ਸਿੱਧੂ ਭਰਾਵਾਂ ਨੂੰ ਝੂਠ ਬੋਲਣ ਤੋਂ ਬਿਨਾਂ ਕੋਈ ਕੰਮ ਨਹੀਂ: ਕੁਲਵੰਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 31 ਮਾਰਚ
ਮੁਹਾਲੀ ਸ਼ਹਿਰ ਅਤੇ ਆਸ-ਪਾਸ ਪਿੰਡਾਂ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵੱਲੋਂ ਵੱਖ-ਵੱਖ ਥਾਵਾਂ ’ਤੇ ਸਮਾਗਮ ਕੀਤੇ ਗਏ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਨੂਰਾਨੀ ਮਸਜਿਦ ਮੁਸਲਿਮ ਵੈੱਲਫੇਅਰ ਕਮੇਟੀ ਮਟੌਰ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਹੋਰਨਾਂ ਕਈ ਸਮਾਗਮਾਂ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਭਰਾ ਤੇ ਮੇਅਰ ਜੀਤੀ ਸਿੱਧੂ ਕੋਲ ਝੂਠ ਬੋਲਣ ਅਤੇ ਤੋਹਮਤਬਾਜ਼ੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਨਹੀਂ ਹੈ। ਸਿੱਧੂ ਤਿੰਨ ਵਾਰ ਲਗਾਤਾਰ ਚੋਣ ਜਿੱਤੇ ਅਤੇ ਕਾਂਗਰਸ ਵਜ਼ਾਰਤ ਸਮੇਂ ਕੈਬਨਿਟ ਮੰਤਰੀ ਵੀ ਰਹੇ ਪ੍ਰੰਤੂ ਉਨ੍ਹਾਂ ਨੇ ਮੁਹਾਲੀ ਦੇ ਵਿਕਾਸ ਦੀ ਥਾਂ ਸਿਰਫ਼ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ। ਕਾਂਗਰਸ ਸਮੇਂ ਇੱਕ ਵੀ ਪ੍ਰਾਜੈਕਟ ਸਿਰੇ ਨਹੀਂ ਚੜ੍ਹਿਆ, ਸਿਰਫ਼ ਨੀਂਹ ਪੱਥਰ ਰੱਖ ਕੇ ਫੋਕੀ ਵਾਹਾਵਾਹੀ ਹੀ ਖੱਟੀ ਗਈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਅਤੇ ਪਿੰਡ ਵਾਸੀਆਂ ਦੀ ਮੰਗ ’ਤੇ ਮਟੌਰ ਵਿੱਚ ਧਰਮਸ਼ਾਲਾ ਦੀ ਉਸਾਰੀ ਦਾ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਕਬਰਿਸਤਾਨ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾਣਗੇ।
ਇਸੇ ਤਰ੍ਹਾਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਆਗੂ ਸੰਜੀਵ ਵਸ਼ਿਸ਼ਟ ਸਮੇਤ ਹੋਰਨਾਂ ਸਿਆਸੀ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਈਦ-ਉਲ-ਫਿਤਰ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਗਲੇ ਮਿਲ ਕੇ ਉਨ੍ਹਾਂ ਨੂੰ ਈਦ ਦੀ ਵਧਾਈ ਦਿੱਤੀ।