ਪਾਠਕਾਂ ਦੇ ਖ਼ਤ
ਕੁਦਰਤ ਨਾਲ ਆਢਾ
11 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਮਨੁੱਖੀ ਵਿਕਾਸ ਅਤੇ ਕੁਦਰਤ ਦਾ ਤਵਾਜ਼ਨ’ ਪੜ੍ਹਿਆ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖ ਕੁਦਰਤ ਵਿੱਚੋਂ ਪੈਦਾ ਹੋਇਆ ਅਤੇ ਹੁਣ ਉਸ ਨੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਕੁਦਰਤ ਨਾਲ ਹੀ ਆਢਾ ਲਾ ਲਿਆ ਹੈ। ਇਹ ਜਾਣਦੇ ਹੋਏ ਵੀ ਕਿ ਸੂਰਜ ਮੰਡਲ ਵਿਚਲੇ ਕਿਸੇ ਗ੍ਰਹਿ/ਉਪਗ੍ਰਹਿ ’ਤੇ ਇਸ ਧਰਤੀ ਵਰਗਾ ਸਵਰਗ ਨਹੀਂ, ਉਹ ਇਸੇ ਨੂੰ ਹੀ ਨਰਕ ਬਣਾ ਰਿਹਾ ਹੈ। ਧਰਤੀ ਜਿੰਨੇ ਕੁ ਲੋਕਾਂ ਦਾ ਵਜ਼ਨ ਝੱਲ ਸਕਦੀ ਸੀ, ਉਸ ਤੋਂ ਵੱਧ ਲੋਕ ਇਸ ਨੇ ਪੈਦਾ ਕਰ ਦਿੱਤੇ ਹਨ। ਇਨ੍ਹਾਂ ਦੀਆਂ ਲੋੜਾਂ ਤਾਂ ਇਹ ਧਰਤੀ ਪੂਰੀਆਂ ਕਰ ਦੇਵੇ, ਪਰ ਇਨ੍ਹਾਂ ਦੀਆਂ ਅਸੀਮ ਲਾਲਸਾਵਾਂ ਦੀ ਪੂਰਤੀ ਕੋਈ ਵੀ ਅਤੇ ਕਦੇ ਵੀ ਨਹੀਂ ਕਰ ਸਕਦਾ। ਧਰਤੀ, ਸਾਗਰ, ਅਸਮਾਨ ਉਸ ਨੇ ਆਪਣੇ ਤਜਰਬਿਆਂ ਨਾਲ ਪਲੀਤ ਕਰ ਸੁੱਟੇ ਹਨ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਪ੍ਰਦੂਸ਼ਣ ਦਾ ਹੱਲ
12 ਮਾਰਚ ਦਾ ਸੰਪਾਦਕੀ ‘ਪ੍ਰਦੂਸ਼ਣ ਦੀ ਮਾਰ’ ਪੜ੍ਹਿਆ। ਹੈਰਾਨੀ ਹੋਈ ਕਿ ਅਸੀਂ ਛੇ ਸਾਲਾਂ ਤੋਂ ਆਪਣਾ ਰੈਂਕ ‘ਸਥਿਰ’ ਰੱਖਿਆ ਹੋਇਆ ਹੈ ਜਦੋਂਕਿ ਸਾਡੇ ਲੀਡਰ ਸਾਡੀ ਸੁਧਰ ਰਹੀ ਆਰਥਿਕਤਾ ਦੇ ਸੋਹਲੇ ਦਿਨ-ਰਾਤ ਗਾਉਂਦੇ ਹਨ। ਦਿੱਲੀ ਦੇ ਪ੍ਰਦੂਸ਼ਣ ਦਾ ਠੀਕਰਾ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਸਿਰ ਭੰਨਦੀ ਰਹੀ ਭਾਵੇਂ ਬਾਅਦ ਵਿੱਚ ਇਸ ਮੁੱਦੇ ’ਤੇ ਚੁੱਪ ਕਰਨਾ ਪਿਆ। ਪ੍ਰਦੂਸ਼ਣ, ਨਸ਼ੇ, ਬੇਰੁਜ਼ਗਾਰੀ ਨੂੰ ਸਮਝਣ, ਕਾਬੂ ਕਰਨ ਅਤੇ ਹੱਲ ਕੱਢਣ ਵਿੱਚ ਕੇਂਦਰ ਸਰਕਾਰ ਨਾਕਾਮ ਰਹੀ ਹੈ। ਇਨ੍ਹਾਂ ਮੁੱਦਿਆਂ ’ਤੇ ਵਿਚਾਰ ਕਰ ਕੇ ਇਨ੍ਹਾਂ ਦਾ ਸਰਬ ਪ੍ਰਵਾਨਿਤ ਹੱਲ ਕੱਢਣ ਦੀ ਥਾਂ ਸਰਕਾਰਾਂ ਇਨ੍ਹਾਂ ਮੁੱਦਿਆਂ ਤੋਂ ਪਾਸਾ ਵੱਟ ਕੇ ਬੈਠ ਜਾਂਦੀਆਂ ਹਨ। ਸਿਆਸੀ ਧਿਰਾਂ ਜਿੰਨਾ ਜ਼ੋਰ ਇੱਕ ਦੂਜੇ ਨੂੰ ਨਿੰਦਣ ਅਤੇ ਧਾਰਮਿਕ ਕੱਟੜਤਾ ’ਤੇ ਲਾਉਂਦੀਆਂ ਹਨ, ਜੇਕਰ ਉਸੇ ਸ਼ਿੱਦਤ ਨਾਲ ਓਨਾ ਜ਼ੋਰ ਸਮਾਜਿਕ ਸਮੱਸਿਆਵਾਂ ਦੇ ਹੱਲ ’ਤੇ ਲਾਉਣ ਤਾਂ ਹਰ ਖੇਤਰ ਵਿੱਚ ਸੁਧਾਰ ਹੋ ਸਕਦਾ ਹੈ। 8 ਮਾਰਚ ਦੇ ਸੰਪਾਦਕੀ ‘ਜਥੇਦਾਰਾਂ ਦੀ ਛੁੱਟੀ’ ਵਿੱਚ ਸਮੁੱਚੇ ਘਟਨਾਕ੍ਰਮ ’ਤੇ ਚਾਨਣਾ ਪਾਇਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖਤ ਦਾ ਸਿਆਸਤ ’ਚ ਦਖ਼ਲ ਬਰਦਾਸ਼ਤ ਨਹੀਂ ਤਾਂ ਫਿਰ ਸਿਆਸਤ ਧਰਮ ਵਿੱਚ ਦਖ਼ਲ ਕਿਉਂ ਦਿੰਦੀ ਹੈ? ਸਾਰੇ ਤਖਤਾਂ ਦੇ ਜਥੇਦਾਰ ਸਰਬੱਤ ਖ਼ਾਲਸਾ ਬੁਲਾ ਕੇ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਲਾਏ ਜਾਣ। ਹਾਥੀ ’ਤੇ ਚੜ੍ਹਾ ਕੇ ਜਥੇਦਾਰ ਲਾਉਣਾ ਅਤੇ ਬੇਇੱਜ਼ਤ ਕਰਨ ਵਾਲੇ ਤਰੀਕੇ ਨਾਲ ਹਟਾਉਣ ਵਾਲੀ ਪਿਰਤ ਬੰਦ ਕਰਨਾ ਸਮੇਂ ਦੀ ਮੰਗ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਵਿਗਿਆਨਕ ਸੋਚ
11 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਅਰੁਣ ਮਿੱਤਰਾ ਦਾ ਲੇਖ ‘ਪ੍ਰਦੂਸ਼ਿਤ ਪਾਣੀ ਵਿੱਚ ਨਹਾਉਣਾ: ਵਿਗਿਆਨ ਬਨਾਮ ਵਿਸ਼ਵਾਸ’ ਪੜ੍ਹਿਆ। ਲੇਖਕ ਨੇ ਤਰਕਪੂਰਨ ਨਜ਼ਰੀਏ ਤੋਂ ਆਪਣੇ ਵਿਚਾਰ ਪ੍ਰਗਟ ਕੀਤੇ ਪਰ ਕੱਟੜ ਲੋਕਾਂ ਨੂੰ ਅਸਲੀਅਤ ਪਤਾ ਹੋਣ ਦੇ ਬਾਵਜੂਦ ਉਹ ਪਾਪ ਧੋਣ, ਪੁੰਨ ਖੱਟਣ, ਅਗਲਾ ਜਨਮ ਸੰਵਾਰਨ ਦਾ ਭਰਮ ਪਾਲਦੇ ਹਨ। ਅੰਧਵਿਸ਼ਵਾਸੀ ਸੋਚ, ਧਾਰਮਿਕ ਕੱਟੜਤਾ ਅਤੇ ਮਨਾਂ ਅੰਦਰ ਭਰੇ ਵਹਿਮ ਭਰਮ ਕਰ ਕੇ ਉਹ ਤਾਂ ਆਪਣੀਆਂ ਜਵਾਨ ਧੀਆਂ, ਮਾਸੂਮ ਬੱਚਿਆਂ ਅਤੇ ਖ਼ੁਦ ਨੂੰ ਕਿਸੇ ਵੀ ਸੰਕਟ ਵਿੱਚ ਝੋਕ ਸਕਦੇ ਹਨ, ਆਪਣਾ ਆਰਥਿਕ ਤੇ ਸਰੀਰਕ ਸ਼ੋਸ਼ਣ ਵੀ ਕਰਵਾ ਲੈਂਦੇ ਹਨ। ਅਜਿਹੇ ਲੋਕ ਇੱਕ ਪਾਸੇ ਤਾਂ ਵਿਗਿਆਨਕ ਖੋਜਾਂ ਤੇ ਸਹੂਲਤਾਂ ਦਾ ਫ਼ਾਇਦਾ ਉਠਾਉਂਦੇ ਹਨ, ਦੂਜੇ ਪਾਸੇ ਪਿਛਾਂਹਖਿੱਚੂ ਸੋਚ ਲਈ ਫਿਰਦੇ ਹਨ। ਲੋਕਾਂ ਅੰਦਰ ਵਿਗਿਆਨਕ ਸੂਝ ਪੈਦਾ ਕੀਤੇ ਬਿਨਾਂ ਸਮਾਜ ਨੂੰ ਅੱਗੇ ਨਹੀਂ ਤੋਰਿਆ ਜਾ ਸਕਦਾ। ਸਰਕਾਰ ਨੂੰ ਵੋਟ ਬੈਂਕ ਦੀ ਸੌੜੀ ਰਾਜਨੀਤੀ ਛੱਡ ਕੇ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਜਾਦੂ ਟੂਣਿਆਂ ਅਤੇ ਫ਼ਿਰਕੂ ਸੋਚ ਵਿਰੁੱਧ ਕਦਮ ਉਠਾਉਣੇ ਚਾਹੀਦੇ ਹਨ।
ਕ੍ਰਿਸ਼ਨ ਚੰਦ, ਈਮੇਲ
ਕਿਸਾਨੀ ਸੰਕਟ
7 ਮਾਰਚ ਦੇ ਸੰਪਾਦਕੀ ‘ਐੱਸਕੇਐੱਮ ਸਵਾਲਾਂ ਦੇ ਘਰੇ ’ਚ’ ਅਤੇ ਡਾ. ਮੋਹਨ ਸਿੰਘ ਦਾ ਲੇਖ ‘ਕਿਸਾਨਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਕਿਉਂ?’ ਵਿੱਚ ਕਿਸਾਨੀ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਹੁਣ ਸਰਕਾਰਾਂ ਦਾ ਜੋ ਵਿਹਾਰ ਸਾਹਮਣੇ ਆ ਰਿਹਾ ਹੈ, ਉਸ ਦੇ ਹਿਸਾਬ ਨਾਲ ਕਿਸਾਨ ਆਗੂਆਂ ਨੂੰ ਵੀ ਆਪਣੀ ਰਣਨੀਤੀ ਨਵੇਂ ਸਿਰਿਓਂ ਉਲੀਕਣੀ ਚਾਹੀਦੀ ਹੈ। ਖੇਤੀ ਸੰਕਟ ਦੇ ਹੱਲ ਲਈ ਹੁਣ ਕਿਸਾਨ ਜਥੇਬੰਦੀਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ।
ਮੇਜਰ ਸਿੰਘ, ਅੰਮ੍ਰਿਤਸਰ
ਸੰਕਟ ਅਤੇ ਸੰਵਾਦ
6 ਮਾਰਚ ਦਾ ਸੰਪਾਦਕੀ ‘ਸੰਵਾਦ ਹੀ ਸੰਕਟ ਦਾ ਹੱਲ’ ਪੰਜਾਬ ’ਚ ਡੂੰਘੇ ਹੋ ਰਹੇ ਸੰਕਟ ਦੀ ਹਕੀਕਤ ਬਿਆਨ ਕਰਦਾ ਹੈ। ਦੋਹਾਂ ਧਿਰਾਂ ਨੂੰ ਭਾਵੇਂ ਇਹ ਇਲਮ ਹੈ ਕਿ ਇਸ ਟਕਰਾਅ ਦਾ ਹੱਲ ਅੜ ਕੇ ਨਹੀਂ ਸਗੋਂ ਨਿਮ ਕੇ ਹੀ ਹੋਣਾ ਹੈ ਪਰ ਦੋਹਾਂ ਧਿਰਾਂ ਦੀ ਇੱਕ ਦੂਸਰੇ ’ਤੇ ਬੇ-ਭਰੋਸਗੀ ਨੇ ਇਹ ਤਾਣੀ ਉਲਝਾ ਦਿੱਤੀ ਹੈ। ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਸਾਡੀ ਖੇਤੀ ਆਧਾਰਿਤ ਆਰਥਿਕਤਾ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ, ਜਦੋਂ ਕਿਸਾਨੀ ਨੂੰ ਬਚਾਇਆ ਜਾਵੇ ਤੇ ਸਰਕਾਰ ਵੀ ਇਹ ਗੱਲ ਸਮਝਦੀ ਹੈ। ਅੱਜ ਦੀ ਜ਼ਰੂਰਤ ਹੈ ਕਿ ਪੰਜਾਬ ਦੀ ਭਲਾਈ ਲਈ ਮਨਾਂ ਦੇ ਰੋਸੇ ਤਿਆਗ ਕੇ ਵੱਡਾ ਦਿਲ ਦਿਖਾਇਆ ਜਾਵੇ ਤੇ ਮਸਲੇ ਦਾ ਹੱਲ ਕੱਢਣ ਨੂੰ ਤਰਜੀਹ ਦਿੱਤੀ ਜਾਵੇ। ਗੱਲਬਾਤ ਦਾ ਰਸਤਾ ਖੁੱਲ੍ਹਾ ਰੱਖਿਆ ਜਾਵੇ।
ਵਿਕਾਸ ਕਪਿਲਾ, ਖੰਨਾ
ਆਰਥਿਕ ਨਾ-ਬਰਾਬਰੀ
ਡਾ. ਸ ਸ ਛੀਨਾ ਨੇ ਆਪਣੇ ਲੇਖ ‘ਵਿਕਾਸ ਵੱਲ ਵਧ ਰਿਹਾ ਮੁਲਕ ਗ਼ਰੀਬ ਕਿਉਂ?’ (5 ਮਾਰਚ) ਵਿੱਚ ਭਾਰਤ ਅੰਦਰ ਵਧ ਰਹੀ ਆਰਥਿਕ ਨਾ-ਬਰਾਬਰੀ ਉੱਤੇ ਚਿੰਤਾ ਪ੍ਰਗਟਾਈ ਹੈ। ਮੁਲਕ ਵਿੱਚ ਆਰਥਿਕ ਨਾ-ਬਰਾਬਰੀ ਡੂੰਘੀ ਹੋ ਰਹੀ ਹੈ। ਇਹ ਫਰਕ ਵਿਕਸਤ ਪੂੰਜੀਵਾਦੀ ਦੇਸ਼ਾਂ ਵਿੱਚ ਮੁਕਾਬਲਤਨ ਘੱਟ ਹੈ, ਸ਼ਾਇਦ ਇਹ ਉੱਥੋਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਹੈ।
ਗੁਰਜੀਤ ਸਿੰਘ ਮਾਨ, ਮਾਨਸਾ
ਸਾਂਝ ਦੀ ਮਹਿਕ
5 ਮਾਰਚ ਦੇ ਨਜ਼ਰੀਆ ਪੰਨੇ ’ਤੇ ਬਲਵਿੰਦਰ ਸਿੰਘ ਭੰਗੂ ਦੇ ਮਿਡਲ ‘ਸਾਂਝ ਦੀ ਮਹਿਕ’ ਵਿੱਚ ਲਾਇਲਪੁਰ ਸ਼ਹਿਰ ਦਾ ਨਾਮ ਪਹਿਲਾਂ ਪੰਜਾਬ ਦੇ ਉਪ ਰਾਜਪਾਲ ਜੇਮਸ ਲਾਇਲ ਦੇ ਨਾਮ ’ਤੇ ਅਤੇ ਫਿਰ ਸ਼ਹਿਰ ਦਾ ਨਾਮ ਬਦਲ ਕੇ ਸਾਊਦੀ ਅਰਬ ਦੇ ਬਾਦਸ਼ਾਹ ਸ਼ਾਹ ਫੈਸਲ ਦੇ ਨਾਂ ’ਤੇ ਫੈਸਲਾਬਾਦ ਰੱਖਣ ਬਾਰੇ ਪੜ੍ਹਿਆ। ਬੜੀ ਦਿਲਚਸਪ ਜਾਣਕਾਰੀ ਹੈ। 24 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਜਯੋਤੀ ਮਲਹੋਤਰਾ ਨੇ ਆਪਣੇ ਲੇਖ ‘ਵਿਦੇਸ਼ੀ ਹੱਥ ਦੀ ਤੂਤੀ’ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਸਮੇਂ ਜ਼ਾਲਮਾਨਾ ਤਰੀਕੇ ਰਾਹੀਂ ਡਿਪੋਰਟ ਕੀਤੇ ਭਾਰਤੀਆਂ ਬਾਰੇ ਭੋਰਾ ਭਰ ਵੀ ਗੱਲ ਨਾ ਕਰਨਾ ਅਤੇ ਭਾਰਤੀ ਵਿਦੇਸ਼ ਮੰਤਰੀ ਤੇ ਹੋਰ ਮੰਤਰੀਆਂ ਦਾ ਚੁੱਪ ਰਹਿਣਾ ਸੱਚਮੁੱਚ ਮਾੜੀ ਗੱਲ ਹੈ ਜਦੋਂਕਿ ਅਹੁਦਾ ਸੰਭਾਲਣ ਤੋਂ ਪਹਿਲਾਂ ਚਰਚ ਗਏ ਟਰੰਪ ਨੂੰ ਬਿਸ਼ਪ ਮਰੀਅਮ ਐਡੀਗਰ ਨੇ ਇਹ ਕਹਿੰਦਿਆਂ ਕਿ ‘ਅਸੀਂ ਅਮਰੀਕਨ ਵੀ ਤਾਂ ਕਿਸੇ ਸਮੇਂ ਬਾਹਰੋਂ ਆਏ ਸਾਂ’, ਅਜਿਹੀ ਹਰਕਤ ਕਰਨ ਤੋਂ ਵਰਜਿਆ ਸੀ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਬੁਲਡੋਜ਼ਰ ਚਲਾਉਣ ਦੀ ਲੋੜ ਨਹੀਂ
ਨਸ਼ਾ ਤਸ਼ਕਰਾਂ ਦੀਆਂ ਇਮਾਰਤਾਂ ਢਾਹੇ ਜਾਣ ਬਾਰੇ ਖ਼ਬਰਾਂ ਛਪ ਰਹੀਆਂ ਹਨ ਪਰ ਅਜਿਹੇ ਘਰਾਂ ਨੂੰ ਮਲਬੇ ਦੇ ਢੇਰ ਵਿੱਚ ਬਦਲਣ ਦੀ ਥਾਂ ਇਸ ਨੂੰ ਕਿਸੇ ਲੋਕ ਹਿੱਤ ਵਿੱਚ ਵਰਤਣਾ ਚਾਹੀਦਾ ਹੈ। ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਵਾਂਗ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਲੋੜ ਨਹੀਂ ਸਗੋਂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸ਼ਕਰਾਂ ਦੀਆਂ ਜਾਇਦਾਦਾਂ ’ਤੇ ਆਂਗਨਵਾੜੀ ਸੈਂਟਰ, ਸਰਕਾਰੀ ਕਰੈੱਚ, ਕਲੀਨਿਕ, ਮੁਫ਼ਤ ਰਾਸ਼ਨ ਡਿਪੂ, ਜਿੰਮ, ਕਮਿਊਨਿਟੀ ਸੈਂਟਰ ਆਦਿ ਖੋਲ੍ਹਣੇ ਜ਼ਿਆਦਾ ਠੀਕ ਰਹਿਣਗੇ।
ਸੋਹਣ ਲਾਲ ਗੁਪਤਾ, ਪਟਿਆਲਾ