ਖੇਡ ਸੱਭਿਆਚਾਰ ਦਾ ਵਿਕਸਿਤ ਹੋਣਾ ਚੰਗਾ ਸੰਕੇਤ: ਕੁਲਵੰਤ ਸਿੰਘ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 3 ਅਪਰੈਲ
ਪਿੰਡ ਬੈਰੋਂਪੁਰ-ਭਾਗੋਮਾਜਰਾ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਵਾਲੀਬਾਲ ਸ਼ੂਟਿੰਗ ਮੁਕਾਬਲਾ ਅਤੇ ਪਹਿਲਾ ਕੁਸ਼ਤੀ ਦੰਗਲ ਕੀਤਾ ਗਿਆ। ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਕਰਾਏ ਗਏ ਇਸ ਟੂਰਨਾਮੈਂਟ ਵਿਚ ਜੇਤੂਆਂ ਨੂੰ ਅੱਠ ਲੱਖ ਦੇ ਨਕਦ ਇਨਾਮ ਦਿੱਤੇ ਗਏ। ਆਮ ਨਾਲੋਂ ਉਲਟ ਗੱਦਿਆਂ ਉੱਤੇ ਕਰਾਏ ਗਏ ਕੁਸ਼ਤੀ ਮੁਕਾਬਲਿਆਂ ਦਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਆਨੰਦ ਮਾਣਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁਹਾਲੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਖੇਡ ਨੀਤੀ ਬਣਨ ਨਾਲ ਰਾਜ ਵਿਚ ਖੇਡ ਸੱਭਿਆਚਾਰ ਵਿਕਸਿਤ ਹੋ ਰਿਹਾ ਹੈ, ਇਸ ਕਾਰਨ ਨੌਜਵਾਨ ਨਸ਼ਿਆਂ ਵੱਲ ਨਹੀਂ ਜਾਣਗੇ। ਉਨ੍ਹਾਂ ਕਲੱਬ ਨੂੰ 50 ਹਜ਼ਾਰ ਦੇਣ ਦਾ ਐਲਾਨ ਵੀ ਕੀਤਾ।
ਟੂਰਨਾਮੈਂਟ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਕਾਂਗਰਸ ਦੇ ਪੰਚਾਇਤੀ ਰਾਜ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲਖਨੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਜੰਟ ਸਿੰਘ ਸਰਪੰਚ ਭਾਗੋ ਮਾਜਰਾ, ਜਥੇਦਾਰ ਬਲਵੀਰ ਸਿੰਘ ਸਰਪੰਚ ਬੈਰੋਪੁਰ, ਅਵਤਾਰ ਸਿੰਘ ਟਿਵਾਣਾ, ਰੇਸ਼ਮ ਸਿੰਘ ਸਾਬਕਾ ਸਰਪੰਚ, ਮੁੱਖ ਪ੍ਰਬੰਧਕ ਰਾਜਨ ਨੇ ਸਨਮਾਨ ਕੀਤਾ।