ਪਾਠਕਾਂ ਦੇ ਖ਼ਤ
ਅੱਜ ਦਾ ਪਰਵਾਸ
25 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਪਰਵਾਸ ਦੀਆਂ ਪਰਤਾਂ ਹੇਠ’ ਮਹੱਤਵਪੂਰਨ ਹੈ। ਉਨ੍ਹਾਂ ਮਸਲੇ ਬਾਰੇ ਖੋਲ੍ਹ ਕੇ ਦੱਸਿਆ ਹੈ। ਪਰਵਾਸ ਕਰਨਾ ਨਿਰਾ ਭਾਰਤ ’ਚੋਂ ਹੀ ਨਹੀਂ, ਦੂਸਰੇ ਦੇਸ਼ਾਂ ਦੇ ਲੋਕ ਵੀ ਇੱਕ ਦੂਸਰੇ ਦੇਸ਼ਾਂ ਵੱਲ ਜਿਵੇਂ ਇੰਗਲੈਂਡ ਤੋਂ ਨਿਊਜ਼ੀਲੈਂਡ, ਅਮਰੀਕਾ ਤੋਂ ਯੂਰੋਪੀਅਨ ਦੇਸ਼ਾਂ ਤਰਫ਼ ਆਪਣੇ ਚੰਗੇ ਜੀਵਨ ਤੇ ਰੋਜ਼ੀ-ਰੋਟੀ ਲਈ ਜਾਂਦੇ ਹਨ। 1950ਵਿਆਂ ਵਿੱਚ ਅਮਰੀਕਾ ਤੇ ਕੈਨੇਡਾ ਭਾਰਤ ਤੇ ਦੂਜੇ ਦੇਸ਼ਾਂ ਤੋਂ ਮਜ਼ਦੂਰ ਕਾਮੇ ਆਦਿ ਖੁਦ ਸਮੁੰਦਰੀ ਜਹਾਜ਼ਾਂ ਰਾਹੀਂ ਲਿਜਾਂਦੇ ਰਹੇ ਸਨ ਪਰ ਅੱਜਕੱਲ੍ਹ ਜੋ ਸਥਿਤੀ ਭਾਰਤ ਦੀ ਹੈ, ਖ਼ਾਸ ਕਰ ਕੇ ਸੱਤਾ ਅਧਿਕਾਰੀਆਂ ਦੀ, ਉਨ੍ਹਾਂ ਨੇ ਸਿਰਫ਼ ਅਮੀਰਜ਼ਾਦੇ ਕਾਰਪੋਰੇਟਰਾਂ ਨੂੰ ਜ਼ਿਆਦਾ ਲਾਭ ਦੇਣ ਵੱਲ ਧਿਆਨ ਦਿੱਤਾ ਹੈ। ਆਮ ਜਵਾਨਾਂ ਲਈ ਰੁਜ਼ਗਾਰ, ਸਿਹਤ, ਵਿੱਦਿਆ ਵਰਗੀਆਂ ਲੋੜਾਂ ਤੇ ਸਮੱਸਿਆਵਾਂ ਨੂੰ ਅੱਖੋਂ ਓਹਲੇ ਕਰ ਛੱਡਿਆ ਹੈ। ਹੁਣ ਉਹ ਜਾਇਜ਼ ਨਾਜਾਇਜ਼ ਤਰੀਕਿਆਂ ਨਾਲ ਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਦੇਸ਼ਾਂ ’ਚ ਵਸਣ ਤੇ ਚੰਗੀਆਂ ਸਹੂਲਤਾਂ ਵਾਸਤੇ ਜਾਣ ਨੂੰ ਹੀ ਤਰਜੀਹ ਦੇ ਰਹੇ ਹਨ। ਖ਼ੈਰ, ਨਾਜਾਇਜ਼ ਤਰੀਕੇ ਜਾਣ ਨੂੰ ਤਾਂ ਕੋਈ ਵੀ ਚੰਗਾ ਨਹੀਂ ਸਮਝਦਾ, ਇਹ ਤਾਂ ਸਿਰਫ਼ ਧੋਖੇਬਾਜ਼ ਏਜੰਟਾਂ ਨੂੰ ਹੀ ਰਜਾਉਣ ਵਾਲੀ ਗੱਲ ਹੈ ਜਿਸ ਦਾ ਕਿਸੇ ਦੇਸ਼ ਨੂੰ ਵੀ ਕੋਈ ਫਾਇਦਾ ਨਹੀਂ ਪਰ ਅਮਰੀਕਾ ਵੱਲੋਂ ਇਨ੍ਹਾਂ ਨੂੰ ਬੇੜੀਆਂ ਹੱਥਕੜੀਆਂ ਨਾਲ ਨੂੜ ਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਭੇਜਣਾ ਬਹੁਤ ਹੀ ਸ਼ਰਮਨਾਕ ਗੱਲ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਪੰਜਾਬੀ ਮਹਿਜ਼ ਭਾਸ਼ਾ ਨਹੀਂ
27 ਫਰਵਰੀ ਨੂੰ ਸੰਪਾਦਕੀ ‘ਮਾਤ ਭਾਸ਼ਾ ਦਾ ਮਸਲਾ’ ਪੜ੍ਹਿਆ ਜਿਸ ਵਿੱਚ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਬਹੁ-ਭਾਸ਼ਾਈ ਵੰਨ-ਸਵੰਨਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ; ਚਾਹੀਦਾ ਇਹ ਹੈ ਕਿ ਰਾਜ ਭਾਸ਼ਾ ਹੋਣ ਦੇ ਨਾਤੇ ਪੰਜਾਬੀ ਸਕੂਲ ਸਿੱਖਿਆ ਵਿੱਚ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਈ ਜਾਵੇ। ਪੰਜਾਬ ਸਰਕਾਰ ਦਾ ਫ਼ੈਸਲਾ ਸ਼ਲਾਘਾਯੋਗ ਹੈ ਕਿ ਸਾਰੇ ਬੋਰਡਾਂ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਉਣੀ ਯਕੀਨੀ ਬਣਾਈ ਜਾਵੇ; ਪਾਲਣਾ ਨਾ ਕਰਨ ਵਾਲੇ ਸਕੂਲਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬੀ ਮਹਿਜ਼ ਭਾਸ਼ਾ ਨਹੀਂ, ਇਹ ਸਾਡੀ ਪਛਾਣ ਹੈ।
ਸਰਬਜੀਤ ਸਿੰਘ ਸਰਾਂ, ਤਾਲਬ ਵਾਲਾ (ਮਾਨਸਾ)
ਦਿਲ ਦਹਿਲ ਗਿਆ
26 ਫਰਵਰੀ ਦੇ ਨਜ਼ਰੀਆ ਸਫ਼ੇ ’ਤੇ ਕੰਵਲਜੀਤ ਖੰਨਾ ਨੇ ਆਪਣੇ ਲੇਖ ‘ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ’ ਵਿੱਚ ਪਰਵਾਸੀਆਂ ਦੇ ਦਰਦ ਨੂੰ ਬਿਆਨ ਕੀਤਾ ਹੈ। ਲੇਖਕ ਨੇ ਹਾਲਾਤ ਦੀਆਂ ਦਰਦਨਾਕ ਹਕੀਕਤਾਂ ਨਾਲ ਦਿਲ ਦਹਿਲਾ ਦਿੱਤਾ ਹੈ। ਦੇਸ਼ ਵਿੱਚ ਜਦੋਂ ਕਿਰਤ ਅਤੇ ਲਿਆਕਤ ਦਾ ਕੌਡੀ ਮੁੱਲ ਨਾ ਪਵੇ ਤਾਂ ਵਿਚਾਰਾ ਕਿਰਤੀ ਚੰਗੇਰੇ ਭਵਿੱਖ ਲਈ ਆਪਣੀ ਪਿਤਾ ਪੁਰਖੀ ਜਾਇਦਾਦ ਦੇ ਨਾਲ-ਨਾਲ ਜਾਨ ਵੀ ਦਾਅ ’ਤੇ ਲਾਉਣ ਲਈ ਮਜਬੂਰ ਹੋ ਜਾਂਦਾ ਹੈ। ਸਿਤਮ ਜ਼ਰੀਫੀ ਇਹ ਹੈ ਕਿ ਕੇਂਦਰ ਵੱਲੋਂ ਪਰਵਾਸੀਆਂ ਬਾਰੇ ਘਟਨਾਵਾਂ ਸਬੰਧੀ ਕੇਂਦਰੀ ਹਕੂਮਤ ਦਾ ਕੋਈ ਜਚਵਾਂ ਬਿਆਨ ਨਹੀਂ ਆਇਆ ਹੈ। ਉਲਟਾ ਨੌਜਵਾਨਾਂ ’ਤੇ ਵਿਅੰਗ ਦੇ ਤੀਰ ਛੱਡੇ ਗਏ ਹਨ। ਲੇਖਕ ਦੀ ਕਲਮ ਵਿੱਚ ਜਿੱਥੇ ਮਜ਼ਲੂਮਾਂ ਲਈ ਦਰਦ ਭਰੀ ਚੀਸ ਹੈ, ਉੱਥੇ ਅਖੌਤੀ ਰਾਸ਼ਟਰਵਾਦੀਆਂ ’ਤੇ ਚੋਭਾਂ ਲਾਈਆਂ ਹਨ।
ਭਗਵਾਨ ਸਿੰਘ, ਜਲਾਲਾਬਾਦ (ਫਾਜ਼ਿਲਕਾ)
(2)
26 ਜਨਵਰੀ ਨੂੰ ਛਪਿਆ ਕੰਵਲਜੀਤ ਖੰਨਾ ਦਾ ਲੇਖ ‘ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ’ ਪੜ੍ਹਿਆ ਜੋ ਪਰਵਾਸ ਕਾਰਨ ਅੱਜ ਦੇ ਪੈਦਾ ਹੋਏ ਹਾਲਾਤ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਪੰਜਾਬੀ ਸਵੈ-ਇੱਛਾ ਨਾਲ ਇਸ ਮੱਕੜ ਜਾਲ ਵਿੱਚ ਉਲਝ ਚੁੱਕੇ ਹਨ। ਇਹ ਲੇਖ ਸਰਮਾਏਦਾਰੀ ਵੱਲੋਂ ਪੈਦਾ ਕੀਤੇ ਸੰਕਟ ਵਿੱਚੋਂ ਨਿਕਲਣ ਲਈ ਸਾਰਥਿਕ ਹੰਭਲਾ ਮਾਰਨ ਲਈ ਪ੍ਰੇਰਦਾ ਹੈ।
ਗੁਰਦੀਪ ਜੌਹਲ, ਨਿਆਗਰਾ ਫਾਲਜ਼ (ਅਮਰੀਕਾ)
(3)
26 ਫਰਵਰੀ ਨੂੰ ਕੰਵਲਜੀਤ ਖੰਨਾ ਦਾ ਲੇਖ ‘ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ’ ਪੜ੍ਹਿਆ। ਇਸ ਲੇਖ ਵਿੱਚ ਅਮਰੀਕਾ ਤੋਂ ਡੀਪੋਰਟ ਹੋਏ ਭਾਰਤੀਆਂ ਬਾਰੇ ਦਰਦ ਬਿਆਨ ਕੀਤਾ ਹੈ। ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਅਮਰੀਕਾ ਨੇ ਭਾਰਤੀਆਂ ਨੂੰ ਬੇੜੀਆਂ ਲਗਾ ਕੇ ਭਾਰਤ ’ਚ ਵਾਪਸ ਭੇਜਿਆ। ਬਹੁਤ ਸਾਰੇ ਲੋਕ ਭਾਰਤ ਤੋਂ ਅਮਰੀਕਾ ’ਚ ਡੌਂਕੀ ਲਗਾ ਕੇ ਗਏ ਸੀ। ਲੇਖਕ ਨੇ ਗੁਜਰਾਤ ਦੇ ਪ੍ਰਾਈਵੇਟ ਸਕੂਲ ਦੇ ਅਧਿਆਪਕ ਤੇ ਉਸ ਦੇ ਪਰਿਵਾਰ ਬਾਰੇ ਵੀ ਕਿੱਸਾ ਦੱਸਿਆ ਜੋ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ ਗਿਆ ਸੀ।
ਗੁਰਿੰਦਰਪਾਲ ਸਿੰਘ, ਰਾਜਪੁਰਾ
ਮੁਕਾਮ ਔਖਾ ਨਹੀਂ
26 ਫਰਵਰੀ ਨੂੰ ਪਿਆਰਾ ਸਿੰਘ ਗੁਰਨੇ ਕਲਾਂ ਦਾ ਲੇਖ ‘ਉਹੀ ਰਸਤਾ’ ਸਕੂਨ ਦੇਣ ਵਾਲਾ ਹੈ। ਲੇਖਕ ਨੇ ਪੜ੍ਹਾਈ ਲਈ ਸਿਰਤੋੜ ਯਤਨ ਕਰਨ ਬਾਰੇ ਹੱਡਬੀਤੀ ਲਿਖੀ ਹੈ। ਸਫ਼ਲਤਾ ਮਿਹਨਤ ’ਚੋਂ ਹੀ ਉਪਜਦੀ ਹੈ। ਜੇ ਨੌਜਵਾਨ ਪੀੜ੍ਹੀ ਮਿਹਨਤ ਕਰਨ ਦੀ ਆਦਤ ਪਾ ਲਵੇ ਤਾਂ ਉਨ੍ਹਾਂ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ।
ਨਰੇਸ਼ ਸ਼ਰਮਾ, ਸੁਨਾਮ (ਊਧਮ ਸਿੰਘ ਵਾਲਾ)
ਕਲਾ ਦੀ ਬੇਕਦਰੀ
25 ਫਰਵਰੀ ਦਾ ਸੰਪਾਦਕੀ ‘ਕਲਾ ਦੀ ਬੇਕਦਰੀ’ ਕਲਮ ਅਤੇ ਕਲਾ ਨਾਲ ਲੋਕ ਆਵਾਜ਼ ਨੂੰ ਬੁਲੰਦ ਕਰਨ ਦੀ ਉੱਤਮ ਮਿਸਾਲ ਬਣੀ ਜਿਸ ਵਿੱਚ ਦੇਸ਼ ਦੁਨੀਆ ਵਿੱਚ ਆਹਲਾ ਕਲਾ ਕਿਰਤ ਵਜੋਂ ਜਾਣੀ ਜਾਂਦੀ ਚੰਡੀਗੜ੍ਹ ਦੀ ਪਛਾਣ ਬਣੀ ਨੇਕ ਚੰਦ ਦੀ ਕਲਾਤਮਕ ਵਿਰਾਸਤ ਰੌਕ ਗਾਰਡਨ ਦੇ ਇੱਕ ਹਿੱਸੇ ਨੂੰ ਮਿਟਾਉਣ ਅਤੇ ਪੌਣ-ਪਾਣੀ, ਸਭਿਆਚਾਰਕ ਤੇ ਕੁਦਰਤ ਦੀ ਵਿਰਾਸਤ ਨੂੰ ਖ਼ਤਮ ਕਰਨ ਦੇ ਮਨਸੂਬਿਆਂ ਦਾ ਜ਼ਿਕਰ ਹੈ। ਉਂਝ ਅਜਿਹਾ ਅਮਲ ਦੇਸ਼ ਭਰ ਵਿੱਚ ਜਲ, ਜੰਗਲ, ਜ਼ਮੀਨ ਤੇ ਕੁਦਰਤੀ ਸੋਮਿਆਂ ਨੂੰ ਵਿਕਾਸ ਦੇ ਕਾਰਪੋਰੇਟ ਪੱਖੀ ਨੀਤੀਆਂ ਦਾ ਹਿੱਸਾ ਹੀ ਮੰਨਿਆ ਜਾਣਾ ਚਾਹੀਦਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ’ਤੇ ਆਦਿ ਵਾਸੀ ਖੇਤਰਾਂ ਵਿੱਚ ਬੇਸ਼ਕੀਮਤੀ ਖਣਿਜ ਖੋਹਣ ਵਾਂਗ ਇੱਥੇ ਵੀ ਰੌਕ ਗਾਰਡਨ ਦਾ ਇੱਕ ਹਿੱਸਾ ਢਾਹੁਣ ਲਈ ਅਦਾਲਤਾਂ ਦਾ ਸਹਾਰਾ ਲੈਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪ੍ਰਸ਼ਾਸਨ ਵੱਲੋਂ ਰੌਕ ਗਾਰਡਨ ਦਾ ਇੱਕ ਹਿੱਸਾ ਢਾਹੁਣ ਲਈ ਦਿੱਤੇ ਤਰਕ ਇਹ ਵੀ ਦਰਸਾਉਂਦੇ ਹਨ ਕਿ ਸਰਕਾਰਾਂ, ਪ੍ਰਬੰਧ ਤੇ ਅਦਾਲਤਾਂ ਲਈ ਉੱਤਮ ਕਲਾ ਕਿਰਤਾਂ ਦਾ ਕੀ ਮੁੱਲ ਹੈ। ਵਿਕਾਸ ਤੇ ਤਰੱਕੀ ਜਨਤਕ ਵਿਰਾਸਤ ਤੇ ਲੋਕ ਕਲਾ ਨੂੰ ਨੁਕਸਾਨ ਪਹੁੰਚਾ ਕੇ ਕਦੇ ਨਹੀਂ ਹੁੰਦੀ। ਇਹ ਸੰਪਾਦਕੀ ਕਲਾ, ਵਿਰਾਸਤ ਤੇ ਪ੍ਰਬੰਧ ਦੇ ਰੋਲ ਦਾ ਸ਼ੀਸ਼ਾ ਲੋਕਾਂ ਸਾਹਵੇਂ ਪੇਸ਼ ਕਰਦੀ ਹੈ ਤਾਂ ਕਿ ਸਨਦ ਰਹੇ।
ਰਾਮ ਸਵਰਨ ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ