ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰੀਖਿਆਵਾਂ ’ਚ ਨਹੀਂ ਬੈਠ ਸਕਣਗੇ ਡੰਮੀ ਸਕੂਲਾਂ ਦੇ ਵਿਦਿਆਰਥੀ: ਸੀਬੀਐੱਸਈ

06:17 AM Mar 28, 2025 IST
featuredImage featuredImage

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਮਾਰਚ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਡੰਮੀ ਸਕੂਲਾਂ ਤੇ ਉਨ੍ਹਾਂ ’ਚ ਪੜ੍ਹਦੇ ਵਿਦਿਆਰਥੀਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਬੋਰਡ ਨੇ ਅੱਜ ਐਲਾਨ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਰੋਜ਼ਾਨਾ ਸਕੂਲ ਨਹੀਂ ਜਾਂਦੇ ਤੇ ਉਨ੍ਹਾਂ ਨੇ ਡੰਮੀ ਸਕੂਲਾਂ ਵਿੱਚ ਦਾਖਲੇ ਲਏ ਹੋਏ ਹਨ, ਉਨ੍ਹਾਂ ਨੂੰ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ’ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੀਬੀਐੱਸਈ ਨੇ ਅੱਜ ਐਕਸ ’ਤੇ ਜਾਰੀ ਸਰਕੁਲਰ ’ਚ ਸਕੂਲਾਂ ਨੂੰ ਕਿਹਾ ਹੈ ਕਿ ਇਨ੍ਹਾਂ ਡੰਮੀ ਸਕੂਲਾਂ ’ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਜ਼ਿੰਮੇਵਾਰ ਮਾਪੇ ਹੋਣਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਤੇ ਪੰਜਾਬ ਸਣੇ ਦੇਸ਼ ਭਰ ਦੇ ਸਕੂਲਾਂ ’ਚ ਡੰਮੀ ਸਕੂਲਾਂ ਵੱਲੋਂ ਮੋਟੇ ਪੈਸੇ ਵਸੂਲ ਕੇ ਵਿਦਿਆਰਥੀ ਦਾਖਲ ਕੀਤੇ ਜਾਂਦੇ ਹਨ। ਇਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦਾ ਸਕੂਲ ਜਾਣਾ ਜ਼ਰੂਰੀ ਨਹੀਂ ਹੁੰਦਾ ਤੇ ਕਥਿਤ ਫਰਜ਼ੀ ਤੌਰ ’ਤੇ 75 ਫ਼ੀਸਦ ਤੋਂ ਵੱਧ ਹਾਜ਼ਰੀ ਦਿਖਾ ਕੇ ਉਨ੍ਹਾਂ ਦੇ ਦਾਖਲੇ ਬੋਰਡ ਨੂੰ ਭੇਜੇ ਜਾਂਦੇ ਹਨ। ਸਰਕੁਲਰ ’ਚ ਇਹ ਵੀ ਕਿਹਾ ਗਿਆ ਹੈ ਕਿ ਸੀਬੀਐੱਸਈ ਵੱਲੋਂ ਡੰਮੀ ਸਕੂਲਾਂ ਦੇ ਵਿਦਿਆਰਥੀਆਂ ਲਈ ਉਪ-ਨਿਯਮਾਂ ’ਚ ਸੋਧ ਵੀ ਕੀਤੀ ਜਾਵੇਗੀ ਤਾਂ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ’ਚ ਬੈਠਣ ਤੋਂ ਰੋਕਿਆ ਜਾ ਸਕੇ। ਇਸ ਹਾਲਤ ’ਚ ਇਨ੍ਹਾਂ ਵਿਦਿਆਰਥੀਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ (ਐਨਆਈਓਐੱਸ) ਦੀ ਪ੍ਰੀਖਿਆ ਦੇਣੀ ਪਵੇਗੀ। ਇਸ ਦੌਰਾਨ ਸੀਬੀਐੱਸਈ ਮੁਹਾਲੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਡੰਮੀ ਸਕੂਲਾਂ ’ਚ ਦਾਖਲੇ ਰੋਕਣ ਲਈ ਬੋਰਡ ਵਲੋਂ ਸਕੂਲਾਂ ਦੀ ਜਾਂਚ ਕੀਤੀ ਜਾਵੇਗੀ ਤੇ ਜੇ ਕੋਈ ਵਿਦਿਆਰਥੀ ਗ਼ੈਰਹਾਜ਼ਰ ਹੋਇਆ ਤੇ ਸਕੂਲ ਰਜਿਸਟਰ ’ਚ ਹਾਜ਼ਰੀ ਮਿਲੀ ਤਾਂ ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ।

Advertisement

ਬੋਰਡ ਦੀਆਂ ਹਦਾਇਤਾਂ ਅਨੁਸਾਰ ਜਾਂਚ ਕਰੇਗਾ ਯੂਟੀ ਦਾ ਸਿੱਖਿਆ ਵਿਭਾਗ

ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸੀਬੀਐੱਸਈ ਦੀਆਂ ਹਦਾਇਤਾਂ ਅਨੁਸਾਰ ਯੂਟੀ ਦੇ ਨਿੱਜੀ ਸਕੂਲਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੰਮੀ ਸਕੂਲਾਂ ’ਚ ਦਾਖਲੇ ਰੋਕਣ ਲਈ ਕਮੇਟੀਆਂ ਬਣਾ ਕੇ ਜ਼ੋਨ ਵਾਈਜ਼ ਸਕੂਲਾਂ ਦਾ ਨਿਰੀਖਣ ਕੀਤਾ ਜਾਵੇਗਾ। ਦੂਜੇ ਪਾਸੇ ਕਈ ਮਾਪਿਆਂ ਨੇ ਕਿਹਾ ਕਿ ਅਜੋਕੇ ਮੁਕਾਬਲੇਬਾਜ਼ੀ ਦੇ ਦੌਰ ’ਚ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਸਮਾਂ ਚਾਹੀਦਾ ਹੈ, ਜਿਸ ਕਰਕੇ ਬੋਰਡ ਨੂੰ ਡੰਮੀ ਸਕੂਲਾਂ ਬਾਰੇ ਨੇਮਾਂ ਪ੍ਰਤੀ ਨਜ਼ਰਸਾਨੀ ਕਰਨੀ ਚਾਹੀਦੀ ਹੈ।

Advertisement
Advertisement