ਪਾਠਕਾਂ ਦੇ ਖ਼ਤ
ਸਕੂਲ ਸਿੱਖਿਆ
4 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਵਿਕਰਮ ਦੇਵ ਸਿੰਘ ਦਾ ਲੇਖ ‘ਪੰਜਾਬ ਦੀ ਸਕੂਲੀ ਸਿੱਖਿਆ ਦਾ ਸੰਕਟ’ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ ਕਿਉਂਕਿ ਸਕੂਲੀ ਸਿੱਖਿਆ ਰਾਹੀਂ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਜਿਸ ਸਮਾਜ ਦੇ ਵਿਦਿਆਰਥੀ ਮੁੱਢਲੀ ਸਿੱਖਿਆ ਨੂੰ ਵਧੀਆ ਢੰਗ ਨਾਲ ਪ੍ਰਾਪਤ ਕਰਦੇ ਹਨ, ਉਹੀ ਦੇਸ਼ ਦੇ ਚੰਗੇ ਨਾਗਰਿਕ ਬਣਦੇ ਹਨ ਪਰ ਅਫਸੋਸ ਕਿ ਸਰਕਾਰਾਂ ਸਕੂਲੀ ਸਿੱਖਿਆ ਵੱਲ ਓਨਾ ਧਿਆਨ ਨਹੀਂ ਦੇ ਰਹੀਆਂ ਜਿੰਨਾ ਦੇਣ ਦੀ ਲੋੜ ਹੈ। ਸਕੂਲਾਂ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਵਿੱਚ ਵੱਡਾ ਅੰਤਰ ਹੈ। ਕੁਝ ਸਕੂਲ ਤਾਂ ਮਹਿਜ਼ ਇੱਕ ਜਾਂ ਦੋ ਅਧਿਆਪਕਾਂ ਨਾਲ ਹੀ ਚੱਲ ਰਹੇ ਹਨ। ਸਰਕਾਰੀ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਜਿਵੇਂ ਚੋਣ ਡਿਊਟੀਆਂ, ਆਰਥਿਕ ਸਰਵੇਖਣ ਤੇ ਹੋਰ ਸਰਕਾਰੀ ਸਰਵੇਖਣਾਂ ਵਿੱਚ ਲਗਾ ਦਿੱਤਾ ਜਾਂਦਾ ਹੈ ਜਿਸ ਨਾਲ ਵੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਸਰਕਾਰ ਜੇਕਰ ਸਕੂਲੀ ਸਿੱਖਿਆ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਸਿੱਖਿਆ ਸ਼ਾਸਤਰੀ ਅਤੇ ਮਾਹਿਰ ਅਧਿਆਪਕਾਂ ਤੇ ਵਿਦਵਾਨਾਂ ਤੋਂ ਸਲਾਹ ਲੈ ਕੇ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
(2)
4 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਵਿਕਰਮ ਦੇਵ ਸਿੰਘ ਦਾ ਲੇਖ ‘ਪੰਜਾਬ ਦੀ ਸਕੂਲੀ ਸਿੱਖਿਆ ਦਾ ਸੰਕਟ’ ਪੜ੍ਹਿਆ। ਲੇਖ ਵਿੱਚ ਪੰਜਾਬ ਦੀ ਸਿੱਖਿਆ ਵਿੱਚ ਆ ਰਹੇ ਨਿਘਾਰ ਬਾਰੇ ਫ਼ਿਕਰਮੰਦੀ ਹੈ। ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਦਾ ਸੁਖਾਵਾਂ, ਸੁਰੱਖਿਅਤ ਮਾਹੌਲ ਅਤੇ ਸਿੱਖਣ ਲਈ ਸ਼ਾਨਦਾਰ ਮੌਕੇ ਮੁਹੱਈਆ ਕਰਵਾਉਣ ਦੇ ਸਰਕਾਰ ਦੇ ਵਾਅਦੇ ਦਿਨੋ-ਦਿਨ ਖੋਖ਼ਲੇ ਹੋ ਰਹੇ ਹਨ। ਸਿਰਫ਼ ਸਕੂਲਾਂ ਦੇ ਨਾਮ ਬਦਲਣ ਜਾਂ ਕਾਗਜ਼ਾਂ ਵਿੱਚ ਸਿੱਖਿਆ ਨੀਤੀ ਘੜਨ ਨਾਲ ਸਿੱਖਿਆ ਦੀ ਦਸ਼ਾ ਅਤੇ ਦਿਸ਼ਾ ਨਹੀਂ ਬਦਲੇਗੀ। ਬਹੁਤੇ ਸਕੂਲਾਂ ਦੀ ਹਾਲਤ ਅੱਜ ਵੀ ਅਜਿਹੀ ਹੈ ਕਿ ਇੱਕ ਅਧਿਆਪਕ ਦੋ-ਦੋ ਜਮਾਤਾਂ ਨੂੰ ਇੱਕ ਕਮਰੇ ਵਿੱਚ ਪੜ੍ਹਾ ਰਿਹਾ ਹੈ। ਪ੍ਰਾਇਮਰੀ ਪੱਧਰ ’ਤੇ ਬੱਚਿਆਂ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਸਾਰੇ ਬੱਚੇ ਆਪਣੀ ਜਮਾਤ ਦੇ ਪੱਧਰ ਅਨੁਸਾਰ ਸਿੱਖ ਨਹੀਂ ਰਹੇ ਹਨ ਪਰ ਸਰਕਾਰ ਨੇ ਇਸ ਸਬੰਧੀ ਕੋਈ ਖ਼ਾਸ ਉਪਰਾਲੇ ਨਹੀਂ ਕੀਤੇ। ਜੇਕਰ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਹੈ ਤਾਂ ਸੂਬੇ ਦੀ ਸਰਕਾਰ ਨੂੰ ਸਿੱਖਿਆ ਸੁਧਾਰਾਂ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਸੁਰੱਖਿਆ ਤੰਤਰ ’ਤੇ ਚੋਟ
4 ਮਾਰਚ ਨੂੰ ਰੂਪ ਲਾਲ ਰੂਪ ਦਾ ਮਿਡਲ ‘ਸਫ਼ਰ’ ਪੜ੍ਹਿਆ। ਲੇਖਕ ਨੇ ਸਫ਼ਰ ਦਾ ਜੋ ਬਿਰਤਾਂਤ ਪੇਸ਼ ਕੀਤਾ ਹੈ, ਉਹ ਮੌਜੂਦਾ ਸਿਆਸਤਦਾਨਾਂ ਦੇ ਸੁਰੱਖਿਆ ਤੰਤਰ ’ਤੇ ਤਿੱਖੀ ਚੋਟ ਮਾਰਦਾ ਹੈ। ਹੁਣ ਤਾਂ ਸੁਰੱਖਿਆ ਮੁਲਾਜ਼ਮ ਆਮ ਲੋਕਾਂ ਨੂੰ ਐੱਮਐੱਲਏ ਦੇ ਨੇੜੇ ਵੀ ਨਹੀਂ ਲੱਗਣ ਦਿੰਦੇ। ਸਮੇਂ ਨਾਲ ਲੋਕ ਨੁਮਾਇੰਦਿਆਂ ਨੂੰ ਵਿਕਸਿਤ ਦੇਸ਼ਾਂ ਦੇ ਸਿਆਸਤਦਾਨਾਂ ਵਾਂਗ ਆਮ ਜਨਤਾ ਦੇ ਵਧੇਰੇ ਨੇੜੇ ਹੋ ਕੇ ਵਿਚਰਨਾ ਚਾਹੀਦਾ ਸੀ ਜਦੋਂਕਿ ਹੋ ਉਲਟ ਰਿਹਾ ਹੈ। ਇਸ ਰਚਨਾ ਵਿਚਲੇ ਐੱਮਐੱਲਏ ਕਾਮਰੇਡ ਕੁਲਵੰਤ ਸਿੰਘ ਵਰਗੀ ਮਿਸਾਲ ਮਰਹੂਮ ਐੱਮਐੱਲਏ ਕਾਮਰੇਡ ਬੂਟਾ ਸਿੰਘ (ਮਾਨਸਾ) ਦੀ ਵੀ ਹੈ ਜਿਨ੍ਹਾਂ ਨੂੰ ਸਾਈਕਲ ਵਾਲਾ ਐੱਮਐੱਲਏ ਵੀ ਕਿਹਾ ਜਾਂਦਾ ਰਿਹਾ ਹੈ।
ਵਿਸ਼ਵਦੀਪ ਬਰਾੜ, ਮਾਨਸਾ
(2)
4 ਮਾਰਚ ਨੂੰ ਰੂਪ ਲਾਲ ਰੂਪ ਦਾ ਮਿਡਲ ‘ਸਫ਼ਰ’ ਪੜ੍ਹ ਕੇ ਜਾਣਕਾਰੀ ਵਿੱਚ ਵਾਧਾ ਹੋਇਆ ਕਿ ਦਫ਼ਤਰਾਂ ਵਿੱਚ ਪੰਜ ਦਿਨਾਂ ਦਾ ਹਫ਼ਤਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਸ਼ੁਰੂ ਕੀਤਾ ਸੀ। ਰਚਨਾ ਵਿੱਚ ਅੱਜ ਦੇ ਐੱਮਐੱਲਏ ਅਤੇ ਉਸ ਵਕਤ ਦੇ ਐੱਮਐੱਲਏ ਵਿਚਕਾਰ ਫ਼ਰਕ ਸਾਫ਼ ਦਿਸਦਾ ਹੈ। ਇਸੇ ਦਿਨ ਵਿਕਰਮ ਦੇਵ ਸਿੰਘ ਦਾ ਲੇਖ ‘ਪੰਜਾਬ ਦੀ ਸਕੂਲੀ ਸਿੱਖਿਆ ਦਾ ਸੰਕਟ’ ਇਸ ਸੰਕਟ ਦੇ ਕਾਰਨਾਂ ’ਤੇ ਰੌਸ਼ਨੀ ਪਾਉਂਦਾ ਹੈ। ਸਾਰੇ ਕਾਰਨਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਘਟਦੀ ਦਿਲਚਸਪੀ, ਮਾਪਿਆਂ ਦਾ ਅਧਿਆਪਕਾਂ ਨੂੰ ਸਜ਼ਾ ਦੇਣ ’ਤੇ ਇਤਰਾਜ਼ ਆਦਿ ਵੀ ਹਨ। ਜੇਕਰ ਸੱਚਮੁੱਚ ਤੰਤਰ ਵਿੱਚ ਸੁਧਾਰ ਕਰਨਾ ਹੈ ਤਾਂ ਸੱਚੇ ਮਨੋ ਸਮਰਪਿਤ ਹੋ ਕੇ ਹੀ ਕੀਤਾ ਜਾ ਸਕਦਾ ਹੈ ਨਾ ਕਿ ਵੋਟ ਬੈਂਕ ਨਾਲ ਜੋੜ ਕੇ।
ਪੂਨਮ ਬਿਲਿੰਗ, ਈਮੇਲ
ਯੁੱਧ ਦਾ ਸੰਤਾਪ
3 ਮਾਰਚ ਦਾ ਸੰਪਾਦਕੀ ‘ਜ਼ੇਲੈਂਸਕੀ ਤੇ ਟਰੰਪ’ ਪੜ੍ਹਿਆ। ਟਰੰਪ ਯੂਕਰੇਨ ਯੁੱਧ ਲਈ ਪੂਤਿਨ ਨੂੰ ਜ਼ਿੰਮੇਵਾਰ ਨਹੀਂ ਮੰਨ ਰਿਹਾ। ਜ਼ੇਲੈਂਸਕੀ ਨੇ ਇਸ ਕਦਰ ਵਿਹਾਰ ਕੀਤਾ ਜਿਵੇਂ ਉਹ ਟਰੰਪ ਦਾ ਬੌਸ ਹੋਵੇ। ਯੂਰੋਪੀਅਨ ਦੇਸ਼ਾਂ ਵਿੱਚ ਬਰਤਾਨੀਆ ਅਤੇ ਫਰਾਂਸ ਭਾਰੂ ਹਨ, ਜੇਲੈਂਸਕੀ ਨੂੰ ਰੂਸ ਵਿਰੁੱਧ ਲੜਨ ਲਈ ਆਪਣੇ ਮੋਹਰੇ ਵਜੋਂ ਵਰਤ ਰਹੇ ਹਨ। ਅਮਲੀ ਪੱਖ ਤੋਂ ਜ਼ੇਲੈਂਸਕੀ ਯੂਕਰੇਨ ਪੱਖੀ ਸਿੱਧ ਨਹੀਂ ਹੋ ਸਕਿਆ। ਲੱਖਾਂ ਲੋਕ ਉਸ ਨੇ ਸ਼ਰਨਾਰਥੀ ਬਣਾ ਦਿੱਤੇ ਹਨ ਜਿਹੜੇ ਗੁਆਂਢੀ ਮੁਲਕਾਂ ਵਿੱਚ ਦਿਨ-ਕਟੀ ਕਰ ਰਹੇ ਹਨ। ਤਿੰਨ ਸਾਲ ਤੋਂ ਯੂਕਰੇਨ ਦੇ ਲੋਕ ਯੁੱਧ ਦਾ ਸੰਤਾਪ ਹੰਢਾ ਰਹੇ ਹਨ। ਸਾਰੇ ਜਾਣਦੇ ਹਨ ਕਿ ਦੂਰ ਦੇ ਰਿਸ਼ਤੇਦਾਰ ਨਾਲੋਂ ਗੁਆਂਢੀ ਸਭ ਤੋਂ ਵੱਧ ਅਹਿਮ ਹੁੰਦਾ ਹੈ; ਜੇਲੈਂਸਕੀ ਨੇ ਆਪਣੇ ਗੁਆਂਢੀ ਨੂੰ ਛੱਡ ਕੇ ਆਪਣੇ ਦੇਸ਼ ਦੇ ਹਿੱਤ ਨਾਟੋ ਦਾ ਮੈਂਬਰ ਬਣਨ ਲਈ ਕੁਰਬਾਨ ਕੀਤੇ ਹਨ ਜਿਸ ਦਾ ਖਮਿਆਜ਼ਾ ਅੱਜ ਯੂਕਰੇਨ ਵਰਗੇ ਖੁਸ਼ਹਾਲ ਦੇਸ਼ ਦੇ ਲੋਕ ਭੁਗਤਣ ਲਈ ਮਜਬੂਰ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਵਿਆਹ ਜਾਂ ਦਿਖਾਵਾ?
ਪਹਿਲੀ ਮਾਰਚ ਨੂੰ ਸਤਰੰਗ ਦੇ ਇੰਟਰਨੈੱਟ ਸਫ਼ੇ ਉੱਤੇ ਮਲਕੀਤ ਸਿੰਘ ਮਲਕਪੁਰ ਦਾ ਲੇਖ ‘ਵਿਆਹਾਂ ਦੇ ਬਦਲਦੇ ਰੰਗ’ ਪੜ੍ਹਿਆ। ਇਸ ਲੇਖ ਵਿੱਚ ਵਿਆਹਾਂ ’ਚ ਹੋਈ ਤਬਦੀਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਪੁਰਾਣੇ ਵੇਲਿਆਂ ’ਚ ਲੋਕਾਂ ਨੂੰ ਵਿਆਹ ਦਾ ਬਹੁਤ ਚਾਅ ਹੁੰਦਾ ਸੀ। ਪਹਿਲਾਂ ਲੋਕ ਮਠਿਆਈ ਜਿਵੇਂ ਲੱਡੂ, ਬਰਫ਼ੀ, ਖੋਏ ਦੇ ਪੇੜੇ, ਜਲੇਬੀ, ਅਮਰਤੀਆਂ ਆਦਿ ਸੱਤ ਪਕਵਾਨੀ ਬਣਾਉਂਦੇ ਸਨ; ਉਦੋਂ ਨਾ ਹੀ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਰਗੀ ਕੋਈ ਬਿਮਾਰੀ ਹੁੰਦੀ ਸੀ, ਨਾ ਕੁਝ ਹੋਰ। ਅੱਜ ਕੱਲ੍ਹ ਤਾਂ ਵਿਆਹਾਂ ਵਿੱਚ ਨਿਰੀ ਫਜ਼ੂਲ ਖਰਚੀ ਹੁੰਦੀ ਹੈ। ਖਾਣ ਪੀਣ ਤੋਂ ਲੈ ਕੇ ਨੱਚਣ ਟੱਪਣ, ਮੈਰਿਜ ਪੈਲਸਾਂ ਤੋਂ ਫੋਟੋਗਰਾਫ਼ੀ ਦੇ ਖਰਚੇ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਲੇਖਕ ਮੁਤਾਬਿਕ, ਆਮ ਬੰਦਾ ਵੀ ਮਹਿੰਗੇ ਵਿਆਹਾਂ ਦੇ ਚੱਕਰ ਵਿੱਚ ਫਸਿਆ ਹੋਇਆ ਹੈ ਤੇ ਕਰਜ਼ੇ ਹੇਠ ਆ ਰਿਹਾ ਹੈ। ਸਾਨੂੰ ਸਭ ਨੂੰ ਪੁਰਾਣੀਆਂ ਰਸਮਾਂ ਤੇ ਰੀਤੀ-ਰਿਵਾਜ਼ ਨਾਲ ਵਿਆਹ ਕਰਨਾ ਚਾਹੀਦਾ ਹੈ ਤੇ ਦਿਖਾਵੇ ਤੋਂ ਦੂਰ ਰਹਿਣਾ ਚਾਹੀਦਾ ਹੈ। ਸਰਕਾਰ ਨੂੰ ਵੀ ਵਿਆਹਾਂ ਲਈ ਨਿਯਮ ਤੈਅ ਕਰਨੇ ਚਾਹੀਦੇ ਹਨ।
ਗੁਰਿੰਦਰਪਾਲ ਸਿੰਘ, ਰਾਜਪੁਰਾ
ਪਰਵਾਸ ਬਨਾਮ ਸਸਤੀ ਕਿਰਤ
ਪਹਿਲੀ ਮਾਰਚ ਦੇ ਨਜ਼ਰੀਆ ਪੰਨੇ ’ਤੇ ਕ੍ਰਿਸਟੀਨ ਮੌਲੀਨਰ ਦਾ ਲੇਖ ‘ਕੰਧਾਂ, ਬੇੜੀਆਂ ਤੇ ਸਸਤੀ ਕਿਰਤ’ ਪੜ੍ਹਿਆ। ਲੇਖਕਾ ਪਰਵਾਸ ਦੇ ਕੁਦਰਤੀ ਹੋਣ ਅਤੇ ਸਾਮਰਾਜੀਆਂ ਵੱਲੋਂ ਸਸਤੀ ਕਿਰਤ ਦਾ ਲਾਹਾ ਲੈਣ ਨੂੰ ਪਰਵਾਸ ਦਾ ਮੁੱਖ ਕਾਰਨ ਦੱਸਦੀ ਹੈ। ਕਿਸੇ ਨੂੰ ਕੁਝ ਗ਼ਲਤ ਨਹੀਂ ਜਾਪਦਾ ਪਰ ਚੀਸ ਉਦੋਂ ਪੈਣੀ ਸ਼ੁਰੂ ਹੁੰਦੀ ਹੈ ਜਦੋਂ ਸਾਡਾ ਧਾਰਮਿਕ ਦੇਸ਼ ਵੀ ਸਾਮਰਾਜੀ ਤਾਕਤਾਂ ਨਾਲ ਮਿਲ ਕੇ ਕਿਰਤ ਦੀ ਲੁੱਟ ਹੋ ਲੈਣ ਦਿੰਦਾ ਹੈ। ਫਿਰ ਲੱਗਣ ਲਗਦਾ ਹੈ ਕਿ ਧਰਮ ਵੀ ਇਸ ਵਰਤਾਰੇ ਵਿੱਚ ਸ਼ਾਮਿਲ ਹੈ। ਇਹ ਧਾਰਨਾ ਉਸ ਵੇਲੇ ਪੱਕੀ ਹੋ ਜਾਂਦੀ ਹੈ ਜਦੋਂ ਅਸੀਂ ਦੇਸ਼ ਵਿੱਚ ਧਰਮ ਦੇ ਨਾਂ ’ਤੇ ਕਮਜ਼ੋਰ ਵਰਗਾਂ ਦੀ ਸਦੀਆਂ ਤੋਂ ਹੋ ਰਹੀ ਲੁੱਟ ਮਹਿਸੂਸ ਕਰਦੇ ਹਾਂ। ਲੇਖਕ ਵੱਲੋਂ ਹਾਕਮ ਜਮਾਤ ਅਤੇ ਸਮਾਜ ਨੂੰ ਪਰਵਾਸ ਪ੍ਰਤੀ ਮਾਨਵੀ ਨਜ਼ਰੀਆ ਅਪਣਾਉਣ ਦੀ ਸਲਾਹ ਧਿਆਨ ਦੀ ਮੰਗ ਕਰਦੀ ਹੈ। ਕਿਸੇ ਵੀ ਮਜਬੂਰੀ ਨੂੰ ਅਪਰਾਧਿਕ ਰੰਗ ਦੇਣਾ ਅਮਾਨਵੀ ਹੈ।
ਜਗਰੂਪ ਸਿੰਘ, ਉਭਾਵਾਲ (ਲੁਧਿਆਣਾ)