਾ ਸਰਕਾਰਾਂ ਦੇ ਨਿਕੰਮੇਪਣ ਦੀ ਮਿਸਾਲ ਨਹੀਂ? ਕਿਸੇ ਨੂੰ ਪੜ੍ਹਾਈ ਜਾਂ ਵਰਕ ਵੀਜ਼ੇ ’ਤੇ ਭੇਜਣ ਦਾ ਕੰਮ ਸਰਕਾਰਾਂ ਦਾ ਹੈ। ਫਿਰ ਇਹ ਫਰਜ਼ੀ ਦੁਕਾਨਾਂ ਏਨੀ ਵੱਡੀ ਗਿਣਤੀ ਵਿੱਚ ਕਿਵੇਂ ਪਨਪਦੀਆਂ ਅਤੇ ਦਿਨ ਦਿਹਾੜੇ ਮਜ਼ਲੂਮਾਂ ਦੀ ਲੁੱਟ ਕਰਦੀਆਂ ਹਨ? ਸਰਕਾਰ ਇਨ੍ਹਾਂ ’ਤੇ ਪਹਿਲਾਂ ਨਕੇਲ ਕਿਉਂ ਨਹੀਂ ਕਸਦੀ? ਇੱਥੋਂ ਜਾਪਦਾ ਹੈ ਕਿ ਅਜਿਹਾ ਫਰਜ਼ੀਵਾੜਾ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲ ਸਕਦਾ। ਇਸ ਮਾਮਲੇ ਦੇ ਹੱਲ ਲਈ ਚਿੰਤਨ ਤੇ ਵਿਵੇਕ ਦੀ ਬਹੁਤ ਲੋੜ ਹੈ ਅਤੇ ਲੋਕਾਂ ਨੂੰ ਖ਼ੁਦ ਵੀ ਜਾਗਰੂਕ ਹੋਣਾ ਪਵੇਗਾ। 60-65 ਲੱਖ ਰੁਪਏ ਨਾਲ ਆਪਣੇ ਦੇਸ਼ ਵਿੱਚ ਜੋ ਮਰਜ਼ੀ ਰੁਜ਼ਗਾਰ ਕੀਤਾ ਜਾ ਸਕਦਾ ਹੈ, ਪਰ ਨੌਜਵਾਨਾਂ ਨੂੰ ਵਿਦੇਸ਼ੀ ਚਕਾਚੌਂਧ ਦੇ ਸਬਜ਼ਬਾਗ ਦਿਖਾਉਣ ਵਿੱਚ ਇਹ ਫਰਜ਼ੀ ਏਜੰਟ ਮਾਹਿਰ ਹੁੰਦੇ ਹਨ। ਸਰਕਾਰਾਂ ਅੱਖਾਂ ਮੀਟ ਕੇ ਸਭ ਕੁਝ ਹੋਣ ਦਿੰਦੀਆਂ ਹਨ। ਇਸ ਸਭ ਤੋਂ ਬਚਣ ਲਈ ਜਾਗਰੂਕ ਹੋਵਾਂਗੇ ਤਾਂ ਬਚ ਸਕਾਂਗੇ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)
ਲਾਜਵਾਬ ਅੰਕ
ਐਤਵਾਰ 23 ਫਰਵਰੀ ਦਾ ‘ਦਸਤਕ’ ਅੰਕ ਲਾਜਵਾਬ ਰਿਹਾ, ਜਿਸ ਨੂੰ ਮੈਂ ਆਪਣੀ ਨਿੱਜੀ ਲਾਇਬਰੇਰੀ ਵਿੱਚ ਸੰਭਾਲ ਕੇ ਰੱਖਾਂਗਾ। ਪੰਜਾਬੀ ਵਾਰਤਕ ਦੇ ਮਹਾਨ ਲੇਖਕ ਗਿਆਨੀ ਗੁਰਦਿੱਤ ਸਿੰਘ ਦੇ 102ਵੇਂ ਜਨਮ ਦਿਨ ਮੌਕੇ ਗਿਆਨੀ ਜੀ ਦੀ ਪ੍ਰਸਿੱਧ ਰਚਨਾ ‘ਮੇਰਾ ਪਿੰਡ’ ਵਿੱਚੋਂ ‘ਮੇਰੇ ਵੱਡੇ ਵਡੇਰੇ’ ਲੇਖ ਛਾਪ ਕੇ ਬਹੁਤ ਹੀ ਸਲਾਹੁਣਯੋਗ ਕਾਰਜ ਕੀਤਾ ਗਿਆ ਹੈ। ਇਹ ਲੇਖ ਪੜ੍ਹ ਕੇ ਰੂਹ ਖ਼ੁਸ਼ ਹੋ ਗਈ। ਲੇਖਕ ਨੇ ਬੜੀ ਖ਼ੂਬਸੂਰਤੀ ਨਾਲ ਆਪਣੇ ਦਾਦੇ ਹੋਰਾਂ ਸਬੰਧੀ ਸਰਲ ਸ਼ਬਦਾਂ ਵਿੱਚ ਉਨ੍ਹਾਂ ਦੇ ਸਿੱਧੇ ਸਾਦੇ ਅਤੇ ਸਰਲ ਸੁਭਾਅ ਬਾਰੇ ਦੱਸਿਆ ਹੈ। ਰੂਪਿੰਦਰ ਸਿੰਘ ਵੱਲੋਂ ਲਿਖਿਆ ਲੇਖ ‘ਸਾਹਿਤ ਤੇ ਗੁਰਮਤਿ ਦਾ ਸੁਮੇਲ ਗਿਆਨੀ ਗੁਰਦਿੱਤ ਸਿੰਘ’ ਬਹੁਤ ਹੀ ਸਲਾਹੁਣਯੋਗ ਰਚਨਾ ਹੈ। ਗਿਆਨੀ ਗੁਰਦਿੱਤ ਸਿੰਘ ਦਾ ਬਚਪਨ ਵਿੱਚ ਗੁਰਦੁਆਰਾ ਸਾਹਿਬ ਵਿੱਚ ਕੀਤੀ ਮੁੱਢਲੀ ਪੜ੍ਹਾਈ, ਹਰ ਐਤਵਾਰ ਸਾਈਕਲ ’ਤੇ ਅਹਿਮਦਗੜ੍ਹ ਇੱਕ ਅਧਿਆਪਕ ਦੇ ਘਰ ਜਾਣਾ ਅਤੇ ਉੱਥੇ ਬੈਠ ਕੇ ਪਿਛਲੇ ਹਫ਼ਤੇ ਦੇ ਅਖ਼ਬਾਰ ਪੜ੍ਹਨਾ ਉਨ੍ਹਾਂ ਦੀ ਲਗਨ, ਸਖ਼ਤ ਮਿਹਨਤ ਅਤੇ ਸਿਰੜ ਨੂੰ ਦਰਸਾਉਂਦਾ ਹੈ।
ਗਿਆਨੀ ਗੁਰਦਿੱਤ ਸਿੰਘ ਦੀ ਕ੍ਰਿਤ ‘ਮੇਰਾ ਪਿੰਡ’ ਮੈਂ ਚੌਦਾਂ ਸਾਲ ਦੀ ਉਮਰ ਵਿੱਚ ਉਸ ਵੇਲੇ ਪੜ੍ਹੀ ਸੀ। ‘ਮੇਰਾ ਪਿੰਡ’ ਪੁਸਤਕ ਨੂੰ ਗਿਆਨੀ ਜੀ ਨੇ ਕੁੱਲ ਦੋ ਮੁੱਖ ਭਾਗਾਂ ਵਿੱਚ ਵੰਡ ਕੇ ਕੁੱਲ 24 ਅਧਿਆਇਆਂ ਵਿੱਚ ਪੇਸ਼ਕਾਰੀ ਕੀਤੀ ਹੈ। ਪਹਿਲੇ ਭਾਗ ਵਿੱਚ ਤੇਰਾਂ ਅਤੇ ਦੂਜੇ ਭਾਗ ਵਿੱਚ ਗਿਆਰਾਂ ਅਧਿਆਏ ਸ਼ਾਮਲ ਕੀਤੇ ਗਏ ਹਨ। ਇਸ ਪੁਸਤਕ ਦੀ ਇੱਕ ਹੋਰ ਖ਼ੂਬੀ ਇਹ ਹੈ ਕਿ ਇਸ ਰਚਨਾ ਦੇ ਪ੍ਰਕਾਸ਼ਨ ਸਮੇਂ ਉਸ ਸਮੇਂ ਦੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਸਿੱਖਿਆ ਸ਼ਾਸਤਰੀਆਂ, ਰਾਜਨੀਤੀਵਾਨਾਂ ਨੇ ਵੀ ਇਸ ਦੀ ਰਸ ਭਰੀ ਪਿਆਰੀ ਸ਼ੈਲੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਵਿੱਚੋਂ ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਕੈਰੋਂ, ਡਾ. ਜੋਧ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰੋਫੈਸਰ ਪ੍ਰੀਤਮ ਸਿੰਘ, ਈਸ਼੍ਵਰ ਚਿੱਤਰਕਾਰ, ਦੇਵਿੰਦਰ ਸਤਿਆਰਥੀ, ਜਯ ਚੰਦ, ਨਾਨਕ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਮੁੱਖ ਹਨ। ਮੈਂ ਸਮਝਦਾ ਹਾਂ ਕਿ ਜੇਕਰ ਕਿਸੇ ਵੀ ਪਾਠਕ ਨੇ ਪੁਰਾਤਨ ਪੰਜਾਬੀ ਭਾਈਚਾਰੇ ਦੀ ਸਮੁੱਚੀ ਤਸਵੀਰ ਦੇ ਦਰਸ਼ਨ ਕਰਨੇ ਹੋਣ ਤਾਂ ‘ਮੇਰਾ ਪਿੰਡ’ ਪੁਸਤਕ ਇੱਕ ਲਾਜਵਾਬ ਰਚਨਾ ਹੈ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ